ਫਿਰੋਜ਼ਪੁਰ, 17 ਅਕਤੂਬਰ (ਸੁਖਵਿੰਦਰ ਸਿੰਘ)- ਜਿੱਥੇ ਇਕ ਪਾਸੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਲੋਕ ਖ਼ਰੀਦਦਾਰੀ ਤੇ ਤਿਆਰੀਆਂ ਵਿਚ ਰੁੱਝੇ ਹੋਏ ਹਨ ਉੱਥੇ ਹੀ ਚੋਰਾਂ ਦੇ ਹੌਸਲੇ ਵੀ ਚੜ੍ਹੇ ਹੋਏ ਦਿੱਖ ਰਹੇ ਹਨ | ਹੁਣ ਇਹ ਚੋਰ ਸੜਕਾਂ ਜਾਂ ਬਾਜ਼ਾਰਾਂ ਤੱਕ ਸੀਮਤ ਨਹੀਂ ਰਹੇ | ਸਗੋਂ ਹਸਪਤਾਲਾਂ ਤੱਕ ਪਹੁੰਚ ਕੇ ਦੁਖੀ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ | ਇਸ ਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਬਾਗ਼ੀ ਹਸਪਤਾਲ 'ਚ ਵੇਖਣ ਨੂੰ ਮਿਲੀ ਜਿੱਥੇ ਆਪਣੇ ਪਰਿਵਾਰਿਕ ਮੈਂਬਰ ਦਾ ਇਲਾਜ ਕਰਵਾਉਣ ਆਈ ਇਕ ਔਰਤ ਦਾ ਮੋਬਾਈਲ ਫੋਨ ਚੋਰ ਲੈ ਉੱਡਿਆ | ਜਾਣਕਾਰੀ ਅਨੁਸਾਰ ਔਰਤ ਹਸਪਤਾਲ ਦੇ ਵੇਟਿੰਗ ਰੂਮ 'ਚ ਬੈਠੀ ਹੋਈ ਸੀ | ਜਦੋਂ ਇਕ ਅਣਪਛਾਤਾ ਵਿਅਕਤੀ ਹੌਲੀ ਨਾਲ ਉਸ ਦੇ ਬੈਗ ਵਿਚੋਂ ਫੋਨ ਚੁੱਕ ਕੇ ਰਫ਼ੂ ਚੱਕਰ ਹੋ ਗਿਆ | ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਤੋਂ ਚੋਰ ਦੀ ਸੂਰਤ ਵੀ ਸਾਫ਼-ਸਾਫ਼ ਦਿੱਖ ਰਹੀ ਹੈ | ਪੀੜਤ ਔਰਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀਆਂ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ |