ਦੋਰਾਹਾ, 16 ਅਕਤੂਬਰ (ਪੱਤਰ ਪ੍ਰੇਰਕ)-ਤਿਉਹਾਰਾਂ ਦੇ ਦਿਨਾਂ ਨੂੰ ਧਿਆਨ 'ਚ ਰੱਖਦੇ ਹੋਏ ਖ਼ੁਰਾਕ ਵਿਭਾਗ ਨੇ ਦੋਰਾਹਾ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀ ਡੇਅਰੀ 'ਤੇ ਛਾਪਾ ਮਾਰ ਕੇ ਨਮੂਨੇ ਇਕੱਠੇ ਕੀਤੇ | ਵਿਭਾਗ ਦੇ ਅਧਿਕਾਰੀ ਯੋਗੇਸ਼ ਗੋਇਲ ਨੇ ਕਿਹਾ ਕਿ ਇਹ ਰੁਟੀਨ ਚੈਕਿੰਗ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਜਾ ਰਹੀ ਹੈ | ਦੋ ਮਠਿਆਈਆਂ ਦੀਆਂ ਦੁਕਾਨਾਂ ਤੋਂ ਖੋਆ ਅਤੇ ਕਾਜੂ ਕਤਲੀ ਦੇ ਨਮੂਨੇ ਲਏ ਗਏ ਸਨ ਅਤੇ 2 ਡੇਅਰੀ ਤੋਂ ਪਨੀਰ ਅਤੇ ਦਹੀਂ ਦੇ ਨਮੂਨੇ ਲਏ ਗਏ ਸਨ | ਲੋਕਾਂ ਨੇ ਵਿਭਾਗ ਦੇ ਛਾਪੇਮਾਰੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਵਿਭਾਗ ਸਾਰਾ ਸਾਲ ਕੁੰਭਕਰਨ ਵਰਗੀ ਨੀਂਦ ਵਿੱਚ ਰਹਿੰਦਾ ਹੈ, ਸਿਰਫ ਦੀਵਾਲੀ ਦੇ ਮੌਕੇ 'ਤੇ ਬਾਜ਼ਾਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਨ ਲਈ ਆਉਂਦਾ ਹੈ |