24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਅਦੁੱਤੀ ਸ਼ਹਾਦਤ ਦਾ ਜਾਮ ਪੀਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ

ਅਜੀਤ ਡੈਸਕ 23-06-2025

25 ਜੂਨ ਨੂੰ ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ (ਜੰਮੂ-ਕਸ਼ਮੀਰ) ਦੇ ਇਕ ਡੋਗਰਾ ਰਾਜਪੂਤ ਪਰਿਵਾਰ 'ਚ ਕਿਸਾਨ ਰਾਮ ਦੇਵ ਦੇ ਗ੍ਰਹਿ ਵਿਖੇ 27 ਅਕਤੂਬਰ 1670 ਈ. ਨੂੰ ਹੋਇਆ | ਇਹ ਪਰਿਵਾਰ ਵੈਸ਼ਨਵ ਸੰਪਰਦਾਇ ਦਾ ਪੈਰੋਕਾਰ ਸੀ, ਜਿਸ ਨੂੰ ਬੈਰਾਗੀ ਜਾਂ ਵੈਰਾਗੀ ਵੀ ਕਿਹਾ ਜਾਂਦਾ ਹੈ | ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂਅ ਲਛਮਣ ਦਾਸ ਸੀ, ਜੋ ਸ਼ਿਕਾਰ ਵੀ ਕਰਦਾ ਸੀ | ਇਕ ਵਾਰ ਸ਼ਿਕਾਰ ਦੌਰਾਨ ਜ਼ਖ਼ਮੀ ਹੋਈ ਹਿਰਨੀ ਤੇ ਉਸ ਦੇ ਪੇਟ ਵਿਚ ਬੱਚਿਆਂ ਦੀ ਤੜਫ਼-ਤੜਫ਼ ਕੇ ਹੋਈ ਮੌਤ ਦੇ ਭਿਆਨਕ ਮੰਜ਼ਰ ਦੇ ਦਿ੍ਸ਼ ਨੇ ਉਨ੍ਹਾਂ ਦੇ ਜੀਵਨ 'ਚ ਵੱਡੀ ਉਪਰਾਮਤਾ ਪੈਦਾ ਕਰ ਦਿੱਤੀ, ਜਿਸ ਕਰਕੇ ਬੈਰਾਗੀ ਜੀਵਨ ਜਿਊਣ ਲਈ ਉਨ੍ਹਾਂ ਨਾਂਦੇੜ ਦੇ ਜੰਗਲਾਂ 'ਚ ਗੋਦਾਵਰੀ ਨਦੀ ਕਿਨਾਰੇ ਜਾ ਡੇਰਾ ਕੀਤਾ ਤੇ ਆਪਣਾ ਨਾਂਅ ਮਾਧੋਦਾਸ ਬੈਰਾਗੀ ਰੱਖ ਲਿਆ, ਪਰ ਸੰਨ 1708 'ਚ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਮਿਲਾਪ ਅਤੇ ਪੰਜਾਬ ਦੀ ਧਰਤੀ 'ਤੇ ਹੋ ਰਹੇ ਜ਼ੁਲਮ ਦੀ ਕਹਾਣੀ ਸੁਣ ਉਨ੍ਹਾਂ ਦਾ ਖ਼ੂਨ ਉਬਾਲੇ ਮਾਰਨ ਲੱਗਾ | ਗੁਰੂ ਜੀ ਤੋਂ ਅੰਮਿ੍ਤ ਛਕ ਕੇ ਗੁਰਬਖ਼ਸ਼ ਸਿੰਘ ਬਣ ਗਏ, ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੇ ਨਾਂਅ ਵਜੋਂ ਪ੍ਰਸਿੱਧੀ ਮਿਲੀ | ਗੁਰੂ ਜੀ ਤੋਂ ਥਾਪੜਾ ਲੈ ਉਨ੍ਹਾਂ ਕੁਝ ਕੁ ਸਿੰਘਾਂ ਸਮੇਤ ਜ਼ੁਲਮ ਨੂੰ ਠੱਲ੍ਹਣ ਲਈ ਪੰਜਾਬ ਵੱਲ ਕੂਚ ਕੀਤਾ |
ਪੰਜਾਬ ਵਿਚ ਦਾਖ਼ਲ ਹੁੰਦਿਆਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਮੁੱਠੀ ਭਰ ਸਿੱਖ ਫ਼ੌਜ ਨੇ ਸੋਨੀਪਤ, ਸਮਾਣਾ ਮੁਸਤਫ਼ਾਬਾਦ, ਸਢੌਰਾ, ਮਲੇਰਕੋਟਲਾ ਅਤੇ ਨਾਹਨ ਦੇ ਮੁਗ਼ਲ ਜਰਵਾਣਿਆਂ ਨੂੰ ਮਾਤ ਦੇ ਕੇ ਪੰਜਾਬ ਦੇ ਸੀਸ-ਸਤਲੁਜ ਇਲਾਕਿਆਂ ਨੂੰ ਫ਼ਤਹਿ ਕਰ ਲਿਆ | ਇਨਸਾਫ਼ ਪਸੰਦ ਲੋਕਾਂ ਦੇ ਸਮੇਂ-ਸਮੇਂ ਸ਼ਾਮਿਲ ਹੋਣ ਨਾਲ ਸਿੱਖ ਫ਼ੌਜ ਵਿਚ ਵਾਧਾ ਹੋਣ ਲੱਗਾ | ਸੂਬਾ ਸਰਹਿੰਦ ਨਵਾਬ ਵਜ਼ੀਰ/ਵਜੀਦ ਖ਼ਾਨ ਵਲੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ 'ਤੇ ਢਾਹੇ ਕਹਿਰ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਹਿ ਕਰਨ ਦੀ ਤਿਆਰੀ ਕਰ ਲਈ | 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨੇ ਜੰਗ 'ਚ ਮੁੱਖ ਦੋਸ਼ੀ ਵਜ਼ੀਰ ਖ਼ਾਨ ਤੇ ਦੀਵਾਨ ਸੁੱਚਾ ਨੰਦ ਨੂੰ ਮਾਰ ਮੁਕਾਇਆ ਅਤੇ ਦੋ ਦਿਨਾਂ ਬਾਅਦ ਸਿੱਖਾਂ ਨੇ ਸਰਹਿੰਦ 'ਤੇ ਕਬਜ਼ਾ ਕਰ ਲਿਆ | ਬਾਬਾ ਬੰਦਾ ਸਿੰਘ ਬਹਾਦਰ ਨੇ ਸਤਲੁਜ ਤੋਂ ਯਮੁਨਾ ਤੱਕ ਦੇ ਖੇਤਰ ਨੂੰ ਫ਼ਤਹਿ ਕਰਨ ਉਪਰੰਤ ਜ਼ਿਮੀਂਦਾਰਾਂ ਤੋਂ ਕਿਸਾਨੀ ਮੁਕਤ ਕਰਵਾਉਣ ਲਈ ਇਕ ਵਿਸ਼ੇਸ਼ ਆਦੇਸ਼ ਜਾਰੀ ਕੀਤਾ ਤਾਂ ਕਿ ਜ਼ਮੀਨ ਦੀ ਮਾਲਕੀ ਵਾਹੀਕਾਰ ਕਿਰਤੀ ਕਿਸਾਨਾਂ ਨੂੰ ਸੌਂਪੀ ਜਾਵੇ | ਜ਼ਿਕਰਯੋਗ ਹੈ ਕਿ ਬੰਦਾ ਸਿੰਘ ਬਹਾਦਰ ਦੀ ਸੋਚ ਤੇ ਅਮਲ ਫ਼ਿਰਕਾਪ੍ਰਸਤੀ ਤੋਂ ਉੱਪਰ ਹੋਣ ਕਰਕੇ ਅਮਨ ਪਸੰਦ ਹਿੰਦੂਆਂ ਤੇ ਮੁਸਲਮਾਨਾਂ ਦਾ ਤਨੋਂ-ਮਨੋਂ ਪੂਰਨ ਸਹਿਯੋਗ ਮਿਲਿਆ | ਜਮਨਾ, ਗੰਗਾ, ਦੁਆਬ ਵਿਚ ਸਹਾਰਨਪੁਰ ਤੇ ਜਲਾਲਾਬਾਦ, ਜਲੰਧਰ, ਬਟਾਲਾ, ਕਲਾਨੌਰ ਤੇ ਅੰਮਿ੍ਤਸਰ ਦੇ ਇਲਾਕਿਆਂ 'ਚ ਵੀ ਖ਼ਾਲਸੇ ਦੀ ਗੂੰਜ ਪੈਣ ਲੱਗ ਪਈ |
ਸੰਨ 1713 ਈ. 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਨੂੰ ਆਪਣੀ ਰਾਜਧਾਨੀ ਬਣਾ ਕੇ ਇਕ ਕੁਸ਼ਲ ਤੇ ਇਨਸਾਫ਼ ਰਾਜ ਦੀ ਨੀਂਹ ਰੱਖਦਿਆਂ ਇਕ ਸੁਚੱਜੇ ਲੋਕ ਹਿਤ ਖ਼ਾਲਸਾ ਰਾਜ ਪ੍ਰਬੰਧ ਚਲਾਉਣ ਵੱਲ ਤਵੱਜੋ ਦੇਣ ਦੇ ਯਤਨ ਸ਼ੁਰੂ ਕੀਤੇ | ਬਾਬਾ ਬੰਦਾ ਸਿੰਘ ਬਹਾਦਰ ਦੇ ਲੋਕ ਭਲਾਈ ਯਤਨਾਂ ਨਾਲ ਲੋਕ ਲਹਿਰ ਦਾ ਉਲਾਰ ਚੱਲ ਰਹੇ ਧਰਮ ਯੁੱਧ ਵੱਲ ਵਧਣ ਲੱਗਾ ਜਿਸ ਨੇ ਜਰਵਾਣੇ ਸ਼ਾਸਕਾਂ ਨੂੰ ਇਕ ਧੁੜਕੂ ਲਾ ਦਿੱਤਾ | ਬਾਬਾ ਬੰਦਾ ਸਿੰਘ ਬਹਾਦਰ ਵਲੋਂ ਖ਼ਾਲਸਾ ਰਾਜ ਸਥਾਪਤ ਕਰਨ ਦੇ ਯਤਨਾਂ ਨੂੰ ਕੁਚਲਣ ਲਈ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਤੇ ਉਸ ਦੇ ਅਹਿਲਕਾਰਾਂ ਨੇ ਇਕ ਵੱਡਾ ਲਾਮ-ਲਸ਼ਕਰ ਭੇਜਣ ਦਾ ਫ਼ੈਸਲਾ ਕਰ ਲਿਆ | ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖ਼ਾਨ ਨੇ ਇਸ ਫ਼ੌਜ ਦੀ ਕਮਾਨ ਸੰਭਾਲਦਿਆਂ ਗੁਰਦਾਸ ਨੰਗਲ 'ਤੇ ਹਮਲਾ ਕਰ ਦਿੱਤਾ | ਸਿੱਖ ਫ਼ੌਜਾਂ ਵਲੋਂ ਡਟ ਕੇ ਕੀਤੇ ਜਾ ਰਹੇ ਮੁਕਾਬਲੇ ਕਾਰਨ ਮੁਗ਼ਲ ਫ਼ੌਜ ਦੀ ਕੋਈ ਪੇਸ਼ ਨਾ ਚੱਲੀ | ਫਿਰ ਮੁਗ਼ਲਾਂ ਸ਼ਾਸਕਾਂ ਨੇ ਕਿਲ੍ਹਾ ਗੁਰਦਾਸ ਨੰਗਲ ਦੀ ਕਰੜੀ ਘੇਰਾਬੰਦੀ ਕਰ ਲਈ | ਕਰੀਬ 10 ਮਹੀਨੇ ਦੀ ਇਸ ਸਖ਼ਤ ਘੇਰਾਬੰਦੀ ਕਾਰਨ ਕਿਲ੍ਹੇ ਅੰਦਰ ਰਾਸ਼ਨ-ਪਾਣੀ ਖ਼ਤਮ ਹੋਣ ਲੱਗਾ ਤੇ ਆਖਰ ਮੁਗ਼ਲ ਫ਼ੌਜ ਭਾਰੂ ਪੈ ਗਈ ਅਤੇ ਦਸੰਬਰ 1715 ਈ 'ਚ ਬੰਦਾ ਸਿੰਘ ਬਹਾਦਰ, 740 ਦੇ ਕਰੀਬ ਸਾਥੀ ਅਤੇ ਬੰਦਾ ਸਿੰਘ ਬਹਾਦਰ ਦੇ ਤਿੰਨ ਸਾਲਾ ਪੁੱਤਰ ਅਜੈ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸਿੱਖ ਕੈਦੀਆਂ ਨੂੰ 27 ਫਰਵਰੀ 1716 ਨੂੰ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪਹੁੰਚਾਇਆ ਗਿਆ ਤੇ ਲੋਕਾਂ 'ਚ ਦਹਿਸ਼ਤ ਪਾਉਣ ਲਈ ਇਨ੍ਹਾਂ ਕੈਦੀਆਂ ਦਾ ਇਕ ਜਲੂਸ ਕੱਢਿਆ ਗਿਆ | ਅਗਰਾਬਾਦ ਤੋਂ ਸ਼ੁਰੂ ਹੋ ਕੇ ਇਹ ਜਲੂਸ 10 ਕਿਲੋਮੀਟਰ ਦੂਰ ਲਾਲ ਕਿਲ੍ਹੇ ਤੱਕ ਲਿਜਾਇਆ ਗਿਆ | ਇਕ ਹਾਥੀ 'ਤੇ ਰੱਖੇ ਹੋਏ ਪਿੰਜਰੇ 'ਚ ਬਾਬਾ ਬੰਦਾ ਸਿੰਘ ਬਹਾਦਰ ਕੈਦ ਕੀਤੇ ਹੋਏ ਸਨ | ਬਾਬਾ ਬੰਦਾ ਸਿੰਘ ਬਹਾਦਰ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਡਰ ਕਾਰਨ ਮੁਗ਼ਲ ਫ਼ੌਜ ਨੇ ਫਿਰ ਵੀ ਉਨ੍ਹਾਂ ਪਿੱਛੇ ਤਲਵਾਰ ਸਮੇਤ ਇਕ ਸਿਪਾਹੀ ਖੜ੍ਹਾ ਕੀਤਾ ਹੋਇਆ ਸੀ | ਹਾਥੀ ਦੇ ਪਿੱਛੇ 740 ਕੈਦੀ ਸਨ, ਜਿਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕਸ ਕੇ ਬੰਨਿ੍ਹਆ ਹੋਇਆ ਸੀ | ਇਸ ਜਲੂਸ ਪਿੱਛੇ ਮੁਗ਼ਲ ਸੈਨਾਪਤੀ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਦਾ ਪੁੱਤਰ ਅਬਦੁਸ ਸਮਦ ਖ਼ਾਨ ਆਕੜ ਭਰੀ ਚਾਲ ਚੱਲ ਰਹੇ ਸਨ | ਇਹ ਜਲੂਸ ਲਾਹੌਰੀ ਗੇਟ ਦੇ ਰਸਤਿਓਾ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ | ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਬਾਦਸ਼ਾਹ ਫ਼ਰੁਖ਼ਸੀਅਰ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਕਿ ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਗਾ? ਇਸ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਕਦਮ ਬੜੀ ਦਲੇਰੀ ਤੇ ਸੂਝ ਨਾਲ ਕਿਹਾ ਕਿ ਜਿਹੋ ਜਿਹੀ ਇਕ ਬਾਦਸ਼ਾਹ ਆਪਣੀ ਮੌਤ ਦੀ ਤਮੰਨਾ ਰੱਖਦਾ ਹੈ |
ਪਰ ਮੁਗ਼ਲ ਹਕੂਮਤ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ-ਬੰਨੇ ਪਾਰ ਕਰਦਿਆਂ ਅਤੇ ਕਰੂਰਤਾ ਦਾ ਵੱਡਾ ਸਬੂਤ ਦਿੰਦਿਆਂ ਪਹਿਲਾਂ ਗਿ੍ਫ਼ਤਾਰ ਸਿੱਖ ਸੈਨਿਕਾਂ ਦੇ ਵਹਿਸ਼ੀ ਕਤਲੇਆਮ ਦਾ ਦੌਰ ਚਲਾਇਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਮਨੋਬਲ ਤੋੜਨ ਲਈ ਉਨ੍ਹਾਂ ਦੇ ਸਾਹਮਣੇ ਹੀ ਮਾਸੂਮ ਪੁੱਤਰ ਅਜੈ ਸਿੰਘ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਣ ਦੀ ਕੋਸ਼ਿਸ਼ ਕੀਤੀ | ਪਰ ਮੌਤ ਤੋਂ ਬੇਖ਼ੌਫ਼ ਸਿੱਖੀ ਸਿਦਕ 'ਤੇ ਕਾਇਮ ਹਰ ਤਰ੍ਹਾਂ ਦਾ ਤਸ਼ੱਦਦ ਝਲਦਿਆਂ 9 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਅਦੁੱਤੀ ਸ਼ਹਾਦਤ ਦਾ ਜਾਮ ਪੀ ਗਏ | ਦਿਲ ਵਲੂੰਧਰਨ ਵਾਲੀ ਇਸ ਭਿਆਨਕ ਮੌਤ ਦੇ ਮੰਜ਼ਰ ਦਾ ਦਿ੍ੜ੍ਹਤਾ ਤੇ ਚੜ੍ਹਦੀ ਕਲਾ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਰਮਗਤੀ ਨਾਲ ਮੌਤ ਦਾ ਸਾਹਮਣਾ ਕਰਦਿਆਂ ਮਹਾਂਅਨੰਦ ਦੇ ਸਹਿਜ ਰੂਪ ਨੂੰ ਮਾਣਿਆ ਤੇ ਪੂਰਨ ਪਰਮਾਨੰਦ ਨੂੰ ਪਾ ਲਿਆ | ਅਜਿਹੀ ਮਾਣਮੱਤੀ ਮੌਤ ਬਾਬਤ ਭਗਤ ਕਬੀਰ ਜੀ ਦਾ ਵੀ ਫੁਰਮਾਣ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ¨||
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ¨||


-ਰਈਆ ਹਵੇਲੀਆਣਾ, ਜ਼ਿਲ੍ਹਾ ਅੰਮਿ੍ਤਸਰ |
ਹਾਲ ਵਾਸੀ ਸਿਡਨੀ (ਆਸਟ੍ਰੇਲੀਆ) |
ਵਟਸਐਪ: 98764-74858
ਮੋਬਾ: +61430204832

ਪਿਛਲੀ ਖ਼ਬਰ ਇਉਂ ਬਣਿਆ ਸ੍ਰੀ ਦਮਦਮਾ ਸਾਹਿਬ ਪੰਜਵਾਂ ਤਖ਼ਤ ਅਗਲੀ ਖ਼ਬਰ ਅਮਰੀਕਾ 'ਚ ਸਿੱਖੀ ਤੇ ਗੁਰਮਤਿ ਸੰਗੀਤ ਦੇ ਮਹਾਨ ਪ੍ਰਚਾਰਕ ਬਾਬਾ ਸੱਜਣ ਸਿੰਘ ਨਿਊਯਾਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।