ਮੱਲਾਂਵਾਲਾ, 17 ਅਕਤੂਬਰ (ਬਲਬੀਰ ਸਿੰਘ ਜੋਸਨ)- ਫ਼ਿਰੋਜ਼ਪੁਰ ਦੇ ਡੀ.ਸੀ. ਦੀਪ ਸ਼ਿਖਾ ਸ਼ਰਮਾ ਨੇ ਪ੍ਰਮੁੱਖ ਮਾਨਵਤਾ ਵਾਦੀ ਸੰਗਠਨ ਯੂਨਾਈਟਿਡ ਸਿੱਖਸ ਨੂੰ 11 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਦੀ ਜ਼ਿੰਮੇਵਾਰੀ ਸੌਂਪੀ ਹੈ | ਇਹ ਫ਼ੈਸਲਾ ਪੱਤਰ ਨੰਬਰ ਡੀ. ਐਮ. ਸੀ. ਆਰ/ ਟੀ/ਐੱਫ. ਜੈਡ.ਆਰ 2025, ਐੱਸ. ਪੀ. ਐਲ-ਬੀ ਰਾਹੀਂ ਜਾਰੀ ਕੀਤਾ ਗਿਆ ਸੀ | ਇਸ ਫ਼ੈਸਲੇ ਨੂੰ ਯੂਨਾਈਟਿਡ ਸਿੱਖਸ ਦੇ ਜ਼ਮੀਨੀ ਪੱਧਰ ਦੇ ਰਾਹਤ ਕਾਰਜਾਂ ਦੀ ਇਕ ਮਹੱਤਵਪੂਰਨ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ | ਇਕ ਪੈੱ੍ਰਸ ਕਾਨਫ਼ਰੰਸ ਵਿਚ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ, ਯੂਨਾਈਟਿਡ ਸਿੱਖਸ ਪੰਜਾਬ ਦੇ ਡਾਇਰੈਕਟਰ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਆਫ਼ਤ ਦੇ ਪਹਿਲੇ ਦਿਨ ਤੋਂ ਹੀ, ਸਾਡੇ ਵਲੰਟੀਅਰ ਪ੍ਰਭਾਵਿਤ ਲੋਕਾਂ ਨੂੰ ਭੋਜਨ, ਸਾਫ਼ ਪਾਣੀ, ਕੱਪੜੇ, ਦਵਾਈਆਂ ਤੇ ਜਾਨਵਰਾਂ ਦਾ ਚਾਰਾ ਪ੍ਰਦਾਨ ਕਰ ਰਹੇ ਹਨ | ਪ੍ਰਸ਼ਾਸਨ ਵਲੋਂ ਇਹ ਭਰੋਸਾ ਹਰ ਪਰਿਵਾਰ ਨੂੰ ਮਾਣ ਤੇ ਸਵੈ-ਨਿਰਭਰਤਾ ਨਾਲ ਮੁੜ ਨਿਰਮਾਣ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਯੂਨਾਈਟਿਡ ਸਿੱਖਸ ਵਲੋਂ ਮੁੜ ਵਸੇਬੇ ਲਈ ਅਪਣਾਏ ਗਏ ਗਿਆਰਾਂ ਪਿੰਡਾਂ ਵਿਚ ਧੀਰਾ ਘਾਰਾ, ਬਸਤੀ ਰਾਮ ਲਾਲ, ਨਵਾਂ ਪਿੰਡ ਜਮਸ਼ੇਰ, ਕਮਾਲ ਵਾਲਾ, ਮੁੱਠਿਆਂ ਵਾਲਾ, ਆਲੇਵਾਲਾ, ਕਾਲੂ ਵਾਲਾ, ਨਿਜ਼ਾਮਵਾਲਾ ਤੇ ਉਸਮਾਨ ਵਾਲਾ ਸਮੇਤ ਸ਼ਾਮਲ ਹਨ | ਇਨ੍ਹਾਂ ਪਿੰਡਾਂ ਵਿਚ ਹੜ੍ਹਾਂ ਕਾਰਨ ਕਾਫ਼ੀ ਤਬਾਹੀ, ਉਜਾੜਾ ਤੇ ਖੇਤੀਬਾੜੀ ਜ਼ਮੀਨ ਦਾ ਨੁਕਸਾਨ ਹੋਇਆ ਹੈ | ਯੂਨਾਈਟਿਡ ਸਿੱਖਸ ਸੰਗਠਨ ਹੁਣ ਇਨ੍ਹਾਂ ਖੇਤਰਾਂ ਵਿਚ ਖੇਤੀਬਾੜੀ ਜ਼ਮੀਨ ਨੂੰ ਸਾਫ਼ ਕਰਨ, ਡੀਜ਼ਲ, ਬੀਜ ਤੇ ਖਾਦ ਪ੍ਰਦਾਨ ਕਰਕੇ ਕਿਸਾਨਾਂ ਦੀ ਰੋਜ਼ੀ-ਰੋਟੀ ਬਹਾਲ ਕਰਨ, ਘਰਾਂ ਤੇ ਭਾਈਚਾਰਕ ਢਾਂਚੇ ਨੂੰ ਦੁਬਾਰਾ ਬਣਾਉਣ, ਸਿਹਤ ਸੇਵਾਵਾਂ ਤੇ ਦਵਾਈਆਂ ਪ੍ਰਦਾਨ ਕਰਨ, ਸਕੂਲੀ ਬੱਚਿਆਂ ਨੂੰ ਵਰਦੀਆਂ, ਕਿਤਾਬਾਂ ਤੇ ਵਿੱਦਿਅਕ ਸਮਗਰੀ ਪ੍ਰਦਾਨ ਕਰਨ ਤੇ ਸਰਦੀਆਂ ਤੋਂ ਪਹਿਲਾਂ ਗਰਮ ਕੱਪੜੇ, ਕੰਬਲ ਤੇ ਰਾਹਤ ਕਿੱਟਾਂ ਵੰਡਣ ਲਈ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਜਨਤਾ ਤੇ ਸਹਿਯੋਗੀਆਂ ਦੇ ਸਮਰਥਨ ਨਾਲ, ਉਹ ਇਸ ਪਹਿਲਕਦਮੀ ਦਾ ਹੋਰ ਵਿਸਥਾਰ ਕਰਨਗੇ ਤਾਂ ਜੋ ਜਲਦ ਤੋਂ ਜਲਦ ਹਰੇਕ ਪ੍ਰਭਾਵਿਤ ਪਰਿਵਾਰ ਨੂੰ ਮੁੜ ਵਸੇਬਾ ਮਿਲ ਸਕੇ | ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖਸ ਆਪਣੇ ਕੰਮ ਵਿਚ ਪਾਰਦਰਸ਼ਤਾ ਬਣਾਈ ਰੱਖਣ ਲਈ ਇਕ ਡੋਨਰ ਡੈਸ਼ ਬੋਰਡ ਤੇ ਪ੍ਰਗਤੀ ਰਿਪੋਰਟਿੰਗ ਪ੍ਰਣਾਲੀ ਵੀ ਸ਼ੁਰੂ ਕਰੇਗਾ | ਉਨ੍ਹਾਂ ਚੈਰੀਟੇਬਲ ਸੰਸਥਾਵਾਂ, ਦਾਨੀਆਂ ਤੇ ਵਲੰਟੀਅਰਾਂ ਨੂੰ ਇਸ ਪੁਨਰ ਨਿਰਮਾਣ ਯਾਤਰਾ 'ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਓ ਆਪਾਂ ਮਿਲ ਕੇ ਇਸ ਮੁਸ਼ਕਲ ਸਮੇਂ ਨੂੰ ਤਾਕਤ ਤੇ ਪੁਨਰ ਨਿਰਮਾਣ ਦੀ ਇਕ ਉਦਾਹਰਨ ਬਣਾਈਏ | ਤੁਹਾਡੀ ਭਾਗੀਦਾਰੀ ਨਾਲ, ਅਸੀਂ ਪੰਜਾਬ ਦੀਆਂ ਸਰਹੱਦੀ ਬਸਤੀਆਂ ਵਿਚ ਜੀਵਨ ਅਤੇ ਉਮੀਦ ਵਾਪਸ ਲਿਆ ਸਕਦੇ ਹਾਂ |