ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਮਹੀਨੇ ਸਮਰਾਲਾ ਵਿਚ ਜਨਰੇਸ਼ਨ ਆਫ਼ ਫਾਰਮਿੰਗ ਕੰਪਨੀ ਵਿਚ ਨਿਵੇਸ਼ ਦੇ ਨਾਂਅ 'ਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ 8 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ | ਐਸ. ਐਸ. ਪੀ. ਖੰਨਾ ਨੇ ਮਾਮਲੇ ਦੀ ਜਾਂਚ ਇਕ ਐਸ. ਆਈ. ਟੀ. ਬਣਾਈ ਸੀ | ਹੁਣ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਪ੍ਰਾਈਸ ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਐਕਟ 1978 ਦੀਆਂ ਧਾਰਾਵਾਂ ਜੋੜੀਆਂ ਹਨ | ਹੁਣ ਇਸ ਮਾਮਲੇ 'ਚ ਪੁਲਿਸ ਨੇ ਖੰਨਾ ਦੇ ਮਿਸਟਰ ਵਰਮਾ ਅਤੇ ਜਗਤਾਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਹੋਰ ਵਿਅਕਤੀਆਂ ਦੇ ਨਾਵਾਂ ਦਾ ਖ਼ੁਲਾਸਾ ਹੋਣ ਦੀ ਵੀ ਉਮੀਦ ਹੈ | ਇਸ ਘਪਲੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ | ਪੁਲਿਸ ਵਲੋਂ ਜਲਦੀ ਹੀ ਇਕ ਪੈੱ੍ਰਸ ਕਾਨਫ਼ਰੰਸ ਕਰਨ ਦੀ ਉਮੀਦ ਹੈ ਅਤੇ ਹੋਰ ਮਹੱਤਵਪੂਰਨ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਜਨਰੇਸ਼ਨ ਆਫ਼ ਫਾਰਮਿੰਗ ਨਾਂਅ ਦੀ ਇਕ ਕੰਪਨੀ ਨੇ ਜੈਵਿਕ ਖੇਤੀ ਵਿਚ ਵਾਧੇ ਦਾ ਵਾਅਦਾ ਕੀਤਾ ਸੀ ਅਤੇ ਲੋਕਾਂ ਨੂੰ ਕੰਪਨੀ ਵਿਚ ਨਿਵੇਸ਼ ਕਰਨ ਲਈ ਲਾਲਚ ਦੇ ਕੇ ਦੁੱਗਣੇ ਮੁਨਾਫ਼ੇ ਦਾ ਵਾਅਦਾ ਕੀਤਾ | ਪੁਲਿਸ ਵੱਲੋਂ ਸਤੰਬਰ ਵਿਚ ਲੁਧਿਆਣਾ ਨਿਵਾਸੀ ਜੋਗਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ 8 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ | ਜਿਨ੍ਹਾਂ 'ਚੋਂ 6 ਨੂੰ ਗਿ੍ਫ਼ਤਾਰ ਕਰ ਲਿਆ ਸੀ | ਦੱਸਿਆ ਜਾ ਰਿਹਾ ਹੈ ਕਿ ਧੋਖਾਧੜੀ ਦੀ ਰਕਮ 200 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ | ਪੁਲਿਸ ਜਲਦੀ ਹੀ ਇਸ ਮਾਮਲੇ ਵਿਚ ਹੋਰ ਖ਼ੁਲਾਸੇ ਕਰ ਸਕਦੀ ਹੈ |