ਮਹਿਮਾ ਸਰਜਾ, 17 ਅਕਤੂਬਰ (ਬਲਦੇਵ ਸੰਧੂ): ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ, ਬੁਰਜ ਮਹਿਮਾ ਬਠਿੰਡਾ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਹ ਪਾਠ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਖ਼ੁਸ਼ੀ ਵਿਚ ਅਤੇ ਪੁਰਾਣੇ ਸੈਸ਼ਨ ਨੂੰ ਪੂਰੇ ਹੋਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ | ਸਮਾਰੋਹ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਇਹ ਪ੍ਰੇਰਣਾ ਦਿੱਤੀ ਗਈ ਕਿ ਜੀਵਨ ਦੀਆਂ ਕਠਨਾਈਆਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਗੁਰੂ ਦੀ ਬਾਣੀ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ | ਧਾਰਮਿਕ ਤੇ ਆਤਮਿਕ ਵਿਚਾਰਧਾਰਾ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਅਤੇ ਜੀਵਨ ਵਿਚ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ | ਇਸ ਮੌਕੇ ਇੰਸਟੀਚਿਊਟ ਦੇ ਸਮੂਹ ਸਟਾਫ਼ ਮੈਂਬਰਾਂ, ਜੀਐਨਐਮ ਅਤੇ ਏਐਨਐਮ ਦੇ ਵਿਦਿਆਰਥੀਆਂ ਨੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਨਿਭਾਈ | ਸ੍ਰੀ ਸੁਖਮਨੀ ਸਾਹਿਬ ਪਾਠ ਦੇ ਸਮਾਪਤੀ ਉਪਰੰਤ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ | ਇਸ ਪਵਿੱਤਰ ਸਮਾਰੋਹ ਨੇ ਇੰਸਟੀਚਿਊਟ ਵਿਚ ਆਤਮਿਕਤਾ ਅਤੇ ਏਕਤਾ ਦਾ ਸੁਨੇਹਾ ਫੈਲਾਇਆ ਅਤੇ ਸਭ ਨੂੰ ਗੁਰੂ ਬਾਣੀ ਦੇ ਸਿਧਾਂਤਾਂ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ |