-ਮਾਮਲਾ 15 ਲੱਖ ਲੁੱਟੇ ਜਾਣ ਦਾ- ਸਾਬਕਾ ਫ਼ੌਜੀ ਨੇ ਖ਼ੁਦ ਹੀ ਘੜੀ ਸੀ ਲੁੱਟ ਹੋਣ ਦੀ ਮਨਘੜਤ ਕਹਾਣੀ, ਪੁਲਿਸ ਨੇ ਕੀਤਾ ਗਿ੍ਫ਼ਤਾਰ
ਅਜੀਤ ਡੈਸਕ
22-06-2025
ਬਠਿੰਡਾ, 21 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲੰਘੇ ਦਿਨ ਇਕ ਸਾਬਕਾ ਫ਼ੌਜੀ ਕੋਲੋਂ 15 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਝੂਠਾ ਨਿਕਲਿਆ ਹੈ | ਜੋ ਸਾਬਕਾ ਫ਼ੌਜੀ ਨੇ ਮਨਘੜ੍ਹਤ ਕਹਾਣੀ ਰਚ ਕੇ ਘੜਿਆ ਸੀ | ਦਰਅਸਲ ਸਾਬਕਾ ਫ਼ੌਜੀ ਆਪਣੀ ਸਾਰੀ ਕਮਾਈ ਪਹਿਲਾਂ ਹੀ ਆਨ-ਲਾਈਨ ਚੱਲਦੇ ਕੈਸੀਨੋ (ਜੂਆ) ਵਿਚ ਹਾਰ ਚੁੱਕਿਆ ਸੀ ਅਤੇ ਇਸ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਛੁਪਾਉਣ ਲਈ ਲੁੱਟ ਹੋਣ ਦੀ ਪੂਰੀ ਕਹਾਣੀ ਬਣਾਈ | ਪੁਲਿਸ ਨੇ ਇਸ ਵਾਰਦਾਤ ਨੂੰ 24 ਘੰਟਿਆਂ ਵਿਚ ਸੁਲਝਾਉਂਦਿਆਂ ਸਾਬਕਾ ਫ਼ੌਜੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ | ਇਸ ਸੰਬੰਧੀ ਅੱਜ ਡੀ.ਐੱਸ.ਪੀ. ਬਠਿੰਡਾ ਦਿਹਾਤੀ ਹਰਜੀਤ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਬੀਤੇ ਦਿਨ ਥਾਣਾ ਕੋਟਫੱਤਾ ਦੇ ਐੱਸ.ਐਚ.ਓ. ਜਸਵਿੰਦਰ ਕੌਰ ਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਫ਼ੌਜੀ ਅਵਤਾਰ ਸਿੰਘ ਵਾਸੀ ਪਿੰਡ ਕੋਟਲੀ ਖ਼ੁਰਦ ਆਈ.ਡੀ.ਐਫ.ਸੀ. ਬੈਂਕ ਬਠਿੰਡਾ ਤੋਂ 15 ਲੱਖ ਰੁਪਏ ਕਢਵਾ ਕੇ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਵਾਪਸ ਪਿੰਡ ਜਾ ਰਿਹਾ ਸੀ ਕਿ ਰਾਸਤੇ 'ਚ ਕੋਟ ਸ਼ਮੀਰ ਤੋਂ ਥੋੜਾ ਅੱਗੇ ਇਕ ਲੜਕਾ-ਲੜਕੀ ਨੇ ਉਸ ਤੋਂ ਲਿਫ਼ਟ ਲਈ, ਜਿਨ੍ਹਾਂ ਨੇ ਪਿੰਡ ਗਹਿਰੀ ਬਾਰਾ ਸਿੰਘ ਟੀ-ਪੁਆਇੰਟ ਕੋਲ ਪਹੁੰਚਣ 'ਤੇ ਪਿਸਤੌਲ ਲਗਾ ਕੇ ਉਸ ਦੇ ਪੈਸੇ ਅਤੇ ਮੋਬਾਇਲ ਫੋਨ ਖੋਹ ਲਏ ਅਤੇ ਮੌਕੇ 'ਤੇ ਖੜੀ ਇਕ ਅਲਟੋ ਕਾਰ 'ਤੇ ਫ਼ਰਾਰ ਹੋ ਗਏ | ਖੋਹ ਸਮੇਂ ਉਨ੍ਹਾਂ ਨੇ ਉਸ ਨੂੰ ਪਿਸਤੌਲ ਦੀ ਨੋਕ 'ਤੇ ਜੂਸ ਪਿਲਾਇਆ, ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਹਸਪਤਾਲ ਵਿਖੇ ਦਾਖਲ ਹੋਇਆ | ਪੁਲਿਸ ਨੇ ਤੁਰੰਤ ਸਾਬਕਾ ਫ਼ੌਜੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭੀ | ਹਾਲਾਂਕਿ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਨੇ ਹਰ ਪਹਿਲੂ ਤੋਂ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਅਸਲ ਵਿਚ ਅਵਤਾਰ ਸਿੰਘ ਬਠਿੰਡਾ ਆਇਆ ਹੀ ਨਹੀਂ ਸੀ | ਬਲਕਿ ਉਹ ਉਸੇ ਸਮੇਂ ਆਪਣੀ ਪੈਨਸ਼ਨ ਨੂੰ ਆਪਣੇ ਹੀ ਹੋਰ ਬੈਂਕ ਖਾਤੇ ਵਿਚ ਪਾਉਣ ਲਈ ਦਰਖਾਸਤ ਦੇਣ ਮੌੜ ਮੰਡੀ ਸਥਿਤ ਐੱਸ.ਬੀ.ਆਈ. ਦੀ ਬਰਾਂਚ 'ਚ ਗਿਆ ਸੀ | ਜੋ ਦਰਖਾਸਤ ਬੈਂਕ ਨੇ ਰਿਸੀਵ ਕੀਤੀ ਹੋਈ ਹੈ, ਪਿੱਛੋਂ ਪੁਲਿਸ ਨੇ ਉਸ ਦੀ ਰਸੀਦ ਵੀ ਹਾਸਲ ਕੀਤੀ ਹੈ | ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਸ ਵਲੋਂ ਲਿਖਵਾਏ ਆਈ.ਡੀ.ਐਫ਼.ਸੀ. ਦੇ ਉਸ ਦੇ ਖਾਤਾ ਨੰਬਰ 10225810154 ਵਿਚ ਸਿਰਫ਼ 3.10 ਰੁਪਏ ਹੀ ਸਨ ਅਤੇ ਇਸ ਖਾਤੇ ਵਿਚੋਂ 15 ਲੱਖ ਰੁਪਏ ਕਢਵਾਉਣੇ ਪਾਏ ਹੀ ਨਹੀਂ ਗਏ | ਇਸੇ ਤਰ੍ਹਾਂ ਉਸ ਦੇ ਮੌੜ ਮੰਡੀ ਸਥਿਤ ਐੱਸ.ਬੀ.ਆਈ. ਦੀਆਂ ਬਰਾਂਚ ਵਿਚ ਤਿੰਨ ਖਾਤਿਆਂ ਵਿਚੋਂ ਇਕ ਖਾਤੇ 'ਚ 7 ਰੁਪਏ, ਇਕ 'ਚ 10 ਰੁਪਏ ਅਤੇ ਇਕ 'ਚ 5 ਹਜ਼ਾਰ ਰੁਪਏ ਹੋਣੇ ਪਾਏ ਗਏ ਹਨ | ਸਖ਼ਤੀ ਨਾਲ ਪੁੱਛ-ਗਿੱਛ ਕਰਨ 'ਤੇ ਸਾਬਕਾ ਫ਼ੌਜੀ ਨੇ ਮੰਨਿਆ ਕਿ ਉਹ ਸਾਲ 2021 ਤੋਂ ਲਗਾਤਾਰ ਆਨਲਾਈਨ ਕੈਸੀਨੋ (ਜੂਆ) ਖੇਡਦਾ ਆ ਰਿਹਾ ਅਤੇ ਖੇਡ ਵਿਚ ਕਾਫ਼ੀ ਪੈਸੇ ਹਾਰ ਚੁੱਕਿਆ | ਇਥੋ ਤੱਕ ਕਿ ਆਪਣੀ ਪੈਨਸ਼ਨ/ਗਰੈਚੁਟੀ ਰਕਮ ਵੀ ਕੈਸੀਨੋ (ਜੂਆ) ਵਿਚ ਹਾਰ ਗਿਆ | ਹੁਣ ਆਪਣੇ ਬੱਚਿਆਂ ਦੀ ਫ਼ੀਸ ਭਰਨ ਲਈ ਆਪਣੇ ਮਾਂ-ਪਿਓ ਕੋਲੋਂ ਪੈਸੇ ਲੈਣੇ ਸਨ | ਇਸ ਕਰਕੇ ਪਰਿਵਾਰਿਕ ਮੈਂਬਰਾਂ ਨੂੰ ਮੇਰੇ 'ਤੇ ਸ਼ੱਕ ਨਾ ਹੋਵੇ ਅਤੇ ਕੈਸੀਨੋ (ਜੂਆ) ਵਿਚ ਹਾਰੀ ਰਕਮ ਹਜ਼ਮ ਹੋ ਜਾਵੇ, ਇਸੇ ਮਨਸ਼ਾ ਨਾਲ ਉਕਤ ਸਾਰੀ ਮਨਘੜਤ ਕਹਾਣੀ ਬਣਾਈ ਗਈ ਸੀ | ਪਤਾ ਚੱਲਿਆ ਕਿ ਸਾਬਕਾ ਫ਼ੌਜੀ ਕੈਸੀਨੋ (ਜੂਆ) ਖੇਡ 'ਚ ਕਰੋੜ ਰੁਪਏ ਹਾਰ ਚੁੱਕਿਆ ਹੈ | ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੂੰ ਝੂਠੀ ਖ਼ਬਰ ਦੇ ਕੇ ਝੂਠਾ ਮੁਕੱਦਮਾ ਦਰਜ ਕਰਵਾਉਣ ਦੇ ਚੱਲਦਿਆਂ ਅਵਤਾਰ ਸਿੰਘ ਸਾਬਕਾ ਫ਼ੌਜੀ ਵਲੋਂ ਦਰਜ ਕਰਵਾਏ ਮੁਕੱਦਮੇ ਵਿਚ ਧਾਰਾ 309 4 ਬੀ.ਐਨ.ਐੱਸ. ਦਾ ਘਾਟਾ ਕਰਕੇ ਅਵਤਾਰ ਸਿੰਘ ਖਿਲਾਫ ਧਾਰਾ 217 ਬੀ.ਐਨ.ਐੱਸ. ਦਾ ਵਾਧਾ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ |