ਨਥਾਣਾ, 22 ਜੂਨ (ਗੁਰਦਰਸ਼ਨ ਲੁੱਧੜ)- ਬਲਾਕ ਸੰਮਤੀ ਨਥਾਣਾ ਦਫ਼ਤਰ ਕੈਂਪਸ ਅੱਗੇ ਬਲਾਕ ਨਥਾਣਾ ਦੇ ਲਗਭਗ ਸਾਰੇ ਪਿੰਡਾਂ ਤੋਂ ਆਏ ਸਰਪੰਚਾਂ ਵਲੋਂ ਭਰਵੀਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਸਰਪੰਚਾਂ ਨੂੰ ਆਉਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਸਰਪੰਚ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡਾਂ ਦੀ ਅਗਵਾਈ ਲਈ ਚੁਣੇ ਹੋਏ ਸਰਪੰਚ ਨੁਮਾਇੰਦਿਆਂ ਨੂੰ ਜਿੱਥੇ ਲੋਕਾਂ ਦਾ ਭਰਵਾਂ ਸਮਰਥਨ ਵੀ ਮਿਲਦਾ ਹੈ, ਉੱਥੇ ਆਪਣੇ ਪਿੰਡ ਦੀ ਅਗਵਾਈ ਅਤੇ ਵਿਕਾਸ ਕਰਨ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਬਲਾਕ ਦੇ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਵਲੋਂ ਬਲਾਕ ਪੱਧਰ ਦੀ ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਦੌਰਾਨ ਹਰਮਨਦੀਪ ਸਿੰਘ ਮੋਹਣਾ ਸਰਪੰਚ ਪੂਹਲੀ ਨੂੰ ਬਲਾਕ ਸਰਪੰਚ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਅਵਤਾਰ ਸਿੰਘ ਪਹਿਲਵਾਨ ਸਰਪੰਚ ਗੋਬਿੰਦਪੁਰਾ ਅਤੇ ਜੋਗਿੰਦਰ ਸਿੰਘ ਸਰਪੰਚ ਬੱਜੋਆਣਾ ਇਸ ਜਥੇਬੰਦੀ ਦੀ ਬਲਾਕ ਇਕਾਈ ਦੇ ਮੀਤ ਪ੍ਰਧਾਨ ਚੁਣੇ ਗਏ | ਗੁਰਮੇਲ ਸਿੰਘ ਸਰਪੰਚ ਸੇਮਾ ਅਤੇ ਅਮਨਦੀਪ ਸਿੰਘ ਸਰਪੰਚ ਭੈਣੀ ਨੂੰ ਬਲਾਕ ਸਰਪੰਚ ਯੂਨੀਅਨ ਦੇ ਸਕੱਤਰ ਚੁਣਿਆ ਗਿਆ | ਮਨਜੀਤ ਕੌਰ ਸਰਪੰਚ ਢੇਲਵਾਂ, ਪਰਮਜੀਤ ਕੌਰ ਸਰਪੰਚ ਬਾਬਾ ਜੀਵਨ ਸਿੰਘ ਨਗਰ ਨੂੰ ਵਿੱਤ ਸਕੱਤਰ ਅਤੇ ਦਰਸ਼ਨ ਸਿੰਘ ਨੂੰ ਜਥੇਬੰਦੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ | ਬਲਾਕ ਸਰਪੰਚ ਯੂਨੀਅਨ ਦੇ ਚੁਣੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡਾਂ ਦੀ ਅਗਵਾਈ ਲਈ ਚੁਣੇ ਸਰਪੰਚਾਂ ਨੂੰ ਆਉਂਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸੁਮਨਪ੍ਰੀਤ ਕੌਰ ਸਿੱਧੂ ਸਰਪੰਚ ਪੂਹਲਾ, ਜਗਜੀਤ ਸਿੰਘ ਸਰਪੰਚ ਗਿੱਦੜ, ਰਿੰਪਜੀਤ ਸਿੰਘ ਢੇਲਵਾਂ, ਸੁਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਮੁਹਤਬਰ ਵਿਅਕਤੀ ਹਾਜਰ ਸਨ |