ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਮਠਿਆਈ ਵੇਚਣ ਵਾਲਿਆਂ ਨੇ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਜੇਕਰ ਗੱਲ ਕਰੀਏ ਤਾਂ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ | ਹਰ ਕੋਈ ਦੀਵੇ ਜਗ੍ਹਾ ਕੇ ਆਪਣੇ ਘਰ ਨੂੰ ਰੌਸ਼ਨ ਕਰਦਾ ਹੈ | ਭਾਵੇਂ ਅੱਜ ਦੇ ਬਦਲਵੇਂ ਯੁੱਗ ਵਿਚ ਇਲੈੱਕਟ੍ਰਾਨਿਕ ਲੜੀਆਂ ਨੇ ਦੀਵਿਆਂ ਦੀ ਥਾਂ ਲੈ ਲਈ ਸੀ, ਪਰ ਫਿਰ ਵੀ ਜੋ ਰੌਣਕ ਦੀਵਾਲੀ ਦੀਆਂ ਖ਼ੁਸ਼ੀਆਂ ਵੇਲੇ ਦੀਵਿਆਂ ਨਾਲ ਮਿਲਦੀ ਹੈ, ਉਹ ਬਿਜਲੀ ਵਾਲੀਆਂ ਲੜੀਆਂ ਵਿਚ ਨਹੀਂ | ਜਿਸ ਦੇ ਚੱਲਦਿਆਂ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਂਦਿਆਂ ਹੀ ਸ਼ਹਿਰ ਵਿਚ ਮਿੱਟੀ ਦੇ ਦੀਵਿਆਂ ਦੀ ਮੰਗ 'ਚ ਵਾਧਾ ਹੋ ਗਿਆ ਹੈ | ਕਾਰੀਗਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਸਾਲ ਭਰ ਮਿੱਟੀ ਦੇ ਦੀਵੇ ਬਣਾਉਂਦੇ ਰਹਿੰਦੇ ਹਨ, ਪਰ ਦੀਵਾਲੀ ਦੇ ਤਿਉਹਾਰ ਮੌਕੇ ਇਹ ਮੰਗ ਕਈ ਗੁਣਾ ਵੱਧ ਜਾਂਦੀ ਹੈ | ਕਾਰੀਗਰ ਸਵੇਰ ਤੋਂ ਲੈ ਕੇ ਰਾਤ ਤੱਕ ਮਿੱਟੀ ਦੇ ਦੀਵੇ, ਹਟੜੀਆਂ ਬਣਾਉਣ ਵਿਚ ਰੁੱਝੇ ਹੋਏ ਹਨ | ਉਹ ਕਹਿੰਦੇ ਹਨ ਕਿ ਮਿੱਟੀ ਦੇ ਦੀਵਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਰੰਪਰਾਗਤ ਰੌਸ਼ਨੀ ਨਾਲ ਘਰਾਂ ਨੂੰ ਰੌਸ਼ਨ ਕਰਨ ਦੇ ਨਾਲ-ਨਾਲ ਵਾਤਾਵਰਨ ਮਿੱਤਰ ਵੀ ਹਨ ਤੇ ਬਿਜਲੀ ਜਾ ਪਲਾਸਟਿਕ ਦੀ ਸਜਾਵਟ ਨਾਲੋਂ ਸਸਤੇ ਵੀ ਪੈਂਦੇ ਹਨ | ਇਕ ਕਾਰੀਗਰ ਨੇ ਦੱਸਿਆ ਕਿ ਮਿੱਟੀ ਦੇ ਰੰਗ ਬਿਰੰਗੇ ਦੀਵੇ ਤਾਂ ਉਹ ਸਾਲ ਭਰ ਤਿਆਰ ਕਰਦੇ ਰਹਿੰਦੇ ਹਨ, ਪਰ ਹਟੜੀਆਂ ਰੌਣਕ ਤੇ ਸੁੰਦਰ ਡਿਜਾਇਨਾਂ ਤੇ ਰੰਗ ਨਾਲ ਸਜਾਈਆਂ ਜਾਂਦੀਆਂ ਹਨ, ਜੋ ਕਿ ਸਿਰਫ਼ ਦੀਵਾਲੀ ਮੌਕੇ ਹੀ ਬਣਾਈਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੀ ਮੰਗ ਖ਼ਾਸਕਰ ਇਸ ਤਿਉਹਾਰ ਮੌਕੇ ਹੀ ਹੁੰਦੀ ਹੈ |