ਮਾਛੀਵਾੜਾ ਸਾਹਿਬ, 17 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਤੰਬਰ ਪ੍ਰੀਖਿਆ ਤੋਂ ਬਾਅਦ ਮਾਪੇ ਅਧਿਆਪਕ ਮਿਲਣੀ ਹੋਈ, ਜਿਸ 'ਚ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਨਿਰੰਜਨ ਕੁਮਾਰ ਅਤੇ ਸਟਾਫ਼ ਵਲੋਂ ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ | ਮਾਪਿਆਂ-ਅਧਿਆਪਕ ਮਿਲਣੀ ਦੌਰਾਨ ਵੱਖ-ਵੱਖ ਸ਼੍ਰੇਣੀ ਇੰਚਾਰਜਾਂ ਨੇ ਜਿਥੇ ਵਿਦਿਆਰਥੀਆਂ ਦੀ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਵਿੱਦਿਅਕ ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕੀਤੀ ਉਥੇ ਵੱਖ-ਵੱਖ ਸਹਿ ਗਤੀਵਿਧੀਆਂ ਸੰਬੰਧੀ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਇਆ | ਸਕੂਲ ਦੇ ਪਿ੍ੰਸੀਪਲ ਨਿਰੰਜਨ ਕੁਮਾਰ ਨੇ ਆਏ ਮਾਪਿਆਂ ਨੂੰ ਸਕੂਲ ਵਿਚ ਚੱਲ ਰਹੀਆਂ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਵੱਖ-ਵੱਖ ਉਸਾਰੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਵਿਭਾਗ ਵਲੋਂ ਮਿਲੇ ਬੀ. ਪੀ. ਚੈੱਕ ਕਰਨ ਵਾਲੀ ਮਸ਼ੀਨ ਰਾਹੀਂ ਲੋੜਵੰਦ ਮਾਪਿਆਂ ਦਾ ਬੀ. ਪੀ. ਵੀ ਚੈੱਕ ਕੀਤਾ ਗਿਆ |