ਨਥਾਣਾ, 22 ਜੂਨ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਪਿੰਡ ਗਿੱਦੜ ਦੇ ਖੇਤਾਂ ਵਿਚ ਕਿਸੇ ਸਮੇਂ ਕਲਿਆਣ ਮਾਈਨਰ ਅਤੇ ਗੰਗਾ ਮਾਈਨਰ ਰਾਹੀਂ ਲਗਭਗ 50 ਫ਼ੀਸਦੀ ਰਕਬੇ ਵਿਚ ਨਹਿਰੀ ਪਾਣੀ ਪਹੁੰਚਦਾ ਹੁੰਦਾ ਸੀ | 90ਵਿਆਂ ਦੇ ਦਹਾਕੇ ਤੋਂ ਬਾਅਦ ਇਸ ਪਿੰਡ ਲਈ ਨਹਿਰੀ ਪਾਣੀ ਦੀ ਲਗਾਤਾਰ ਤੋਟ ਪੈਣੀ ਸ਼ੁਰੂ ਹੋ ਗਈ | ਅੱਜ ਸਥਿਤੀ ਇਹ ਹੈ ਕਿ ਪਿੰਡ ਗਿੱਦੜ ਦੇ ਨਹਿਰੀ ਪਾਣੀ ਲਈ ਕਮਾਂਡ ਹੋਏ ਲਗਭਗ 2500 ਏਕੜ ਰਕਬੇ ਵਿਚੋਂ ਸਿਰਫ਼ 400 ਏਕੜ ਦੇ ਕਰੀਬ ਖੇਤਾਂ ਵਿੱਚ ਹੀ ਨਹਿਰੀ ਪਾਣੀ ਮਸਾਂ ਪਹੁੰਚਦਾ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਸਨ ਤਾਂ ਉਨ੍ਹਾਂ ਵਲੋਂ ਤਤਕਾਲੀਨ ਸਰਕਾਰੀ ਦਾਅਵਿਆਂ 'ਤੇ ਤਨਜ਼ ਕਸਣ ਲਈ ਇਹ ਲਾਈਨਾਂ ਬੋਲੀਆਂ ਜਾਂਦੀਆਂ ਸਨ 'ਰਾਵੀ ਵਿਚੋਂ ਨਿਕਲੀਆਂ ਤਿੰਨ ਨਹਿਰਾਂ, ਦੋ ਸੁੱਕੀਆਂ, ਇਕ ਵਗਦੀ ਨਹੀਂ' | ਅੱਜ-ਕੱਲ੍ਹ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਪਿੰਡ ਗਿੱਦੜ ਲਈ ਇਹ ਸਤਰਾਂ ਲੋਕ ਅਖਾਣ ਬਣ ਗਈਆਂ ਹਨ ਕਿ 'ਪਿੰਡ ਗਿੱਦੜ ਦੇ ਖੇਤੀਂ ਤਿੰਨ ਕੱਸੀਆਂ, ਦੋ ਸੁੱਕੀਆਂ, ਇਕ ਵਗਦੀ ਨਹੀਂ' | ਪਿੰਡ ਗਿੱਦੜ ਦੇ ਕੁੱਲ 2570 ਏਕੜ ਰਕਬੇ ਲਈ ਤਿੰਨ ਕੱਸੀਆਂ ਦੇ ਚਾਰ ਮੋਘੇ ਲੱਗਦੇ ਹਨ ਪਰ ਪੂਰਾ ਸਾਜ਼ਗਾਰ ਕੋਈ ਮੋਘਾ ਨਹੀਂ, ਕਿਉਂਕਿ ਕਿਸੇ ਮੋਘੇ ਵਿਚ ਪਾਣੀ ਨਹੀਂ ਅਤੇ ਕਿਸੇ ਮੋਘੇ ਦੇ ਖਾਲੇ ਟੁੱਟੇ ਹੋਏ ਹਨ | ਪਿੰਡ ਦੇ ਚੜ੍ਹਦੇ ਪਾਸੇ ਗੰਗਾ ਮਾਈਨਰ ਦੇ ਮੋਘਾ 14054 ਰਾਹੀਂ ਤਹਿਤ ਲਗਭਗ 500 ਏਕੜ ਰਕਬਾ ਨਹਿਰੀ ਪਾਣੀ ਦੀ ਕਮਾਂਡ ਹੇਠ ਹੈ ਪਰ ਇਹ ਮਾਈਨਰ ਸਿੰਚਾਈ ਦੀ ਸਖ਼ਤ ਲੋੜ ਸਮੇਂ ਅਕਸਰ ਹੀ ਸੁੱਕੀ ਨਜ਼ਰ ਆਉਂਦੀ ਹੈ | ਕਲਿਆਣ ਮਾਈਨਰ ਦੇ ਮੋਘਾ 28500 ਦੇ ਤਹਿਤ ਪੈਂਦੇ 850 ਏਕੜ ਰਕਬੇ ਵਿਚੋਂ ਸਿਰਫ਼ 150 ਏਕੜ ਰਕਬੇ ਤੱਕ ਹੀ ਨਹਿਰੀ ਪਾਣੀ ਪਹੁੰਚਦਾ ਹੈ ਅਤੇ ਬਾਕੀ ਰਕਬੇ ਤੱਕ ਨਹਿਰੀ ਪਾਣੀ ਦੇ ਰੂਟ ਵਾਲੇ ਪੱਕੇ ਖਾਲੇ ਟੁੱਟੇ ਹੋਣ ਕਰਕੇ ਪਾਣੀ ਪਹੁੰਚਦਾ ਹੀ ਨਹੀਂ | ਰਜਵਾਹਾ ਭਦੌੜ ਦੇ ਮੋਘਾ 137151 ਤਹਿਤ ਪੈਂਦੇ ਪਿੰਡ ਗਿੱਦੜ ਦੇ 750 ਏਕੜ ਰਕਬੇ ਵਿਚੋਂ ਲਗਭਗ 200 ਏਕੜ ਰਕਬੇ ਤੱਕ ਨਹਿਰੀ ਖਾਲਿਆਂ ਦਾ ਪ੍ਰਬੰਧ ਹੈ ਅਤੇ ਬਾਕੀ ਰਕਬੇ ਦੀ ਸਿੰਚਾਈ ਲਈ ਪਾਣੀ ਪਹੁੰਚਦਾ ਨਹੀਂ | ਪਿੰਡ ਗਿੱਦੜ ਦੇ ਖੇਤਾਂ ਲਈ ਲੱਗੇ ਭਦੌੜ ਰਜਵਾਹੇ ਦੇ ਮੋਘਾ 147225 ਤਹਿਤ ਕੁਲ 350 ਏਕੜ ਰਕਬਾ ਲੱਗਦਾ ਹੈ ਪਰ ਨਹਿਰੀ ਖਾਲਿਆਂ ਦਾ ਪ੍ਰਬੰਧ ਸਿਰਫ਼ 70-80 ਏਕੜ ਰਕਬੇ ਤੱਕ ਹੀ ਹੈ | ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਸੀਨੀਅਰ ਆਗੂ ਲਖਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਅਨੇਕਾਂ ਵਾਰ ਪ੍ਰਸ਼ਾਸਨ ਕੋਲ ਖੇਤਾਂ ਵਿੱਚ ਨਹਿਰੀ ਪਾਣੀ ਦੀ ਖਸਤਾ ਸਪਲਾਈ ਦਾ ਮੁੱਦਾ ਉਭਾਰਿਆ ਗਿਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਦੇ ਸੁਧਾਰ ਲਈ ਕੋਈ ਅਮਲੀ ਰੂਪ ਵਿਚ ਕਦਮ ਨਹੀਂ ਚੁੱਕੇ ਗਏ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ.ਬਠਿੰਡਾ ਦੀ ਡਿਊਟੀ ਅਤੇ ਜ਼ਿੰਮੇਵਾਰੀ ਸਿਰਫ਼ ਭਾਰਤਮਾਲਾ ਪ੍ਰੋਜੈਕਟ ਜਾਂ ਹੋਰ ਕਾਰਪੋਰੇਟਾਂ ਲਈ ਲੋੜੀਂਦੀਆਂ ਜ਼ਮੀਨਾਂ ਵਿਚੋਂ ਕਿਸਾਨਾਂ ਨੂੰ ਉਠਾਉਣ ਲਈ ਹੀ ਨਹੀਂ ਹੁੰਦੀ ਸਗੋਂ ਖੇਤਾਂ ਵਿੱਚ ਆ ਕੇ ਨਹਿਰੀ ਪਾਣੀ ਦੀ ਹਾਲਤ ਦਾ ਮੌਕਾ ਵੇਖਣਾ ਵੀ ਉਕਤ ਅਧਿਕਾਰੀਆਂ ਦਾ ਜ਼ਰੂਰੀ ਫ਼ਰਜ਼ ਹੈ, ਜਿਸ ਨੂੰ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ-ਅੰਦਾਜ਼ ਕਰ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਧਿਕਾਰੀਆਂ ਨੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਅਮਲੀ ਕਦਮ ਨਾ ਚੁੱਕੇ ਤਾਂ ਇਸ ਸਬੰਧੀ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |