13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੇਅਰ ਦੇ ਸਲਾਹਕਾਰ ਕੌਂਸਲਰ ਸ਼ਾਮ ਲਾਲ ਜੈਨ ਨੇ ਜਿੱਤੀ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ <br/>

ਅਜੀਤ ਡੈਸਕ 05-11-2025
ਬਠਿੰਡਾ, 4 ਨਵੰਬਰ (ਸੱਤਪਾਲ ਸਿੰਘ ਸਿਵੀਆਂ)-ਕਾਂਗਰਸੀ ਕੌਂਸਲਰਾਂ ਦੇ ਭਾਰੀ ਬਹੁਮਤ ਨਾਲ ਨਗਰ ਨਿਗਮ ਬਠਿੰਡਾ 'ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਦਾ ਨਿਗਮ ਤੋਂ ਹੋਲੀ-ਹੌਲੀ ਸਫ਼ਾਇਆ ਹੋ ਗਿਆ ਹੈ, ਜਿੱਥੇ ਆਪਸੀ ਕਾਟੋ-ਕਲੇਸ਼ ਕਰਕੇ ਕਾਂਗਰਸ ਪਹਿਲਾਂ ਮੇਅਰ ਦੀ ਕੁਰਸੀ ਆਪਣੇ ਹੱਥੋਂ ਗੁਆ ਚੁੱਕੀ ਹੈ, ਉੱਥੇ ਅੱਜ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਵੀ ਰਸਮੀ ਤੌਰ 'ਤੇ ਕਾਂਗਰਸ ਕੋਲੋਂ ਖੁੱਸ ਗਿਆ ਹੈ, ਕਿਉਂਕਿ ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿਚ ਸੱਤਾਧਾਰੀ ਧਿਰ ਖ਼ਾਸਕਰ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੀ ਹਮਾਇਤ ਪ੍ਰਾਪਤ ਕੌਂਸਲਰ ਸ਼ਾਮ ਲਾਲ ਜੈਨ ਇਸ ਚੋਣ 'ਚ ਜੇਤੂ ਰਹੇ ਹਨ, ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਭਾਰੀ ਫ਼ਰਕ ਨਾਲ ਹਰਾਇਆ ਹੈ | ਸੀਨੀਅਰ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨ ਮੈਡਮ ਪੂਨਮ ਸਿੰਘ, ਨਗਰ ਨਿਗਮ ਦੇ ਕਮਿਸ਼ਨ ਮੈਡਮ ਕੰਚਨ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਨਿਗਰਾਨੀ ਹੇਠ ਨਿਗਮ ਦੇ ਕਾਨਫ਼ਰੰਸ ਹਾਲ ਵਿਖੇ ਸ਼ੁਰੂ ਹੋਈ, ਜਿਸ ਵਿਚ ਸ਼ਹਿਰ ਦੇ ਕੁਲ 50 'ਚੋਂ 42 ਕੌਂਸਲਰ ਹਾਜ਼ਰ ਹੋਏ, ਜਦਕਿ ਬਠਿੰਡਾ ਸ਼ਹਿਰੀ ਦੇ ਵਿਧਾਇਕ ਅਤੇ ਉਸ ਦੇ ਖੇਮੇ ਦੇ ਤਿੰਨ ਕੌਂਸਲਰਾਂ ਸਮੇਤ ਕੁਲ 8 ਕੌਂਸਲਰ ਗੈਰ-ਹਾਜ਼ਿਰ ਰਹੇ | ਇਸ ਦੌਰਾਨ ਕੌਂਸਲਰ ਰਤਨ ਰਾਹੀ ਵਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੇ ਉਮੀਦਵਾਰ ਲਈ ਸੱਤਾਧਾਰੀ ਧਿਰ ਨਾਲ ਸਬੰਧਿਤ ਕੌਂਸਲਰ ਸ਼ਾਮ ਲਾਲ ਜੈਨ ਦੇ ਨਾਂਅ ਦੀ ਪੇਸ਼ਕਸ਼ ਕੀਤੀ ਗਈ, ਜਿਸ ਦੀ ਕੌਂਸਲਰ ਓਮੇਸ਼ ਗੋਗੀ ਨੇ ਤਾਈਦ ਕੀਤੀ, ਜਦਕਿ ਦੂਜੇ ਪਾਸੇ ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵਲੋਂ ਉਕਤ ਅਹੁਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕੌਂਸਲਰ ਹਰਵਿੰਦਰ ਸਿੰਘ ਲੱਡੂ ਦੇ ਨਾਂਅ ਦੀ ਪੇਸ਼ਕਸ਼ ਕੀਤੀ ਗਈ, ਜਿਸ ਦੀ ਤਾਈਦ ਸਾਬਕਾ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਪ੍ਰਧਾਨ ਨੇ ਕੀਤੀ | ਇਸ ਦੌਰਾਨ ਹਾਜ਼ਰੀਨ 42 ਕੌਂਸਲਰਾਂ 'ਚੋਂ 30 ਕੌਂਸਲਰ ਸ਼ਾਮ ਲਾਲ ਜੈਨ ਦੇ ਹੱਕ ਵਿਚ ਹੱਥ ਖੜੇ ਕਰਕੇ ਭੁਗਤੇ ਜਦਕਿ 12 ਕੌਂਸਲਰਾਂ ਨੇ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਦੀ ਹਮਾਇਤ ਕੀਤੀ, ਪਰ ਵੋਟ ਪ੍ਰਕਿਰਿਆ ਤੋਂ ਪਹਿਲਾਂ ਆਪਣਾ ਪੱਲਾ ਨਾਜ਼ੁਕ ਦੇਖਦਿਆਂ ਕਾਂਗਰਸੀ ਉਮੀਦਵਾਰ ਲੱਡੂ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ 'ਚੋਂ ਆਪਣਾ ਨਾਂਅ ਵਾਪਸ ਲੈਣਾ ਜਾਇਜ਼ ਸਮਝਿਆ, ਜਿਸ ਬਾਅਦ ਪਹਿਲਾਂ ਹੀ ਬਹੁਮਤ ਪ੍ਰਾਪਤ ਉਮੀਦਵਾਰ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਤੇ ਉਹ ਨਗਰ ਨਿਗਮ ਬਠਿੰਡਾ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ | ਬੇਸ਼ੱਕ ਜੈਨ ਨਗਰ ਨਿਗਮ ਦੀਆਂ ਆਗਾਮੀ ਸਾਲ ਫਰਵਰੀ 2026 ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਘੱਟ ਕਰੀਬ ਚਾਰ ਕੁ ਮਹੀਨਿਆਂ ਲਈ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਉੱਪਰ ਬਰਕਰਾਰ ਰਹਿਣਗੇ, ਪਰ ਇਸ ਜਿੱਤ ਨੇ ਸਾਫ਼ ਕਰ ਦਿੱਤਾ ਹੈ ਕਿ ਪਹਿਲਾਂ ਸੱਤਾਧਾਰੀ ਧਿਰ 'ਆਪ' ਦੇ ਇਕਲੌਤੇ ਉਮੀਦਵਾਰ ਵਜੋਂ ਵਾਰਡ ਨੰਬਰ 48 ਦੀ ਚੋਣ ਜਿੱਤਣ ਵਾਲੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਜਿੱਥੇ ਮੇਅਰ ਦੀ ਕੁਰਸੀ ਹਾਸਿਲ ਕਰਨ ਵਿਚ ਕਾਮਯਾਬ ਰਹੇ, ਉੱਥੇ ਉਨ੍ਹਾਂ ਨੇ ਅੱਜ ਵੀ ਆਪਣੇ ਖੇਮੇ ਦੇ ਸਾਰੇ ਧਿਰਾਂ ਦੇ ਕੌਂਸਲਰਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਤੇ ਇਹ ਜਿੱਤ ਪ੍ਰਾਪਤ ਕੀਤੀ ਹੈ | ਇਸ ਜਿੱਤ ਨਾਲ ਨੌਜਵਾਨ ਮੇਅਰ ਦਾ ਕੱਦ ਹੋਰ ਉੱਚਾ ਹੋਇਆ ਹੈ | ਜ਼ਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਅਸ਼ੋਕ ਕੁਮਾਰ ਪ੍ਰਧਾਨ ਵਿਰੁੱਧ ਬੇਭਰੋਸਗੀ ਮਤਾ ਪੈਣ ਉਪਰੰਤ ਉਨ੍ਹਾਂ ਨੂੰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀ ਜਗ੍ਹਾ ਉੱਪਰ ਅੱਜ ਹੋਈ ਚੋਣ ਦੌਰਾਨ ਜੈਨ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ! ਇਸ ਤੋਂ ਇਲਾਵਾ ਨਿਗਮ ਦੀ ਤੀਸਰੀ ਵੱਡੀ ਡਿਪਟੀ ਮੇਅਰ ਦੀ ਕੁਰਸੀ ਤੋਂ ਕਾਂਗਰਸ ਕੌਂਸਲਰ ਮਾਸਟਰ ਹਰਮੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਬਾਅਦ ਉਸ ਅਹੁਦੇ ਉੱਪਰ ਵੀ ਚੋਣ ਹੋਣੀ ਬਾਕੀ ਹੈ | ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਜੈਨ ਇਸ ਵੇਲੇ ਮੇਅਰ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾ ਰਹੇ ਹਨ |
ਆਪ, ਅਕਾਲੀ ਦਲ ਤੇ ਭਾਜਪਾ ਦਾ ਹੋਇਆ ਗੱਠਜੋੜ-ਅਗਰਵਾਲ
ਇਸ ਚੋਣ 'ਤੇ ਟਿੱਪਣੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇਵਲ ਕਿ੍ਸ਼ਨ ਅਗਰਵਾਲ ਨੇ ਕਿਹਾ ਕਿ ਇਸ ਚੋਣ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੱਤਾਧਾਰੀ ਧਿਰ ਆਪ ਅਤੇ ਵਿਰੋਧੀ ਸਿਆਸੀ ਧਿਰਾਂ ਅਕਾਲੀ ਦਲ ਅਤੇ ਭਾਜਪਾ ਆਪਸ ਵਿਚ ਰਲੇ ਹੋਏ ਹਨ ਤੇ ਸਾਰਿਆਂ ਨੇ ਆਪਸੀ ਅੰਦਰੂਨੀ ਗੱਠਜੋੜ ਕੀਤਾ ਹੋਇਆ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਸੱਤਾਧਾਰੀ ਧਿਰ ਮੂਹਰੇ ਇਸ ਤਰ੍ਹਾਂ ਗੋਡੇ ਟੇਕਣਾ ਲੋਕ ਹਿੱਤ ਲਈ ਘਾਤਕ ਹੈ, ਜਿਸ ਤੋਂ ਆਮ ਲੋਕ ਸੁਚੇਤ ਰਹਿਣ | ਉਨ੍ਹਾਂ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਖੜ੍ਹਨ ਵਾਲੇ ਇਕ ਦਰਜਨ ਕੌਂਸਲਰਾਂ ਦਾ ਧੰਨਵਾਦ ਕੀਤਾ |
-ਪਹਿਲਾਂ ਲੱਡੂ ਦੇ ਨਾਂਅ ਦੀ ਕੀਤੀ ਪੇਸ਼ਕਸ਼, ਫੇਰ ਚੋਣ 'ਚੋਂ ਹਟਾਇਆ ਪਿੱਛੇ
ਇਸ ਚੋਣ ਪ੍ਰਕਿਰਿਆ ਦੌਰਾਨ ਪਹਿਲਾਂ ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵਲੋਂ ਹਰਵਿੰਦਰ ਸਿੰਘ ਲੱਡੂ ਦੇ ਨਾਂਅ ਦੀ ਕਾਂਗਰਸੀ ਉਮੀਦਵਾਰ ਵਜੋਂ ਪੇਸ਼ਕਸ਼ ਕੀਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਵਲੋਂ ਹੀ ਲੱਡੂ ਨੂੰ ਚੋਣ ਪ੍ਰਕਿਰਿਆ 'ਚੋਂ ਪਿੱਛੇ ਹਟਣ ਲਈ ਕਿਹਾ ਗਿਆ, ਜਿਸ ਬਾਅਦ ਲੱਡੂ ਨੇ ਆਪਣਾ ਨਾਂਅ ਵਾਪਸ ਲੈ ਲਿਆ ਤੇ ਵਿਰੋਧੀ ਉਮੀਦਵਾਰ ਜੈਨ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਤੇ ਉਹ ਸੀਨੀਅਰ ਡਿਪਟੀ ਮੇਅਰ ਬਣ ਗਏ |
ਇਹ ਦੋਹਰਾ ਫ਼ੈਸਲਾ ਕਾਫੀ ਚਰਚਾ ਤੇ ਗੁੱਝੀ ਰਮਜ਼ ਬਣਿਆ ਹੋਇਆ ਹੈ |
ਇਸ ਸੰਬੰਧੀ ਮਾਸਟਰ ਹਰਮੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਫ਼ੈਸਲਾ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਲਿਆ ਹੈ, ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਅਤੇ ਧੜੇਬੰਦੀ ਉੱਪਰ ਉੱਠ ਹੋ ਸਕਣ, ਦੂਸਰਾ ਜਦੋਂ ਸਾਡਾ ਉਮੀਦਵਾਰ ਜਨਤਕ ਤੌਰ 'ਤੇ ਦੋਵੇਂ ਉਮੀਦਵਾਰਾਂ ਬਾਰੇ ਕੌਂਸਲਰਾਂ ਦੇ ਲਏ ਗਏ ਸਮਰਥਨ ਦੌਰਾਨ ਹਾਰ ਗਿਆ ਸੀ ਤਾਂ ਫੇਰ ਵੋਟਾਂ ਦੀ ਚੋਣ ਪ੍ਰਕਿਰਿਆ ਵਿਚ ਪੈਣ ਦੀ ਲੋੜ ਨਹੀਂ ਰਹੀ ਸੀ | ਉਨ੍ਹਾਂ ਕਿਹਾ ਕਿ ਇਹ ਚੋਣ ਵੀ ਸਿਰਫ਼ ਦੋ-ਤਿੰਨ ਮਹੀਨਿਆਂ ਲਈ ਹੈ, ਜਿਸ ਪਿੱਛੇ ਭੱਜਣ ਵਿਚ ਕੋਈ ਜ਼ਿਆਦਾ ਦਮ ਨਹੀਂ ਸੀ, ਜਿਸ ਲਈ ਉਮੀਦਵਾਰ ਲੱਡੂ ਨੇ ਉਨ੍ਹਾਂ ਦਾ ਕਹਿਣਾ ਮੰਨਦਿਆਂ ਚੋਣ ਪ੍ਰਕਿਰਿਆ 'ਚੋਂ ਆਪਣਾ ਨਾਂਅ ਵਾਪਸ ਲੈ ਕੇ ਸ਼ਹਿਰ ਦੇ ਵਿਕਾਸ ਦੇ ਹਿੱਤ ਵਿਚ ਫ਼ੈਸਲਾ ਲਿਆ ਹੈ |

ਪਿਛਲੀ ਖ਼ਬਰ ਸਮਰਹਿਲ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ <br/> ਅਗਲੀ ਖ਼ਬਰ ਨਸ਼ਾ ਵੇਚਣ ਅਤੇ ਨਸ਼ਾ ਕਰਨ ਦੇ ਮਾਮਲੇ 'ਚ 2 ਔਰਤਾਂ ਸਮੇਤ 7 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।