ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਲਿਜਾਇਆ ਗਿਆ | ਇਸ ਦੌਰਾਨ ਬੱਚਿਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀ ਸੇਵਾ ਕੀਤੀ ਤੇ ਸਮਾਜ ਦੇ ਵੱਡਿਆਂ ਪ੍ਰਤੀ ਆਦਰ ਤੇ ਪਿਆਰ ਦਾ ਸੁਨੇਹਾ ਦਿੱਤਾ | ਬੱਚਿਆਂ ਨੇ ਬਿਰਧ ਆਸ਼ਰਮ ਵਿਚ ਸਮਾਂ ਬਿਤਾਇਆ ਅਤੇ ਉੱਥੇ ਮੌਜੂਦ ਬਜ਼ੁਰਗਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਂਦੀ | ਇਸ ਮੌਕੇ ਬੱਚਿਆਂ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਆਪਣੇ ਮਾਪਿਆਂ ਦਾ ਆਦਰ ਕਰਨਗੇ ਤੇ ਉਨ੍ਹਾਂ ਦੀ ਖ਼ੁਸ਼ੀ ਲਈ ਸਮਰਪਿਤ ਰਹਿਣਗੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣਗੇ | ਸੰਸਥਾ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਜਿਸ ਨੇ ਮਾਤਾ-ਪਿਤਾ ਦੀ ਸੇਵਾ ਕੀਤੀ, ਉਸ ਨੇ ਪ੍ਰਭੂ ਦੀ ਸੇਵਾ ਕੀਤੀ | ਮਾਪੇ ਸਾਡੀ ਜ਼ਿੰਦਗੀ ਦੇ ਉਹ ਸਾਏ ਹਨ ਜੋ ਹਰ ਤੂਫ਼ਾਨ ਵਿਚ ਸਾਡੇ ਨਾਲ ਖੜੇ ਰਹਿੰਦੇ ਹਨ | ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੀਵਨ ਵਿਚ ਸਿਰਫ਼ ਕਿਤਾਬਾਂ ਤੋਂ ਹੀ ਨਹੀਂ, ਬਲਕਿ ਇਨਸਾਨੀ ਮੁੱਲਾਂ ਤੋਂ ਵੀ ਸਿੱਖਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਵਿਦਿਆਰਥੀ ਤੇ ਸਟਾਫ਼ ਹਾਜ਼ਰ ਸੀ |