ਬਰਨਾਲਾ, 21 ਸਤੰਬਰ (ਰਾਜ ਪਨੇਸਰ)-ਨੇੜਲੇ ਪਿੰਡ ਸੰਘੇੜਾ ਦੀ ਝਲੂਰ ਰੋਡ 'ਤੇ ਸਥਿਤ ਸ਼ੰਕਰ ਬਸਤੀ 'ਚ ਨਸ਼ਾ ਵੇਚਣ ਵਾਲਿਆਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਕੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਸਬੰਧ 'ਚ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੰਦੀਪ ਕੁਮਾਰ ਸੀਪਾ ਪੱੁਤਰ ਜਗਦੇਵ ਕੁਮਾਰ, ਤਲਵਾਰ ਸਿੰਘ ਪੱੁਤਰ ਜੋਗਿੰਦਰ ਸਿੰਘ, ਸੁਖਪ੍ਰੀਤ ਕੌਰ ਸਪੱੁਤਰੀ ਜੋਗਿੰਦਰ ਸਿੰਘ ਵਾਸੀਅਨ ਝਲੂਰ ਰੋਡ ਸ਼ੰਕਰ ਬਸਤੀ ਸੰਘੇੜਾ ਨਸ਼ਾ ਵੇਚਣ ਦੇ ਆਦੀ ਹਨ | ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਤਿੰਨੋ ਜਾਣਿਆਂ ਨੂੰ 150 ਨਸ਼ੀਲੀਆਂ ਗੋਲੀਆਂ, 15 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕਰ ਰਹੇ ਸੀ ਤਾਂ ਇਨ੍ਹਾਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਕੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਹੈ | ਪੁਲਿਸ ਕਾਰਵਾਈ ਅਨੁਸਾਰ ਤਿੰਨੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਸੁਖਵਿੰਦਰ ਸਿੰਘ ਹਨ |