ਭਦੌੜ, 21 ਸਤੰਬਰ (ਕਲਸੀ, ਬੱਤਾ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਅਸੀਸ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ-ਨਿਰਦੇਸ਼ਾਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ ਜੋਸ਼ੋ ਖਰੋਸ਼ ਨਾਲ ਹੋਈ | ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਨੇ ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲ ਕੰਪਲੈਕਸ, ਚੌਗਿਰਦਾ, ਆਪਣੇ ਘਰਾਂ, ਆਲ਼ੇ ਦੁਆਲੇ ਅਤੇ ਜਨਤਕ ਸਥਾਨਾਂ ਨੂੰ ਸਾਫ਼ ਸੁਥਰਾ ਰੱਖਣ ਦੀ ਸਹੁੰ ਚੁਕਾਈ | ਇਸ ਸਮੇਂ ਆਪਣੇ ਕੁੰਜੀਵਤ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਸਫ਼ਾਈ ਵਿਚ ਖ਼ੁਦਾਈ ਦੀ ਕਹਾਵਤ ਅਨੁਸਾਰ ਸਾਨੂੰ ਸਭ ਥਾਵਾਂ ਨੂੰ ਸਵੱਛ ਰੱਖਣਾ ਚਾਹੀਦਾ ਹੈ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖਣ ਨਾਲ ਅਸੀਂ ਨਾਮੁਰਾਦ ਬਿਮਾਰੀਆਂ ਤੋਂ ਮਹਿਫ਼ੂਜ਼ ਰਹਿ ਸਕਦੇ ਹਾਂ | ਉਨ੍ਹਾਂ ਨੇ ਸਰੀਰਕ ਸਫ਼ਾਈ ਦੇ ਮਹੱਤਵ ਬਾਰੇ ਵੀ ਰੌਸ਼ਨੀ ਪਾਉਂਦਿਆਂ ਇਸ ਬਾਰੇ ਸੁਚੇਤ ਰਹਿਣ ਦੀ ਤਾਕੀਦ ਕੀਤੀ | ਵਾਇਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਸਾਨੂੰ ਸਫ਼ਾਈ ਮੁਹਿੰਮ ਆਪਣੇ ਘਰਾਂ ਅਤੇ ਸ਼੍ਰੇਣੀ ਕਮਰਿਆਂ ਤੋਂ ਸ਼ੁਰੂ ਕਰ ਕੇ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਤੱਕ ਲੈ ਕੇ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਲੋਕ ਲਹਿਰ ਦਾ ਰੂਪ ਦੇ ਕੇ ਸਮਾਜ ਦੇ ਹਰ ਨਾਗਰਿਕ ਨੂੰ ਇਸ ਮੁਹਿੰਮ ਨਾਲ ਜੋੜਨਾ ਹੋਵੇਗਾ | ਵਿਦਿਆਰਥੀ ਅਤੇ ਅਧਿਆਪਕ ਇਸ ਲਹਿਰ ਵਿਚ ਭਰਵਾਂ ਯੋਗਦਾਨ ਪਾ ਸਕਦੇ ਹਨ | ਇਸ ਸਮੇਂ ਇਸ ਮੁਹਿੰਮ ਦੀ ਸਫਲਤਾ ਲਈ ਵੱਖ-ਵੱਖ ਕਮੇਟੀਆਂ ਵੀ ਬਣਾਈਆਂ ਗਈਆਂ |