ਪਿਛਲੇ 3 ਮਹੀਨੇ ਤੋਂ ਜੀ.ਟੀ ਰੋਡ ਉੱਪਰ ਖੜ੍ਹਾ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ
ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ ਨੂੰ ਸਫ਼ਾਈ ਪੱਖੋਂ ਪਹਿਲੇ ਨੰਬਰ 'ਤੇ ਲਿਆਉਣ ਲਈ ਭਲੇ ਹੀ ਨਗਰ ਨਿਗਮ ਦੇ ਅਧਿਕਾਰੀ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਹਕੀਕਤ ਇਹ ਹੈ, ਕਿ ਪਿਛਲੇ 3 ਮਹੀਨੇ ਤੋਂ ਬਠਿੰਡਾ ਦੇ ਜੀ.ਟੀ ਰੋਡ ਉੱਪਰ ਖੜ੍ਹਾ ਗੰਦਾ ਪਾਣੀ ਸਵੱਛਤਾ ਅਭਿਆਨ ਨੂੰ ਮੂੰਹ ਚਿੜਾਉਂਦਾ ਨਜ਼ਰ ਆ ਰਿਹਾ ਹੈ | ਇਸ ਮਾਮਲੇ ਸੰਬੰਧੀ ਸ਼ਹਿਰ ਦੇ ਲੋਕਾਂ ਦੁਆਰਾ ਕਈ ਵਾਰ ਨਿਗਮ 'ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਪਰ ਨਿਗਮ ਅਧਿਕਾਰੀਆਂ ਵਲੋਂ ਕੰਪਿਊਟਰ ਦੇ ਕੀ ਬੋਰਡ ਦੀਆਂ ਫ਼ੋਟੋਆਂ ਪਾ ਕੇ ਸ਼ਿਕਾਇਤਾਂ ਨੂੰ ਜਾਣਬੁੱਝ ਕੇ ਬੰਦ ਕਰਦੇ ਹੋਏ ਹੱਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ | ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਪੰਜਾਬ ਸਰਕਾਰ ਦੇ ਪੋਰਟਲ, ਸਵੱਛਤਾ ਐਪ ਦੇ ਰਾਹੀ ਅਤੇ ਨਗਰ ਨਿਗਮ ਦੇ ਪੋਰਟਲ ਦੇ ਰਾਹੀ ਦਰਜਨਾਂ ਦੀ ਗਿਣਤੀ ਵਿਚ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਇਕ ਪਾਸੇ ਤਾਂ ਨਗਰ ਨਿਗਮ ਹਰ ਸਾਲ ਲੱਖਾਂ ਰੁਪਏ ਫੋਗਿੰਗ ਕਰਨ 'ਤੇ ਖ਼ਰਚ ਕਰ ਰਿਹਾ ਹੈ, ਦੂਸਰੇ ਪਾਸੇ ਜੀ.ਟੀ ਰੋਡ ਉੱਪਰ ਤਿੰਨ ਮਹੀਨੇ ਤੋਂ ਖੜ੍ਹਾ ਗੰਦਾ ਪਾਣੀ ਲੋਕਾਂ ਨੂੰ ਬਿਮਾਰੀਆਂ ਦੀ ਸੌਗਾਤ ਵੰਡ ਰਿਹਾ ਹੈ | ਇਸ ਮੌਕੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਜੀ.ਟੀ ਰੋਡ 'ਤੇ ਹਾਜੀ ਰਤਨ ਚੌਂਕ ਦੇ ਕੋਲ ਪਿਛਲੇ ਤਿੰਨ ਮਹੀਨੇ ਤੋਂ ਖੜ੍ਹਾ ਗੰਦਾ ਪਾਣੀ ਬਹੁਤ ਜ਼ਿਆਦਾ ਬਦਬੂ ਮਾਰਨ ਲੱਗ ਪਿਆ ਹੈ | ਜਿਸ ਦੀ ਬਦਬੂ ਸ਼ਾਇਦ ਹੁਣ ਤੱਕ ਨਗਰ ਨਿਗਮ ਦੇ ਸਬੰਧਿਤ ਅਫ਼ਸਰਾਂ ਦੇ ਨੱਕਾਂ ਤੱਕ ਨਹੀ ਪਹੁੰਚੀ | ਇਸ ਖੜ੍ਹੇ ਗੰਦੇ ਪਾਣੀ ਦੇ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਦਿਨੋ ਦਿਨ ਵੱਧ ਰਿਹਾ ਹੈ | ਦੱਸਣ ਬਣਦਾ ਹੈ, ਕਿ ਇਸ ਗੰਦੇ ਪਾਣੀ ਵਾਲੀ ਥਾਂ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਸਿਹਤ ਵਿਭਾਗ ਸਿਵਲ ਸਰਜਨ ਦਫ਼ਤਰ ਹੈ, ਜਿੰਨ੍ਹਾਂ ਵਲੋਂ ਸਮੇਂ-ਸਮੇਂ 'ਤੇ ਟੀਮਾਂ ਬਣਾ ਕੇ ਲੋਕਾਂ ਨੂੰ ਸਫ਼ਾਈ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਵੀ ਪਿਛਲੇ ਤਿੰਨ ਮਹੀਨੇ ਤੋਂ ਖੜ੍ਹਾ ਗੰਦਾ ਪਾਣੀ ਨਜ਼ਰ ਨਹੀ ਆਇਆ ਜਾਂ ਜਾਣਬੱੁਝ ਕੇ ਅਣਜਾਣ ਬਣੇ ਬੈਠੇ ਹਨ | ਗੋਇਲ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ 16 ਅਕਤੂਬਰ 2025 ਨੂੰ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੂੰ ਮਿਲ ਕੇ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਸਬੂਤਾਂ ਦੇ ਅਧਾਰ 'ਤੇ ਦਿੱਤੀ ਗਈ ਸੀ | ਮੇਅਰ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ, ਕਿ ਉਹ ਅੱਜ ਹੀ ਇਸ ਦਾ ਹੱਲ ਕਰਵਾ ਦੇਣਗੇ, ਪਰ ਇਕ ਹਫ਼ਤਾ ਬੀਤ ਜਾਣ 'ਤੇ ਵੀ ਉਸ ਥਾਂ ਦੇ ਹਾਲਾਤ ਉਸੇ ਤਰ੍ਹਾਂ ਹੀ ਬਣੇ ਹੋਏ ਹਨ | ਸੰਜੀਵ ਗੋਇਲ ਨੇ ਦੱਸਿਆ ਕਿ ਇਸ ਗੰਦੇ ਪਾਣੀ ਸੰਬੰਧੀ ਸ਼ਿਕਾਇਤ ਪੰਜਾਬ ਸਰਕਾਰ ਦੇ ਪੋਰਟਲ ਉੱਪਰ ਪਾਉਣ ਮਗਰੋਂ ਨਗਰ ਨਿਗਮ ਨੇ ਸ਼ਿਕਾਇਤ ਸੀਵਰੇਜ ਬੋਰਡ ਦਾ ਕੰਮ ਕਹਿ ਕੇ ਟਰਾਂਸਫ਼ਰ ਕਰ ਦਿੱਤੀ ਗਈ ਸੀ, ਪਰ ਸੀਵਰੇਜ ਬੋਰਡ ਦੇ ਅਫ਼ਸਰਾਂ ਵਲੋਂ ਇਸ ਸ਼ਿਕਾਇਤ ਦਾ ਸੰਬੰਧੀ ਨਗਰ ਨਿਗਮ ਨਾਲ ਹੈ, ਲਿਖ ਕੇ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਜਾਪਦਾ ਹੈ, ਕਿ ਨਗਰ ਨਿਗਮ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ |
ਨਗਰ ਨਿਗਮ ਮੇਅਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਨਿਗਮ ਅਧਿਕਾਰੀ
ਅਜੀਤ ਡੈਸਕ
24-10-2025