01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਗਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 21-06-2025
ਬਠਿੰਡਾ, 20 ਜੂਨ (ਸੱਤਪਾਲ ਸਿੰਘ ਸਿਵੀਆਂ)-ਮਗਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਨਰੇਗਾ ਵਰਕਰਜ਼ ਯੂਨੀਅਨ (ਰਜਿ 13/2010) ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦੇਖਦਿਆਂ ਪੁਲਿਸ ਬਲ ਵਲੋਂ ਸਕੱਤਰੇਤ ਦੇ ਮੁੱਖ ਗੇਟ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ | ਇਸ ਦੌਰਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਿਆ ਤੇ ਮੰਗਾਂ ਦਾ ਛੇਤੀ ਹੱਲ ਨਾ ਹੋਣ 'ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ |
ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਨਰੇਗਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਪੂਹਲਾ ਤੇ ਜਲੰਧਰ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵਲੋਂ ਨਰੇਗਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਹੁਣ ਉਨ੍ਹਾਂ ਨੂੰ ਆਪੋ-ਆਪਣੇ ਪਿੰਡਾਂ 'ਚ ਰੁਜ਼ਗਾਰ ਦੇਣ ਦੀ ਬਜਾਏ ਦੂਰ-ਦੁਰਾਡੇ ਖੇਤਰਾਂ 'ਚ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਕਈ ਵਾਰ ਜਾਨਲੇਵਾ ਹਾਦਸੇ ਵੀ ਵਾਪਰੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਦੀ ਹਾਜ਼ਰੀ ਕਿਸੇ ਜਗ੍ਹਾ ਹੋਰ ਲਗਵਾਈ ਜਾਂਦੀ ਹੈ ਤੇ ਕੰਮ ਕਿਸੇ ਹੋਰ ਜਗ੍ਹਾ 'ਤੇ ਲਿਆ ਜਾਂਦਾ ਹੈ, ਜਿੱਥੇ ਆਉਣ-ਜਾਣ ਲਈ ਇਨ੍ਹਾਂ ਮਜ਼ਦੂਰਾਂ ਨੂੰ ਸਾਧਨ ਦਾ ਭਾੜਾ ਪੱਲਿਓਾ ਭਰਨਾ ਪੈਂਦਾ ਹੈ ਤੇ ਉਨ੍ਹਾਂ ਦੇ ਪੱਲੇ ਤੁਛ ਜਿਹੀ ਨਰੇਗਾ ਦੀ ਦਿਹਾੜੀ ਦਾ ਅੱਧ ਵੀ ਪੱਲੇ ਨਹੀਂ ਪੈਂਦਾ | ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਕੀਤੇ ਗਏ ਕੰਮ ਦੇ ਪੈਸੇ 15 ਦਿਨਾਂ ਦੇ ਅੰਦਰ ਦਿੱਤੇ ਜਾਣ ਦੀ ਬਜਾਏ, ਕਈ-ਕਈ ਮਹੀਨੇ ਮਜ਼ਦੂਰਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਏ ਜਾਂਦੇ ਹਨ, ਜਦਕਿ ਉਹ ਇਸੇ ਪੈਸੇ ਉੱਪਰ ਨਿਰਭਰ ਹਨ |
ਉਨ੍ਹਾਂ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਨੂੰ ਪਹਿਲਾਂ ਵਾਂਗ ਉਨ੍ਹਾਂ ਦੇ ਪਿੰਡਾਂ 'ਚ ਹੀ ਰੁਜ਼ਗਾਰ ਦਿੱਤਾ ਜਾਵੇ, 100 ਦਿਨਾਂ ਦਾ ਕੰਮ ਦੇਣਾ ਯਕੀਨੀ ਬਣਾਇਆ ਜਾਵੇ, ਕੀਤੇ ਕੰਮ ਦੇ ਪੈਸੇ ਇਕ ਹਫ਼ਤੇ ਅੰਦਰ ਦਿੱਤੇ ਜਾਣ, ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨਰੇਗਾ ਮਜ਼ਦੂਰਾਂ ਲਈ ਬੀਮਾ ਯੋਜਨਾ ਤੇ ਮੁਆਵਜ਼ਾ ਯਕੀਨੀ ਬਣਾਇਆ ਜਾਵੇ ਅਤੇ ਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਨਰੇਗਾ ਕਾਰਡ ਉੱਪਰ ਲਗਾਈ ਜਾਵੇ, ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ |
ਪਿਛਲੀ ਖ਼ਬਰ ਐੱਸ.ਐੱਸ.ਪੀ. ਬਠਿੰਡਾ ਵਲੋਂ ਸੁਖਜਿੰਦਰ ਖੋਸਾ ਏ.ਐੱਸ.ਆਈ. ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅਮਰਜੀਤ ਮਹਿਤਾ ਨੇ ਬਾਬਾ ਦੀਪ ਸਿੰਘ ਨਗਰ ਸਥਿਤ ਡਿਸਪੋਜ਼ਲ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।