ਨਥਾਣਾ, 17 ਜੂਨ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ਵਿਖੇ ਪੰਜਾਬ ਪੁਲਿਸ ਦੀ ਟੀਮ ਵਲੋਂ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤਹਿਤ ਜਨਤਕ ਮੀਟਿੰਗ ਕੀਤੀ ਗਈ | ਇਸ ਮੌਕੇ ਡੀ.ਐਸ.ਪੀ. ਭੁੱਚੋ ਮੰਡੀ ਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਜਨਤਾ ਦਾ ਸਹਿਯੋਗ ਹੋਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਜਵਾਨ ਹੋ ਰਹੇ ਬੱਚਿਆਂ ਦੀਆਂ ਗਤੀਵਿਧੀਆਂ ਉੱਪਰ ਪਾਰਖੂ ਨਜ਼ਰ ਰੱਖਣੀ ਚਾਹੀਦੀ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ਿਆਂ 'ਤੇ ਲੱਗ ਚੁੱਕੇ ਨੌਜਵਾਨਾਂ ਨੂੰ ਨਫ਼ਰਤ ਕਰਨ ਦੀ ਬਿਜਾਏ ਉਨ੍ਹਾਂ ਨੂੰ ਪ੍ਰੇਰਨਾ ਦੇ ਕੇ ਨਸ਼ਾ ਛੱਡਣ ਵਾਲੀ ਦਿਸ਼ਾ ਤੋਰਿਆ ਜਾਵੇ | ਮੁੱਖ ਥਾਣਾ ਅਫ਼ਸਰ ਨਥਾਣਾ ਦਿਲਬਾਗ ਸਿੰਘ ਨੇ ਕਿਹਾ ਕਿ ਸਮਾਜ ਵਿਚ ਨਸ਼ੇ ਫੈਲਾਉਣ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਨਸ਼ੇ 'ਤੇ ਲੱਗ ਚੁੱਕੇ ਨੌਜਵਾਨਾਂ ਦੇ ਮਾਪਿਆਂ ਨੂੰ ਉਨ੍ਹਾਂ ਉੱਪਰ ਪਰਦਾਪੋਸ਼ੀ ਕਰਨਾ ਛੱਡ ਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪੁਲਿਸ ਕੋਲ ਹਾਜ਼ਰ ਕੀਤਾ ਜਾਵੇ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਛੁਡਾਉਣ ਲਈ ਸਰਕਾਰੀ ਪੱਧਰ 'ਤੇ ਪੂਰੇ ਇੰਤਜ਼ਾਮ ਕੀਤੇ ਹੋਏ ਹਨ ਅਤੇ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਨੂੰ ਆਧੁਨਿਕ ਸਹੂਲਤਾਂ ਵਾਲੇ ਨਸ਼ਾ ਛੁਡਾਊ ਕੇਂਦਰ ਵਿਚ ਭੇਜਿਆ ਜਾ ਚੁੱਕਾ ਹੈ | ਇਸ ਮੌਕੇ ਨਗਰ ਨਥਾਣਾ ਦੇ ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ, ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ, ਸਾਬਕਾ ਕੌਂਸਲਰ ਗੁਰਪਿਆਰ ਸਿੰਘ ਰਿੱਚੀ, ਨਿਰਮਲ ਸਿੰਘ, ਸੁਖਮੰਦਰ ਸਿੰਘ, ਹਰਪਾਲ ਸਿੰਘ, ਅਮਨਦੀਪ ਸਿੰਘ ਅਤੇ ਹੋਰਨਾ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ |