ਜ਼ੀਰਾ, 17 ਅਕਤੂਬਰ (ਰਜਨੀਸ਼ ਕਥੂਰੀਆ)- ਪਿਛਲੇ ਕਰੀਬ ਇਕ ਸਾਲ ਤੋਂ ਬਕਾਏ ਤੇ ਮੈਡੀਕਲ ਭੱਤੇ ਆਦਿ ਨਾ ਮਿਲਣ ਕਰਕੇ ਨਗਰ ਕੌਂਸਲ ਰਿਟਾਇਰਡ ਕਰਮਚਾਰੀ ਯੂਨੀਅਨ ਜ਼ੀਰਾ ਨੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦੀ ਅਗਵਾਈ ਵਿਚ ਨਗਰ ਕੌਂਸਲ ਦਫਤਰ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਅਧਿਕਾਰੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ | ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ 'ਚ ਨਗਰ ਕੌਂਸਲ ਰਿਟਾਇਰਡ ਕਰਮਚਾਰੀ ਸ਼ਾਮਿਲ ਸਨ | ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਮੁਲਾਜ਼ਮਾਂ ਨੇ ਜਿੰਨੇ ਉਤਸ਼ਾਹ ਨਾਲ ਇਸ ਪਾਰਟੀ ਨੂੰ ਵੋਟਾਂ ਪਾਈਆਂ ਸਨ ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਉਨ੍ਹਾਂ ਹੀ ਜ਼ਿਆਦਾ ਨਿਰਾਸ਼ ਕੀਤਾ ਹੈ | ਉਹਨਾਂ ਕਿਹਾ ਕਿ ਸੇਵਾ-ਮੁਕਤ ਕਰਮਚਾਰੀਆਂ ਦਾ ਪਿਛਲੇ ਇੱਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਮੈਡੀਕਲ ਬਿੱਲ, ਮਹੀਨੇਵਾਰ ਮੈਡੀਕਲ ਤੇ ਐਲ.ਟੀ.ਸੀ. ਦਾ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ | ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਹਫ਼ਤਾ ਪਹਿਲਾਂ ਉਹਨਾਂ ਨੇ ਮੀਟਿੰਗ ਕਰਕੇ ਨਗਰ ਕੌਂਸਲ ਨੂੰ ਬਕਾਏ ਦੇਣ ਦੀ ਮੰਗ ਕੀਤੀ ਸੀ, ਪਰ ਨਗਰ ਕੌਂਸਲ ਅਧਿਕਾਰੀਆਂ ਦੇ ਕੰਨ ਤੋਂ ਜੂੰ ਤੱਕ ਨਹੀਂ ਸਰਕੀ | ਜਿਸ ਕਰਕੇ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਉਹਨਾਂ ਨੂੰ ਪਹਿਲੀ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪਿਆ ਹੈ | ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਤੋਂ ਇਲਾਵਾ ਜਗਦੀਸ਼ ਜੁਨੇਜਾ, ਬਿਕਰ ਸਿੰਘ, ਚਰਨਜੀਤ ਸ਼ਰਮਾ, ਕਰਨੈਲ ਸਿੰਘ, ਹੀਰਾ ਲਾਲ, ਪਰਮਜੀਤ ਸਿੰਘ, ਚਰਨਜੀਤ ਕੌਰ, ਅਸ਼ੋਕ ਕੁਮਾਰ, ਜਨਕ ਰਾਜ, ਮਹੇਸ਼ ਕੁਮਾਰ, ਅਮਰ ਲਾਲ, ਜਗਦੀਸ਼ ਸ਼ਰਮਾ, ਰਾਮ ਚਰਨ, ਰਾਮ ਜੀ, ਪੱਪੂ, ਚੰਦਗੀ, ਚੰਦਰ ਕਾਂਤਾ, ਦਰਸ਼ਨਾ, ਜਸਬੀਰ ਕੌਰ, ਚਰਮਜੀਤ ਕੌਰ, ਰਾਣੀ, ਮਾਇਆ, ਕਿਰਨਾ, ਕਿ੍ਸ਼ਨਾ, ਸ਼ਕੁੰਤਲਾ, ਗੁਰਦੀਪ ਸਿੰਘ, ਪ੍ਰੇਮ ਬਾਈ, ਗੰਗਾ ਦੇਵੀ, ਮਾਇਆ ਦੇਵੀ, ਕਿਰਨਾ, ਸੁਮਿੱਤਰਾ ਤੇ ਕਾਂਤਾ ਰਾਣੀ ਆਦਿ ਹਾਜ਼ਰ ਸਨ |