ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਸਾਲ 2025 ਲਈ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਤੀਜਾ ਪਾਠਕ ਸਨਮਾਨ 26 ਅਕਤੂਬਰ ਨੂੰ ਭੇਟ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਜੋ ਆਪ ਵੀ ਸਾਹਿਤਕਾਰ ਅਤੇ ਆਲੋਚਕ ਹਨ ਅਤੇ ਪਰਿਵਾਰ ਵਲੋਂ ਨਿਯੁਕਤ ਤਿੰਨ ਮੈਂਬਰੀ ਚੋਣ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਮੁੱਖ ਰੱਖ ਕੇ ਹਰਦੀਪ ਕੌਰ ਚੰਡਿਹੋਕ ਤੀਜਾ ਪਾਠਕ ਸਨਮਾਨ ਸੁਖਵਿੰਦਰ ਸਿੰਘ ਭਦੌੜ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਸਵੇਰੇ 10 ਵਜੇ ਦਿੱਤਾ ਜਾਵੇਗਾ ਜਿਸ ਵਿਚ ਸਨਮਾਨ ਚਿੰਨ੍ਹ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਦਿੱਤਾ ਜਾਂਦਾ ਹੈ | ਸਮਾਗਮ ਦੌਰਾਨ ਡਾ: ਬਿਕਰਮਜੀਤ ਪੁਰਬਾ ਦੀ ਪੁਸਤਕ 'ਹਮੇਸ਼ਾ ਵੱਡਾ ਸੋਚੋ' ਅਤੇ ਇੰਦਰਜੀਤ ਕੌਰ ਰੰਧਾਵਾ ਤਪਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ |