ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸੂਬੇ ਭਰ 'ਚ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਸੱਤਾਧਿਰ ਦੇ ਆਗੂਆਂ ਵਲੋਂ ਖ਼ਰੀਦ ਪ੍ਰਬੰਧਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ | ਇਸੇ ਲੜੀ 'ਚ ਅੱਜ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਭਰਾ ਅਤੇ ਸੀਨੀਅਰ 'ਆਪ' ਆਗੂ ਐਡਵੋਕੇਟ ਉਦੈਵੀਰ ਸਿੰਘ ਨੇ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਦੀ ਅਨਾਜ ਮੰਡੀ 'ਚ ਪਹੁੰਚ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਝੋਨੇ ਦੀਆਂ ਕੁਝ ਢੇਰੀਆਂ ਦੀ ਰਸਮੀ ਖ਼ਰੀਦ ਵੀ ਸ਼ੁਰੂ ਕਰਵਾਈ | ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਐਡਵੋਕੇਟ ਉਦੈਵੀਰ ਸਿੰਘ ਨੇ ਦਾਅਵਾ ਕੀਤਾ ਕਿ ਅਨਾਜ ਮੰਡੀ ਜਗਾ ਰਾਮ ਤੀਰਥ 'ਚ ਕਿਸਾਨਾਂ ਨੂੰ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨਾਂ ਦੀ ਸਹੂਲਤਾਂ ਲਈ ਸਾਰੇ ਲੋੜੀਂਦੇ ਪ੍ਰਬੰਧ ਵੀ ਮੰਡੀ ਬੋਰਡ ਅਤੇ ਖ਼ਰੀਦ ਏਜੰਸੀਆਂ ਵਲੋਂ ਕੀਤੇ ਗਏ ਹਨ | ਇਸ ਮੌਕੇ ਉਨ੍ਹਾਂ ਨਾਲ ਰੇਸ਼ਮ ਸਿੰਘ ਜ਼ੈਲਦਾਰ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਗੁਰਤੇਜ ਸਿੰਘ ਧਾਲੀਵਾਲ, ਅਵਤਾਰ ਸਿੰਘ ਤਾਰੀ, ਗੁਰਾ ਸਿੰਘ ਪੰਚ, ਕਰਨ ਸਿੰਘ, ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਹੈਪੀ ਸੇਠ, ਅਸ਼ੋਕ ਕੁਮਾਰ ਤੇ ਗਗਨ ਬਹਿਣੀਵਾਲ ਆਦਿ ਮੌਜੂਦ ਨਜ਼ਰ ਆਏ |
ਐਡਵੋਕੇਟ ਉਦੈਵੀਰ ਸਿੰਘ ਨੇ ਅਨਾਜ ਮੰਡੀ ਪਹੁੰਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅਜੀਤ ਡੈਸਕ
24-10-2025