ਖੰਨਾ, 21 ਜੂਨ (ਮਨਜੀਤ ਸਿੰਘ ਧੀਮਾਨ)-ਵਿਦੇਸ਼ ਗਈ ਅÏਰਤ ਦੇ ਬੰਦ ਪਏ ਮਕਾਨ ਦਾ ਜਿੰਦਰਾ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰਨ ਅਤੇ ਮਕਾਨ 'ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਖੰਨਾ ਵਿਖੇ ਪੁਲਿਸ ਨੇ 6 ਵਿਅਕਤੀਆਂ ਦੇ ਖ਼ਿਲਾਫ਼ ਧਾਰਾ 380, 506, 511, 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ | ਥਾਣਾ ਸਦਰ ਖੰਨਾ ਦੇ ਏ. ਐਸ. ਆਈ. ਅਵਤਾਰ ਸਿੰਘ ਨੇ ਦੱਸਿਆ ਤੇ ਖੰਨਾ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਸ਼ਿਕਾਇਤਕਰਤਾ ਸੁਖਦੇਵ ਕੌਰ ਵਾਸੀ ਪਿੰਡ ਬੀਜਾ ਨੇ ਦੱਸਿਆ ਕਿ ਉਹ 28 ਫਰਵਰੀ 2020 ਨੂੰ ਆਪਣੇ ਘਰ ਪਿੰਡ ਲਲਹੇੜੀ ਵਿਖੇ ਤਾਲੇ ਲਗਾ ਕੇ ਆਪਣੇ ਲੜਕੇ ਕੋਲ ਵਿਦੇਸ਼ ਆਸਟੇ੍ਰਲੀਆ ਚਲੀ ਗਈ ਸੀ ਅਤੇ ਕਰੀਬ ਪੰਜ ਸਾਲ ਬਾਅਦ ਵਿਚ ਇਸ ਸਾਲ ਮਾਰਚ ਵਿਚ ਵਾਪਸ ਇੰਡੀਆ ਆ ਗਈ ਸੀ | ਬਾਅਦ ਵਿਚ ਜਦੋਂ ਉਹ ਆਪਣੇ ਘਰ ਗਈ ਤਾਂ ਦੇਖਿਆ ਕਿ ਉਸ ਦੇ ਘਰ ਦੇ ਮੁੱਖ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਸੀ | ਉਸਦੇ ਮਕਾਨ ਵਿਚ ਕਿਰਨਦੀਪ ਕੌਰ ਉਰਫ਼ ਰਾਣੀ, ਸਤਪਾਲ ਸਿੰਘ, ਲਖਬੀਰ ਸਿੰਘ, ਜਸਵੀਰ ਸਿੰਘ ਉਰਫ਼ ਕਾਲੋ,ਵਾਸੀ ਵਾਸੀਅਨ ਪਿੰਡ ਲਲਹੇੜੀ ਉਕਤ ਸਾਰੇ ਕਮਰੇ ਵਿਚ ਬੈਠੇ ਸਨ ਜੋ ਸ਼ਿਕਾਇਤ ਕਰਤਾ ਨੂੰ ਦੇਖ ਕੇ ਘਬਰਾ ਗਏ ਅਤੇ ਕਿਰਨਦੀਪ ਕੌਰ ਉਰਫ਼ ਰਾਣੀ ਸ਼ਿਕਾਇਤ ਕਰਤਾ ਸੁਖਦੇਵ ਕੌਰ ਨਾਲ ਗਾਲੀ ਗਲੋਚ ਕਰਨ ਲੱਗ ਪਈ | ਇਹ ਸਾਰੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਹ ਸਾਜ਼ਿਸ਼ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਪਿੰਡ ਇੱਕੋਲਾਹਾ ਨੇ ਰਚੀ ਹੈ | ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |