ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ)-ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਅਤੇ ਐਸ.ਐਮ.ਓ ਮਹਿਲ ਕਲਾਂ ਡਾ: ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਬਜ਼ੁਰਗਾਂ ਦੀ ਚੰਗੀ ਸਿਹਤ ਲਈ ਵਚਨਬੱਧ ਸਿਹਤ ਵਿਭਾਗ ਮਹਿਲ ਕਲਾਂ ਵਲੋਂ ਅੰਤਰਰਾਸ਼ਟਰੀ ਬਜ਼ੁਰਗਾਂ ਸਬੰਧੀ ਦਿਵਸ ਅਧੀਨ ਚੱਲ ਰਹੀ ਮੁਹਿੰਮ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਸੀ.ਐਚ.ਸੀ ਮਹਿਲ ਕਲਾਂ ਵਿਖੇ ਬਜ਼ੁਰਗਾਂ ਦੇ ਦੰਦਾਂ ਦੀ ਦੇਖਭਾਲ ਸਬੰਧੀ ਚੈੱਕਅਪ ਕੈਂਪ ਲਗਾਇਆ ਗਿਆ | ਇਸ ਮੌਕੇ ਦੰਦਾਂ ਦੇ ਮਾਹਿਰ ਡਾ: ਅੰਮਿ੍ਤਪਾਲ ਕੌਰ ਵਲੋਂ ਬਜ਼ੁਰਗਾਂ ਨੂੰ ਦੰਦਾਂ ਦੀ ਦੇਖਭਾਲ ਅਤੇ ਨਕਲੀ ਦੰਦਾਂ ਦੀ ਸੰਭਾਲ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਸਮੇਂ-ਸਮੇਂ 'ਤੇ ਦੰਦਾਂ ਦਾ ਚੈੱਕਅਪ ਕਰਵਾਉਣ ਲਈ ਕਿਹਾ ਗਿਆ | ਇਸ ਮੌਕੇ ਡਾ: ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਸਿਹਤ ਬਲਾਕ ਮਹਿਲ ਕਲਾਂ ਅਧੀਨ ਸਮੂਹ ਸਿਹਤ ਸੰਸਥਾਵਾਂ 'ਚ ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀਆਂ ਦਾ ਚੈੱਕਅਪ ਕਰ ਕੇ ਮੁਫ਼ਤ ਟੈਸਟ ਅਤੇ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ 31 ਅਕਤੂਬਰ ਤੱਕ ਅੰਤਰਰਾਸ਼ਟਰੀ ਬਿਰਧ ਦਿਵਸ ਸਬੰਧੀ ਚੈੱਕਅਪ ਕੈਂਪ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਕਿਹਾ ਕਿ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਸਮੇਂ-ਸਮੇਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਕਰਵਾਉਣਾ ਚਾਹੀਦਾ ਹੈ ਨਮਕ, ਚੀਨੀ ਅਤੇ ਤਲੀਆਂ ਮਸਾਲੇਦਾਰ ਖਾਣ ਵਾਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ | ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ ਦਾ ਸੇਵਨ ਕਰਨਾ ਚਾਹੀਦਾ ਹੈ | ਮੌਸਮ ਅਨੁਸਾਰ ਫ਼ਲ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ |