27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਬੁੰਗਾ ਮਸਤੂਆਣਾ ਵਿਖੇ ਕਰਵਾਇਆ ਸ਼ੁਕਰਾਨਾ ਸਮਾਗਮ

ਅਜੀਤ ਡੈਸਕ 23-06-2025
ਤਲਵੰਡੀ ਸਾਬੋ, 22 ਜੂਨ (ਰਣਜੀਤ ਸਿੰਘ ਰਾਜੂ)-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੋ ਕਿ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਵੀ ਹਨ ਵਲੋਂ ਜਥੇਦਾਰ ਵਜੋਂ ਪਿਛਲੇ ਸਮੇਂ ਚ ਹੋਈ ਆਪਣੀ ਨਿਯੁਕਤੀ ਦੇ ਸ਼ੁਕਰਾਨੇ ਵਜੋਂ ਅੱਜ ਬੁੰਗਾ ਮਸਤੂਆਣਾ ਦੇ ਪ੍ਰਬੰਧ ਹੇਠਲੇ ਗੁ: ਮੰਜੀ ਸਾਹਿਬ (ਪਾ:9ਵੀਂ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕੇ ਦੀਆਂ ਮੁਹਤਬਰ ਹਸਤੀਆਂ ਨੇ ਵੀ ਹਾਜ਼ਰੀ ਭਰੀ | ਗੁ: ਮੰਜੀ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੁੰਗਾ ਮਸਤੂਆਣਾ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਦੇ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ ਨੇ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖੀ ਪ੍ਰਚਾਰ ਪ੍ਰਸਾਰ 'ਚ ਪਾਏ ਜਾ ਰਹੇ ਯੋਗਦਾਨ ਨੂੰ ਯਾਦ ਕਰਦਿਆਂ ਜਥੇਦਾਰ ਰਹਿੰਦਿਆਂ ਵੀ ਉਨ੍ਹਾਂ ਤੋਂ ਗੁਰਮਤਿ ਪ੍ਰਚਾਰ 'ਚ ਸ਼ਲਾਘਾਯੋਗ ਕਾਰਜ ਕਰਨ ਦੀ ਉਮੀਦ ਪ੍ਰਗਟਾਈ | ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਸਮਾਗਮ 'ਚ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਬਾਬਾ ਟੇਕ ਸਿੰਘ ਵਲੋਂ ਬੁੰਗਾ ਮਸਤੂਆਣਾ ਸਾਹਿਬ ਨਾਲ ਜੁੜ ਕੇ ਬੀਤੇ ਸਮਿਆਂ ਚ ਕੀਤੇ ਕਾਰਜਾਂ ਨੂੰ ਯਾਦ ਕਰਕੇ ਇਸ ਗੱਲ ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਕਿ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਦਾ ਸੁਭਾਗ ਮਿਲਿਆ ਹੈ | ਆਪਣੇ ਸੰਬੋਧਨ ਵਿਚ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਜਿੱਥੇ ਪਿਛਲੇ ਸਮਿਆਂ ਤੋਂ ਉਨ੍ਹਾਂ ਨੂੰ ਮਿਲ ਰਹੇ ਸਹਿਯੋਗ ਬਦਲੇ ਸੰਪ੍ਰਦਾਇ ਮਸਤੂਆਣਾ ਅਤੇ ਬੁੰਗਾ ਮਸਤੂਆਣਾ ਦੇ ਸਮੁੱਚੇ ਪ੍ਰਬੰਧਕਾਂ, ਸੇਵਾਦਾਰਾਂ ਅਤੇ ਧਾਰਮਿਕ ਵਿਦਿਆਲਾ 'ਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਤੱਕ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਉਹ ਜਥੇਦਾਰ ਵਜੋਂ ਸੇਵਾ ਨਿਭਾਉਂਦੇ ਹੋਏ ਮਾਲਵੇ ਦੇ ਇਸ ਖ਼ਿੱਤੇ 'ਚ ਗੁਰਮਤਿ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੇ ਯਤਨ ਕਰਨਗੇ | ਸਮਾਗਮ ਨੂੰ ਬਾਬਾ ਪ੍ਰੀਤਮ ਸਿੰਘ ਮੱਲੜੀ ਅਤੇ ਬੁੰਗਾ ਮਸਤੂਆਣਾ ਦੇ ਹੈੱਡ ਗ੍ਰੰਥੀ ਬਾਬਾ ਤੇਜਾ ਸਿੰਘ ਨੇ ਵੀ ਸੰਬੋਧਨ ਕੀਤਾ ਜਦੋਂਕਿ ਇਸ ਮੌਕੇ ਬੁੰਗਾ ਮਸਤੂਆਣਾ ਪ੍ਰਬੰਧਕਾਂ ਵਲੋਂ ਬਾਬਾ ਟੇਕ ਸਿੰਘ ਦਾ ਸਨਮਾਨ ਕੀਤਾ ਗਿਆ | ਸਮਾਗਮ 'ਚ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਬਾਬਾ ਗੁਰਮੀਤ ਸਿੰਘ ਤਿ੍ਲੋਕੇਵਾਲਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਤਖ਼ਤ ਸਾਹਿਬ ਦੇ ਮੈਨੇਜਰ ਭਾਈ ਗੁਰਬਿੰਦਰ ਸਿੰਘ, ਧਰਮ ਪ੍ਰਚਾਰ ਉਪ ਦਫ਼ਤਰ ਇੰਚਾਰਜ ਭੋਲਾ ਸਿੰਘ, ਬੁੰਗਾ ਮਸਤੂਆਣਾ ਸਕੱਤਰ ਭਾਈ ਸੰਤ ਸਿੰਘ, ਗੁ: ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗਿਆਨ ਸਿੰਘ, ਬੁੱਢਾ ਦਲ ਵਲੋਂ ਭਾਈ ਦਲੇਰ ਸਿੰਘ, ਗੁਰਜੀਤ ਸਿੰਘ ਕੋਟਬਖਤੂ ਸਾਬਕਾ ਚੇਅਰਮੈਨ, ਸੀ.ਅਕਾਲੀ ਆਗੂ ਸਤਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਮਲਕਾਣਾ, ਜਸਵਿੰਦਰ ਸਿੰਘ ਸਿੱਧੂ, ਠਾਣਾ ਸਿੰਘ ਚੱਠਾ, ਤੇਜਾ ਸਿੰਘ ਮਲਕਾਣਾ, ਡਾ. ਗੁਰਮੇਲ ਸਿੰਘ ਘਈ, ਪਾਵਰਕਾਮ ਦੇ ਸੇਵਾ-ਮੁਕਤ ਏ.ਈ.ਈ ਬਲਜੀਤ ਸਿੰਘ ਨੰਗਲਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਡਾ. ਜੀਵਨਜੋਤ ਕੌਰ ਭੱਟੀ ਬਠਿੰਡਾ ਦਿਹਾਤੀ ਹਲਕੇ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਗਿੱਦੜ ਦੇ ਖੇਤੀਂ ਤਿੰਨ ਕੱਸੀਆਂ, ਦੋ ਸੁੱਕੀਆਂ, ਇਕ ਵਗਦੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।