ਬਠਿੰਡਾ, 22 ਅਕਤੂਬਰ (ਵੀਰਪਾਲ ਸਿੰਘ): ਦੇਸ਼ ਭਰ ਦੇ ਲੋਕਾਂ ਵਲੋਂ ਦੀਵਾਲੀ ਦਾ ਤਿਉਹਾਰ ਖ਼ੁਸ਼ੀਆਂ, ਉਮੰਗ ਤੇ ਚਾਨਣ ਨਾਲ ਮਨਾਇਆ, ਉੱਥੇ ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀਆਂ ਢੇਰੀਆਂ 'ਤੇ ਬੈਠੇ ਕਿਸਾਨਾਂ ਨੇ ਇਹ ਤਿਉਹਾਰ ਬੇਬਸੀ ਤੇ ਉਡੀਕ ਦੇ ਨਾਲ ਮਨਾਇਆ | ਝੋਨੇ ਦੀ ਫ਼ਸਲ ਵੇਚਣ ਲਈ ਪਿਛਲੇ ਡੇਢ ਹਫ਼ਤੇ ਤੋਂ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਦੇ ਚਿਹਰਿਆਂ 'ਤੇ ਨਾ ਤਾਂ ਤਿਉਹਾਰ ਦੀ ਖ਼ੁਸ਼ੀ ਸੀ ਤੇ ਨਾ ਹੀ ਆਸ ਦੀ ਰੌਸ਼ਨੀ | ਕਿਸਾਨਾਂ ਨੇ ਆਪਣੀ ਮਿਹਨਤ ਦੀ ਫ਼ਸਲ ਮੰਡੀਆਂ ਵਿਚ ਪਹੁੰਚਾ ਦਿੱਤੀ ਹੈ ਪਰ ਸਰਕਾਰੀ ਏਜੰਸੀਆਂ ਵਲੋਂ ਝੋਨੇ ਵਿਚ ਨਮੀ ਦੇ ਵਧੇਰੇ ਮਾਤਰਾ ਨਾਮ ਤੇ ਖ਼ਰੀਦ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਕਿਸਾਨਾਂ ਨੂੰ ਦਿਨ ਰਾਤ ਉਡੀਕ ਵਿਚ ਬੈਠਣਾ ਪੈ ਰਿਹਾ ਹੈ | ਕਈ ਥਾਵਾਂ 'ਤੇ ਕਿਸਾਨਾਂ ਨੇ ਮੰਡੀ ਦੇ ਅੰਦਰ ਹੀ ਅਸਥਾਈ ਝੋਂਪੜੀਆਂ ਬਣਾਈਆਂ ਹੋਈਆਂ ਹਨ | ਉਨ੍ਹਾਂ ਨੇ ਦੀਵਾਲੀ ਦੀ ਰਾਤ ਲਾਲਟੈਨ ਤੇ ਮੋਮਬੱਤੀਆਂ ਜਲਾ ਕੇ ਮਨਾਈ, ਝੋਨੇ ਦਾ ਝਾੜ 25 ਫ਼ੀਸਦੀ ਘੱਟ ਰਹਿਣ ਕਾਰਨ ਇਹ ਚਾਨਣ ਵੀ ਉਨ੍ਹਾਂ ਦੀਆਂ ਅੱਖਾਂ ਵਿਚ ਮੌਜੂਦ ਨਿਰਾਸ਼ਾ ਨੂੰ ਦੂਰ ਨਾ ਕਰ ਸਕਿਆ | ਕਿਸਾਨ ਜੀਤ ਸਿੰਘ, ਜਸਵਿੰਦਰ ਸਿੰਘ ਅਰੋੜਾ, ਬਲਵਿੰਦਰ ਸਿੰਘ, ਰਾਜਪਾਲ ਸਿੰਘ, ਬਸੰਤ ਸਿੰਘ ਨੇ ਦੱਸਿਆ ਕਿ 'ਅਸੀਂ ਘਰਾਂ ਵਿਚ ਚਾਨਣ ਕਰਨ ਦੀ ਥਾਂ ਮੰਡੀ ਵਿਚ ਮੋਮਬੱਤੀਆਂ ਜਗਾ ਕੇ ਦੀਵਾਲੀ ਮਨਾਈ ਹੈ, ਪਰ ਪਰਿਵਾਰ ਤੇ ਬੱਚੇ ਘਰਾਂ ਵਿਚ ਹਨ, ਅਸੀਂ ਇੱਥੇ ਫ਼ਸਲ ਦੀ ਰੱਖਿਆ ਕਰ ਰਹੇ ਹਾਂ | ਖ਼ਰੀਦ ਪ੍ਰਕਿਰਿਆ ਇੰਨੀ ਧੀਮੀ ਹੈ ਕਿ ਖੁੱਲ੍ਹੇ ਵਿਚ ਪਏ ਝੋਨੇ ਦੇ ਢੇਰ ਰੱਬ ਆਸਰੇ ਪਏ ਹੋਏ ਹਨ | ਉਨ੍ਹਾਂ ਅਜੀਤ ਨਾਲ ਗੱਲ ਕਰਦੇ ਹੋਏ ਕਿਹਾ ਕਿ ਨਮੀ ਵੱਧ ਮਾਤਰਾ ਦੇ ਨਾਮ 'ਤੇ ਇਕ ਕੁਇੰਟਲ ਝੋਨੇ ਮਗਰ ਇੱਕ ਤੋਂ ਦੋ ਕਿੱਲੋ ਝੋਨੇ ਦੀ ਕਟੌਤੀ ਕਰਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਵਲੋਂ ਇਸ ਮਾਮਲੇ 'ਚ ਆੜ੍ਹਤੀਆਂ ਅਤੇ ਸ਼ੈਲਰ ਮਾਲਕਾ ਨੂੰ ਜ਼ੰੁਮੇਵਾਰ ਠਹਿਰਾਇਆ ਗਿਆ ਹੈ | ਮੰਡੀਆਂ ਵਿਚ ਹੀ ਕਿਸਾਨਾਂ ਦੇ ਬੈਠਣ ਜਾਂ ਸੌਣ ਲਈ ਢੰਗ ਦੀ ਥਾਵਾਂ ਅਤੇ ਸੈੱਡ ਦੀ ਘਾਟ ਹੋਣ ਕਾਰਨ ਕਿਸਾਨ ਨੂੰ ਆਪਣੇ ਟਰੈਕਟਰ-ਟਰਾਲਿਆਂ ਵਿਚ ਹੀ ਰਾਤ ਕੱਟ ਰਹੇ ਹਨ | ਤਿਉਹਾਰ ਦੇ ਦਿਨ ਉਨ੍ਹਾਂ ਨੇ ਆਪਸ ਵਿਚ ਘਰਾਂ ਤੋਂ ਭੇਜੇ ਹੋਏ ਮਿੱਠੇ ਤੇ ਖਾਣੇ ਸਾਂਝੇ ਕਰਕੇ ਮਨੋਬਲ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਹੈ | ਕਿਸਾਨ ਯੂਨੀਅਨ ਦੇ ਆਗੂ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ, 'ਸਰਕਾਰ ਹਰ ਵਾਰੀ ਦਾਅਵਾ ਕਰਦੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਪਰ ਹਕੀਕਤ ਇਸ ਤੋਂ ਉਲਟ ਹੈ | ਖ਼ਰੀਦ ਪ੍ਰਕਿਰਿਆ ਧੀਮੀ ਰਫ਼ਤਾਰ ਵਿਚ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਜਿੱਥੇ ਸਰਕਾਰੀ ਦਫ਼ਤਰ ਬੰਦ ਰਹੇ, ਉੱਥੇ ਮੰਡੀਆਂ ਵਿਚ ਕਿਸਾਨਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ |