ਮੱਖੂ, 17 ਅਕਤੂਬਰ (ਵਰਿੰਦਰ ਮਨਚੰਦਾ)-ਦੀਵਾਲੀ, ਗੁਰਪੁਰਬ, ਕ੍ਰਿਸਮਸ 'ਤੇ ਨਵੇਂ ਸਾਲ ਮੌਕੇ ਮੱਖੂ ਸ਼ਹਿਰ ਅੰਦਰ ਐਤਕੀਂ ਬਗ਼ੈਰ ਆਰਜ਼ੀ ਲਾਇਸੰਸ ਤੋਂ ਪਟਾਕੇ ਵਿਕਣਗੇ, ਕਿਉਂਕਿ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਪਟਾਕੇ ਵੇਚਣ ਲਈ ਜਾਰੀ ਕੀਤੇ 20 ਲਾਇਸੈਸਾਂ 'ਚੋਂ ਮੱਖੂ ਸ਼ਹਿਰ ਲਈ ਕੋਈ ਆਰਜ਼ੀ ਲਾਇਸੰਸ ਜਾਰੀ ਨਹੀਂ ਹੋਇਆ | ਦੱਸਣਯੋਗ ਹੈ ਕਿ ਪਟਾਕਿਆਂ ਦੀ ਵਿੱਕਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਖੁੱਲ੍ਹੇ ਗਰਾਊਾਡ 'ਚ ਲਾਇਸੰਸਸ਼ੁਦਾ ਵਿਕਰੇਤਾ ਹੀ ਆਪਣੇ ਪਟਾਕੇ ਵੇਚ ਸਕਣ ਜਿਸ ਲਈ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿਚੋਂ ਕੁੱਲ ਪ੍ਰਾਪਤ ਹੋਈਆਂ 31 ਅਰਜ਼ੀਆਂ 'ਚੋਂ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਰ ਕਸਬੇ ਤੇ ਸ਼ਹਿਰ ਦਾ ਜ਼ਿਕਰ ਮਿਲਦਾ ਹੈ ਪਰ ਸ਼ਹਿਰ ਮੱਖੂ ਲਈ ਇਕ ਵੀ ਲਾਇਸੰਸ ਜਾਰੀ ਨਹੀਂ ਕੀਤਾ ਗਿਆ | ਮੱਖੂ ਸ਼ਹਿਰ 'ਚ ਲੋਕਾਂ ਅੰਦਰ ਖ਼ਾਸ ਚਰਚਾ ਹੈ ਕਿ ਕੀ ਪ੍ਰਸ਼ਾਸਨ ਨੂੰ ਮੱਖੂ ਸ਼ਹਿਰ ਵਿਚੋਂ ਕੋਈ ਅਰਜ਼ੀ ਪ੍ਰਾਪਤ ਨਹੀਂ ਹੋਈ ਜਾਂ ਫਿਰ ਪ੍ਰਸ਼ਾਸਨ ਨੇ ਜਾਣ ਕੇ ਮੱਖੂ ਲਈ ਕੋਈ ਆਰਜ਼ੀ ਲਾਇਸੰਸ ਜਾਰੀ ਨਹੀਂ ਕੀਤਾ | ਇਸ ਸਬੰਧੀ ਜਦ ਸਬੰਧ ਜਦ ਏ.ਡੀ.ਸੀ. ਫ਼ਿਰੋਜ਼ਪੁਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੱਖੂ ਵਿਚੋਂ ਕਿਸੇ ਨੇ ਲਾਇਸੰਸ ਲਈ ਅਰਜ਼ੀ ਹੀ ਨਹੀਂ ਅਪਲਾਈ ਕੀਤੀ ਜਿਸ ਲਈ ਉਨ੍ਹਾਂ ਐੱਸ.ਡੀ.ਐਮ. ਜ਼ੀਰਾ ਦੀ ਡਿਊਟੀ ਲਗਾਈ ਹੈ ਕਿ ਸ਼ਹਿਰ ਅੰਦਰ ਜੇਕਰ ਕੋਈ ਲਾਇਸੰਸ ਲੈਣ ਦਾ ਚਾਹਵਾਨ ਹੈ ਤਾਂ ਉਹ ਲਾਇਸੰਸ ਲਈ ਅਰਜ਼ੀ ਦੇ ਸਕਦਾ |