ਮਾਨਸਾ, 22 ਜੂਨ (ਰਾਵਿੰਦਰ ਸਿੰਘ ਰਵੀ)-ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਪੰਜਾਬ ਦੇ ਆਲ ਇੰਡੀਆ ਜਨਰਲ ਸਕੱਤਰ ਸੁਖਦੇਵ ਸਿੰਘ ਭੁਪਾਲ ਤੇ ਸੂਬਾ ਆਗੂ ਮਨਜੀਤ ਸਿੰਘ ਮਾਨ ਨੇ ਈਰਾਨ ਪ੍ਰਮਾਣੂ ਅੱਡਿਆਂ 'ਤੇ ਅਮਰੀਕੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਖੁਦ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ, ਨੇ ਪ੍ਰਮਾਣੂ ਅਪ੍ਰਸਾਰ ਸੰਧੀ (ਐੱਨ.ਪੀ.ਟੀ.) ਦੇ ਮੈਂਬਰ ਈਰਾਨ 'ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਲਗਪਗ ਸਾਰੀਆਂ ਵਿਸ਼ਵ ਸਰਕਾਰਾਂ ਅਮਰੀਕਾ ਦੀ ਇਸ ਲਾਪਰਵਾਹੀ ਵਾਲੀ ਕਾਰਵਾਈ ਦੀ ਨਿੰਦਾ ਕਰਨ ਤੋਂ ਡਰ ਰਹੀਆਂ ਹਨ ਤਾਂ ਜੋ ਕਿਤੇ ਰਾਸ਼ਟਰਪਤੀ ਟਰੰਪ ਉਨ੍ਹਾਂ ਨਾਲ ਨਾਰਾਜ ਨਾ ਹੋ ਜਾਣ | ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਵੀ ਅਮਰੀਕਾ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ, ਜਿਸ ਨਾਲ ਵਿਸ਼ਵ ਸ਼ਾਂਤੀ ਖਤਰੇ 'ਚ ਪੈ ਗਈ ਹੈ | ਉਨ੍ਹਾਂ ਜਮਹੂਰੀਅਤ ਪਸੰਦ ਪੂਰੀ ਦੁਨੀਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੱਕਜੁੱਟ ਹੋ ਕੇ ਜੰਗ ਭੜਕਾਊ ਤਾਕਤਾਂ ਖ਼ਿਲਾਫ਼ ਖੜੇ੍ਹ ਹੋਣ ਤਾਂ ਜੋ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਇਆ ਜਾ ਸਕੇ |