ਮਲੇਰਕੋਟਲਾ, 21 ਸਤੰਬਰ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅਗਲੇ ਦਿਨਾਂ ਨੂੰ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਹਲਕਾ ਇੰਚਾਰਜ ਲਗਾਉਣ ਦੀਆਂ ਕਨਸੋਆਂ ਪੂਰੀਆਂ ਚਰਚਾ ਵਿਚ ਹਨ | ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਚੇਅਰਮੈਨ ਜਸਵੀਰ ਸਿੰਘ ਦਿਓਲ ਦੇ ਨਾਂਅ ਦੀ ਗੂੰਜ ਸਿਆਸੀ ਗਲਿਆਰਿਆਂ ਅੰਦਰ ਪੈਂਦੀ ਰਹੀ | ਫਿਰ ਨੌਜਵਾਨ ਆਗੂ ਸਤਬੀਰ ਸਿੰਘ ਸੀਰਾ ਬਨਭੌਰਾ ਦਾ ਨਾਮ ਇੱਕ ਦਮ ਉੱਭਰ ਕੇ ਸਾਹਮਣੇ ਆਇਆ | ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਚੱਠਾ ਵੀ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਦੇ ਵਿਖਾਈ ਦਿੱਤੇ | ਹੁਣ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੇ, ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਰਹੇ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸੁਰਿੰਦਰ ਕੌਰ ਸੇਹਕੇ ਦੇ ਪਤੀ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਵਲੋਂ ਡੰਕੇ ਦੀ ਚੋਟ ਉੱਤੇ ਇਹ ਗੱਲ ਆਖੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਉਨ੍ਹਾਂ ਨੂੰ ਪਾਰਟੀ ਦਾ ਹਲਕਾ ਅਮਰਗੜ੍ਹ ਤੋਂ ਇੰਚਾਰਜ ਲਗਾਇਆ ਜਾਂਦਾ ਹੈ ਤਾਂ ਉਹ ਸੇਵਾ ਸੰਭਾਲਣ ਲਈ ਤਿਆਰ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਅੰਦਰ ਮੁੜ ਤੋਂ ਸੁਰਜੀਤ ਕਰ ਦੇਣਗੇ | ਇਸ ਸਬੰਧੀ ਬੀਤੇ ਦਿਨੀਂ ਜਥੇਦਾਰ ਸੇਹਕੇ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਕ ਮੁਲਾਕਾਤ ਦੌਰਾਨ ਹਲਕੇ ਦੇ ਮੌਜੂਦਾ ਸਿਆਸੀ ਹਾਲਾਤਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਜਥੇਦਾਰ ਸੇਹਕੇ ਨੇ ਆਖਿਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਰੁੱਸੇ ਹੋਏ ਅਕਾਲੀ ਆਗੂਆਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਸਮਰੱਥਾ ਰੱਖਦੇ ਹਨ | ਉਨ੍ਹਾਂ ਆਖਿਆ ਕਿ ਪਾਰਟੀ ਨੂੰ ਹਲਕਾ ਅਮਰਗੜ੍ਹ ਦਾ ਇੰਚਾਰਜ ਲਗਾਉਣ ਸਬੰਧੀ ਫ਼ੈਸਲਾ ਛੇਤੀ ਲੈ ਲੈਣਾ ਚਾਹੀਦਾ ਹੈ ਕਿਉਂਕਿ ਅਗਲੇ ਦਿਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ |