ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੇ 'ਐਂਟਰਪਿਨਿਓਰਸ਼ਿਪ ਡਿਵੈਲਪਮੈਂਟ ਸੈੱਲ' ਤੇ ਅਰਨ ਵਾਇਲ ਯੂ ਲਰਨ ਸੈੱਲ ਦੁਆਰਾ 'ਜ਼ੀਰੋ ਪਲਾਸਟਿਕ ਸਕਿੱਲ ਐਂਡ ਐਂਟਰਪਿ੍ਨਓਰਸ਼ਿਪ ਮੇਲੇ 2025' ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਮਿਤ ਸਰੀਨ, ਏ.ਡੀ.ਸੀ. (ਜਨਰਲ) ਫਿਰੋਜ਼ਪੁਰ, ਸਰਮਥ ਸ਼ਰਮਾ ਮੁੱਖ ਕਾਰਜਕਾਰੀ ਅਫਸਰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ (ਐਨ.ਈ.ਆਈ.), ਰੋਹਿਤ ਗਰੋਵਰ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ, ਅਸ਼ੋਕ ਬਹਿਲ ਰਿਟਾਇਰਡ ਸਕੱਤਰ ਰੈੱਡ ਕਰਾਸ ਸੁਸਾਇਟੀ, ਡਾ. ਸੁਖਪਾਲ ਸਿੰਘ ਸੁਪਰੀਡੈਂਟ ਨਗਰ ਕੌਂਸਲ ਫ਼ਿਰੋਜ਼ਪੁਰ ਤੇ ਸਮੂਹ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਆਦਿ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦਾ ਆਗਾਜ਼ ਸੰਗੀਤ ਵਿਭਾਗ ਵਲੋਂ ਸਵਾਗਤੀ ਗੀਤ ਗਾ ਕੇ ਕੀਤਾ | ਪਿ੍ੰਸੀਪਲ ਡਾ. ਸੰਗੀਤਾ ਨੇ ਮਹਿਮਾਨਾਂ ਨੂੰ ਪਲਾਂਟਰ, ਮੋਮੈਂਟੋ, ਫੁਲਕਾਰੀ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਮੇਲੇ ਵਿਚ ਹਸਤ-ਨਿਰਮਾਣ ਕਲਾ, ਗਹਿਣੇ, ਉਤਪਾਦ ਵਰਗੀ ਕਲਾਤਮਕ ਸਾਜ-ਸੱਜਾ, ਰੰਗੀਨ ਦੀਵੇ, ਮੋਮਬੱਤੀਆਂ, ਗ੍ਰੀਟਿੰਗ ਕਾਰਡ, ਪੇਂਟਿੰਗ ਟੀ-ਸ਼ਰਟ, ਮੋਮ ਤੇ ਜ਼ੈਲ ਨਾਲ ਬਣੀਆਂ ਮੋਮਬਤੀਆਂ ਤੇ ਜ਼ੀਰੋ ਤੋਂ ਹੀਰੋ ਥੀਮ ਤਹਿਤ ਕਲਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਪੰਜਾਬੀ ਸੱਭਿਆਚਾਰਕ ਨਾਲ ਸੰਬੰਧਿਤ ਸਾਜ਼ੋ-ਸਾਮਾਨ ਜਿਵੇਂ ਫੁਲਕਾਰੀ, ਛਿੱਕੂ, ਪੀੜ੍ਹੀ, ਟੋਕਰੀ, ਖਿੱਦੋ, ਗੁੱਡੀਆਂ ਪਟੋਲੇ ਤੇ ਲਲਿਤ ਕਲਾ ਵਿਭਾਗ ਦੁਆਰਾ ਲਗਾਈਆਂ ਪੇਂਟਿੰਗਜ਼ ਰਹੀਆਂ | ਇਸ ਮੌਕੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਵਲੋਂ ਜ਼ੀਰੋ ਪਲਾਸਟਿਕ ਹੁਨਰ ਤੇ ਉੱਦਮ ਮੇਲਾ 2025 ਤੇ ਪੰਜਾਬ ਭਰ 'ਚ ਸਭ ਤੋਂ ਵੱਧ ਭਾਗੀਦਾਰਾਂ ਤੇ ਵਧੇਰੇ ਸਟਾਲਾਂ ਦੇ ਨਾਲ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਦੁਆਰਾ ਪਲਾਸਟਿਕ-ਮੁਕਤ ਤੇ ਵਾਤਾਵਰਣ-ਚੇਤੰਨ ਸਮਾਜ ਨੂੰ ਉਤਸ਼ਾਹਿਤ ਕਰਨ ਵਿਚ ਅਸਾਧਾਰਨ ਵਚਨਬੱਧਤਾ, ਨਵੀਨਤਾ ਤੇ ਅਗਵਾਈ ਦਾ ਪ੍ਰਦਰਸ਼ਨ ਕਰਨ 'ਚ ਮੋਹਰੀ ਭੂਮਿਕਾ ਨਿਭਾਉਣ ਲਈ 'ਜ਼ੀਰੋ ਪਲਾਸਟਿਕ ਮੇਲਾ ਮਾਨਤਾ ਪੁਰਸਕਾਰ' ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ | ਇਸ ਦੇ ਨਾਲ ਹੀ ਡਾ. ਕਨਿਕਾ, ਨੋਡਲ ਅਫਸਰ, ਪਲਵਿੰਦਰ ਕੌਰ, ਡਾ. ਖੁਸ਼ਵਿੰਦਰ ਗਿੱਲ, ਕੋਆਰਡੀਨੇਟਰ ਤੇ ਮੇਲੇ ਦੀ ਕਾਰਜਕਾਰੀ ਟੀਮ ਨੂੰ ਜ਼ੀਰੋ ਪਲਾਸਟਿਕ ਹੁਨਰ ਪ੍ਰਸ਼ੰਸਾ ਪੱਤਰ ਦਿੱਤਾ ਗਿਆ | ਡਾ. ਸੰਗੀਤਾ ਨੇ 'ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ' ਦੇ ਮੁੱਖ ਕਾਰਜਕਾਰੀ ਅਫਸਰ ਸਮਰੱਥ ਸ਼ਰਮਾ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ | ਮੇਲੇ ਵਿਚ ਕਾਲਜ ਵਿਦਿਆਰਥਣਾਂ ਨੇ 115 ਤੋਂ ਵਧੇਰੇ ਸਟਾਲ ਲਗਾਏ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਸਤੂਆਂ ਵੇਚੀਆਂ | ਮੰਚ ਸੰਚਾਲਨ ਦੀ ਭੂਮਿਕਾ ਸਪਨਾ ਬੁੱਧਵਾਰ ਅਤੇ ਡਾ. ਪਰਮਵੀਰ ਕੌਰ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ |