ਬਠਿੰਡਾ, 23 ਅਕਤੂਬਰ (ਪੱਤਰ ਪ੍ਰੇਰਕ)- ਬਠਿੰਡਾ ਦੀ ਇਕ ਅਦਾਲਤ ਨੇ ਸਾਲ ਕੁ ਪਹਿਲਾਂ ਇਕ ਨਾਬਾਲਗਾ ਨੂੰ ਵਰਗਲਾਉਣ ਸੰਬੰਧੀ ਦਰਜ ਹੋਏ ਮਾਮਲੇ ਦਾ ਨਿਪਟਾਰਾ ਕਰਦਿਆਂ ਇਕ ਵਿਅਕਤੀ ਨੂੰ ਉਕਤ ਦੋਸ਼ਾਂ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿਚ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਪਰ ਵਾਪਸ ਨਹੀਂ ਆਈ | ਜਿਸ ਮਗਰੋਂ ਉਨ੍ਹਾਂ ਨੇ ਸਕੂਲ ਵਿਚ ਜਾ ਕੇ ਅਧਿਆਪਕਾਂ ਤੇ ਉਸ ਦੀਆਂ ਸਹੇਲੀਆਂ ਤੋਂ ਲੜਕੀ ਬਾਰੇ ਪਤਾ ਕੀਤਾ ਤਾਂ ਲੜਕੀ ਬਾਰੇ ਕੁਝ ਪਤਾ ਨਹੀਂ ਲੱਗਿਆ | ਉਨ੍ਹਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਵੀ ਲੜਕੀ ਦੀ ਭਾਲ ਕੀਤੀ ਪਰ ਉਹ ਉਥੇ ਵੀ ਨਹੀਂ ਸੀ | ਪੜਤਾਲ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਲੜਕੀ ਨੂੰ ਨਾਨਕ ਸਿੰਘ ਵਾਸੀ ਗੁਰੂਸਰ ਜਲਾਲ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਫੁਸਲਾ ਕੇ ਕਿਧਰੇ ਲੈ ਗਿਆ ਅਤੇ ਉਸ ਦਾ ਸਾਥ ਰਵਿੰਦਰ ਸਿੰਘ ਵਾਸੀ ਕਾਂਗੜ ਨੇ ਦਿੱਤਾ, ਜਿਸ ਮਗਰੋਂ ਥਾਣਾ ਦਿਆਲਪੁਰਾ ਦੀ ਪੁਲਿਸ ਨੇ 31 ਅਗਸਤ 2024 ਨੂੰ ਨਾਨਕ ਸਿੰਘ ਤੇ ਰਵਿੰਦਰ ਸਿੰਘ ਖਿਲਾਫ ਧਾਰਾ 137 (2), 87, 61 (1) ਬੀਐਨਐਸ 4 ਪਾਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਪਰ ਪੁਲਿਸ ਪੜਤਾਲ ਦੌਰਾਨ ਲੜਕੀ ਨੂੰ ਭਜਾਉਣ 'ਚ ਰਵਿੰਦਰ ਸਿੰਘ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ, ਜਿਸ ਕਰਕੇ ਉਸ ਦਾ ਅਦਾਲਤ 'ਚ ਚਲਾਣ ਪੇਸ਼ ਨਹੀਂ ਹੋਇਆ | ਜਦਕਿ ਨਾਨਕ ਸਿੰਘ ਖਿਲਾਫ ਕੇਸ ਵਿਚਾਰਅਧੀਨ ਸੀ | ਨਾਨਕ ਸਿੰਘ ਨੇ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਹਰਪਾਲ ਸਿੰਘ ਖਾਰਾ ਨੂੰ ਮੁਕੱਰਰ ਕੀਤਾ, ਜਿਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਅਤੇ ਸਬੂਤਾਂ ਦੀ ਘਾਟ ਦੇ ਚੱਲਦਿਆਂ ਜੱਜ ਸਪੈਸ਼ਲ ਕੋਰਟ ਨੇ ਨਾਨਕ ਸਿੰਘ ਨੂੰ ਉਕਤ ਦੋਸ਼ਾਂ ਵਿਚੋਂ ਬਰੀ ਕਰ ਦਿੱਤਾ ਹੈ |