(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਜਿਵੇਂ ਗੁਰਦੁਆਰਾ ਐਕਟ ਵਿਚ ਚਾਰੇ ਤਖ਼ਤਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਪ੍ਰਤੀਨਿਧਤਾ ਕਰਨ ਲਈ ਉੱਥੇ ਦੇ ਮੁੱਖ ਗ੍ਰੰਥੀਆਂ ਨੂੰ ਲਿਆ ਗਿਆ ਸੀ, ਇਸ ਸੋਧ ਦੁਆਰਾ ਪੈਪਸੂ ਦੇ ਗੁਰਦੁਆਰੇ ਜਿਨ੍ਹਾਂ ਵਿਚ ਤਖ਼ਤ ਦਮਦਮਾ ਸਾਹਿਬ ਵੀ ਸ਼ਾਮਿਲ ਸੀ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲੈਣ ਦੇ ਬਾਵਜੂਦ ਵੀ ਇਸ ਦੇ ਪ੍ਰਤੀਨਿਧਾਂ ਨੂੰ ਇਹ ਮਾਣ-ਸਤਿਕਾਰ ਨਹੀਂ ਸੀ ਦਿੱਤਾ ਗਿਆ | ਜਦੋਂ ਬਿੱਲ ਵਿਚਾਰ ਹਿਤ ਪੰਜਾਬ ਵਿਧਾਨ ਪ੍ਰੀਸ਼ਦ ਵਿਚ ਪੇਸ਼ ਹੋਇਆ ਤਾਂ ਸਿੱਖ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਨੇ ਇਸ ਨਗਰ ਨੂੰ ਤਖ਼ਤ ਬਣਾਉਣ ਲਈ ਆਵਾਜ਼ ਬੁਲੰਦ ਕਰਨ ਦਾ ਢੁਕਵਾਂ ਮੌਕਾ ਬਣਾਇਆ ਤੇ ਕਿਉਂਕਿ ਉਨ੍ਹਾਂ ਆਪਣੇ ਇਤਿਹਾਸਕ ਤੱਥਾਂ (ਸਬੂਤਾਂ) 'ਤੇ ਮਾਣ ਕਰਦਿਆਂ ਪੱਕੀ ਧਾਰ ਲਈ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਦਮਦਮਾ ਸਾਹਿਬ ਨੂੰ 5ਵੇਂ ਤਖ਼ਤ ਵਜੋਂ ਮਾਨਤਾ ਮਿਲੇਗੀ |
ਉੱਧਰ ਜਦੋਂ 1948 ਵਿਚ ਪਟਿਆਲਾ ਅਤੇ ਪੂਰਬੀ ਪੰਜਾਬ ਦੀਆਂ ਕੁਝ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਦੀ ਸਥਾਪਨਾ ਕੀਤੀ ਗਈ ਤਾਂ ਪੈਪਸੂ ਸਰਕਾਰ ਨੇ ਗੁਰਦੁਆਰਾ ਪ੍ਰਬੰਧ ਲਈ ਪਟਿਆਲਾ ਰਿਆਸਤ ਵਲੋਂ ਬਣਾਏ 'ਇਨਟਰਮ ਬੋਰਡ' ਨੂੰ ਤੋੜ ਕੇ ਨਿਰੋਲ ਗ਼ੈਰ-ਸਰਕਾਰੀ ਮੈਂਬਰਾਂ ਦਾ 'ਧਰਮ ਅਰਥ ਬੋਰਡ' ਨਾਮਜ਼ਦ ਕਰ ਦਿੱਤਾ | ਗਿਆਨੀ ਗੁਰਦਿੱਤ ਸਿੰਘ ਇਸ ਬੋਰਡ ਦੇ ਵਰਕਿੰਗ ਮੈਂਬਰ ਅਤੇ ਕੁਝ ਚਿਰ ਜਨਰਲ ਸਕੱਤਰ ਵੀ ਰਹੇ | ਪਰ ਇਹ ਬੋਰਡ ਵੀ ਤਖ਼ਤ ਦਮਦਮਾ ਸਾਹਿਬ ਦਾ ਪ੍ਰਬੰਧ ਸ਼ਹਿਜ਼ਾਦਪੁਰੀਏ ਸਰਦਾਰਾਂ ਦੇ ਜੂਲੇ ਹੇਠੋਂ ਕੱਢਣੋਂ ਅਸਮਰਥ ਰਿਹਾ | 1956 ਵਿਚ ਜਦੋਂ ਪੰਜਾਬ ਤੇ ਪੈਪਸੂ ਦਾ ਏਕੀਕਰਨ ਹੋਇਆ ਤਾਂ ਗੁਰਦੁਆਰਾ ਐਕਟ ਵਿਚ ਸੋਧ ਕਰ ਕੇ ਪੈਪਸੂ ਖੇਤਰ ਵਿਚਲੇ ਗੁਰਦੁਆਰੇ ਭਾਵੇਂ ਸ਼੍ਰੋਮਣੀ ਕਮੇਟੀ ਅਧੀਨ ਆ ਗਏ ਪਰ ਸ਼ਹਿਜ਼ਾਦਪੁਰੀਏ ਸਰਦਾਰ ਤਖ਼ਤ ਦਮਦਮਾ ਸਾਹਿਬ ਦਾ ਕਬਜ਼ਾ ਛੱਡਣ ਲਈ ਤਿਆਰ ਨਹੀਂ ਸਨ ਪਰ ਸੰਤ ਫ਼ਤਿਹ ਸਿੰਘ ਨੇ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕਰਨ ਲਈ ਉਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਜੀਵਨ ਭਰ ਲਈ 350 ਰੁਪਏ ਮਾਸਿਕ ਪੈਨਸ਼ਨ ਦੇਣ ਦੀ ਸ਼ਰਤ 'ਤੇ ਮਨਾ ਲਿਆ |
ਇੰਝ ਭਾਵੇਂ ਪ੍ਰਬੰਧ ਤਾਂ ਸ਼੍ਰੋਮਣੀ ਕਮੇਟੀ ਦੇ ਹੱਥ ਆ ਗਿਆ ਪਰ ਤਖ਼ਤ ਦਾ ਰੁਤਬਾ ਅਜੇ ਵੀ ਨਾ ਮਿਲਿਆ | ਦਸੰਬਰ 1958 ਵਿਚ ਜਦੋਂ ਪੰਜਾਬ ਲੈਜਿਸਲੈਟਿਵ ਕੌਂਸਲ ਦੇ ਮੈਂਬਰ ਵਜੋਂ ਗਿਆਨੀ ਗੁਰਦਿੱਤ ਸਿੰਘ ਨੇ ਦਮਦਮਾ ਸਾਹਿਬ ਨੂੰ ਦੂਜੇ ਤਖ਼ਤਾਂ ਵਾਂਗ ਮਾਨਤਾ ਲਈ ਦਲੀਲਾਂ ਪੇਸ਼ ਕੀਤੀਆਂ ਤਾਂ ਮਾਲ ਮੰਤਰੀ ਕਰਤਾਰ ਸਿੰਘ ਨੇ ਕਿਹਾ ਕਿ ਹਵਾਲੇ ਤਾਂ ਠੀਕ ਹਨ ਪਰ ਇਹ ਸੁਝਾਅ ਦਾ ਸਮਰਥਨ ਸ਼੍ਰੋਮਣੀ ਕਮੇਟੀ ਵਲੋਂ ਆਉਣ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |
ਗਿਆਨੀ ਗੁਰਦਿੱਤ ਸਿੰਘ ਨੇ ਪੰਜਾਬ ਕੌਂਸਲ ਵਿਚ ਤਰਮੀਮੀ ਬਿੱਲ ਦੇ ਖਰੜੇ 'ਚ ਜੋ ਤਰਮੀਮਾਂ ਰੱਖੀਆਂ, ਉਨ੍ਹਾਂ ਵਿਚ ਧਾਰਮਿਕ ਨੁਕਤੇ ਤੋਂ ਅਹਿਮ ਇਹ ਸੀ ਕਿ ਇਸ ਐਕਟ ਵਿਚ ਜਿਵੇਂ ਹੈੱਡ ਮਨਿਸਟਰ ਚਾਰੇ ਤਖ਼ਤਾਂ ਦੇ ਲਏ ਗਏ ਹਨ, ਉਸੇ ਤਰ੍ਹਾਂ ਤਖ਼ਤ ਦਮਦਮੇ ਦਾ ਜਥੇਦਾਰ ਵੀ ਉਸੇ ਅਹੁਦੇ ਦਾ ਅਧਿਕਾਰੀ ਹੈ | ਕਿਸੇ ਭੁਲੇਖੇ ਜਾਂ ਪਟਿਆਲਾ ਅਤੇ ਦੂਜੀਆਂ ਸਿੱਖ ਰਿਆਸਤਾਂ ਦੀ ਬੇਪ੍ਰਵਾਹੀ ਕਾਰਨ ਜਿਨ੍ਹਾਂ ਨੇ ਗੁਰਦੁਆਰਾ ਐਕਟ ਵਿਚ ਸਿੱਖ ਜਨਤਾ ਤੇ ਧਰਮ ਮੰਦਰਾਂ ਵਲੋਂ ਨੁਮਾਇੰਦੇ ਚੁਣੇ ਜਾਣ ਦੀ ਥਾਂ ਰਾਜ ਦਰਬਾਰਾਂ ਅਰਥਾਤ ਰਾਜਿਆਂ ਨੂੰ ਆਪੋ-ਆਪਣੇ ਮੈਂਬਰ ਭੇਜਣ ਦਾ ਹੱਕ ਮੰਨਵਾ ਲਿਆ | ਜਨਤਾ ਨੂੰ ਆਪਣੇ ਨੁਮਾਇੰਦੇ ਭੇਜਣ ਦਾ ਅਧਿਕਾਰ ਮਿਲਣ ਤੋਂ ਰਾਜਾਸ਼ਾਹੀ ਨੁਮਾਇੰਦਗੀ ਉੱਡ ਰਹੀ ਹੈ ਅਤੇ ਵਿਧਾਨ ਅਨੁਸਾਰ ਨਵਾਂ ਰਾਹ ਅਖ਼ਤਿਆਰ ਕੀਤਾ ਜਾ ਰਿਹਾ ਹੈ ਤਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਵੀ ਇਕ ਹੈੱਡ ਮਨਿਸਟਰ ਵਾਲਾ ਅਧਿਕਾਰ ਪ੍ਰਾਪਤ ਹੋਣਾ ਚਾਹੀਦਾ ਹੈ |
ਪਹਿਲਾਂ ਵੀ ਦਮਦਮਾ ਸਾਹਿਬ ਦੇ ਹੈੱਡ ਮਨਿਸਟਰ (ਜਥੇਦਾਰ) ਨੂੰ ਗੁਰਦੁਆਰਾ ਐਕਟ ਦੀ ਧਾਰਾ 19 ਸੈਕਸ਼ਨ 43 (1925) ਵਿਚ ਵੰਚਿਤ ਰੱਖਿਆ ਗਿਆ ਹੈ | ਹੁਣ ਜਦੋਂ ਰਾਜਿਆਂ ਦੇ ਅਧਿਕਾਰ ਤੇ ਉਨ੍ਹਾਂ ਦੀ ਨਾਮਜ਼ਦਗੀ ਖ਼ਤਮ ਹੋਣ ਤੇ ਸਿੱਖ ਸੰਗਤ ਵਲੋਂ ਚੁਣੇ ਮੈਂਬਰਾਂ ਨੇ ਆਉਣਾ ਹੈ ਤਾਂ ਐਕਟ 'ਚੋਂ ਇਹ ਗ਼ਲਤੀ ਵੀ ਦੂਰ ਕੀਤੀ ਜਾਣੀ ਚਾਹੀਦੀ ਹੈ | ਇਸ ਸੰਬੰਧੀ ਪੰਜਾਬ ਵਿਧਾਨ ਪ੍ਰੀਸ਼ਦ ਦੇ ਇਜਲਾਸ ਵਿਚ ਕੁਝ ਇਤਿਹਾਸਕ ਤੇ ਰਵਾਇਤੀ ਸਬੂਤ ਵੀ ਪੇਸ਼ ਕੀਤੇ ਗਏ | ਇਸ ਚੀਜ਼ ਵੱਲ ਵੀ ਧਿਆਨ ਦਿਵਾਇਆ ਗਿਆ ਕਿ ਇਸੇ ਹੀ ਐਕਟ ਦੇ ਹੋਰ ਥਾਵਾਂ 'ਤੇ ਜਿੱਥੇ ਇਸ ਧਰਮ ਸਥਾਨ ਦਾ ਜ਼ਿਕਰ ਆਇਆ ਹੈ 'ਦਮਦਮੇ' ਮੰਨਿਆ ਤੇ ਲਿਖਿਆ ਗਿਆ ਹੈ, ਸੋ ਅਮਲੀ ਰੂਪ ਦੇਣਾ ਹੀ ਬਾਕੀ ਹੈ ਪ੍ਰੰਤੂ ਅਧਿਕਾਰਾਂ ਵਾਲੀ ਥਾਂ ਇਸ ਤਖ਼ਤ ਦਾ ਪ੍ਰਤੀਨਿਧ ਪ੍ਰਵਾਨ ਨਹੀਂ ਕੀਤਾ ਗਿਆ | ਇਸ ਦੇ ਨਾਲ ਹੀ ਇਸ ਬਾਰੇ ਸਿੱਖ ਸੰਗਤਾਂ ਖ਼ਾਸ ਕਰਕੇ ਮਾਲਵਾ ਅਕਾਲੀ ਦਲ, ਬਠਿੰਡਾ ਖ਼ਾਲਸਾ ਦੀਵਾਨ ਤੇ ਸ੍ਰੀ ਗੁਰੂ ਸਿੰਘ ਸਭਾ ਬੁਢਲਾਡਾ ਤੇ ਹੋਰ ਜਥਿਆਂ, ਸਿੱਖ ਸੰਸਥਾਵਾਂ, ਅਕਾਲੀ ਜਥਿਆਂ ਤੇ ਧਾਰਮਿਕ ਇਕੱਠਾਂ ਵਿਚ ਇਹ ਮੰਗ ਜ਼ੋਰ ਫੜਨ ਲੱਗੀ ਤੇ ਕਈ ਥਾਵਾਂ 'ਤੇ ਉਚੇਚੇ ਸੰਮੇਲਨ ਵੀ ਹੋਏ | ਗਿਆਨੀ ਕਰਤਾਰ ਸਿੰਘ ਉਸ ਵੇਲੇ ਦੇ ਮਾਲ ਮੰਤਰੀ ਸਨ, ਜੋ ਇਸ ਤਰਮੀਮੀ ਬਿੱਲ ਪੇਸ਼ ਕਰਨ ਵਾਲੇ ਸਨ, ਹੋਰ ਤਰਮੀਮਾਂ ਪ੍ਰਵਾਨ ਕਰ ਲਈਆਂ ਪ੍ਰੰਤੂ ਇਸ ਤਰਮੀਮ ਬਾਰੇ ਉਨ੍ਹਾਂ ਹਾਊਸ ਨੂੰ ਇਨ੍ਹਾਂ ਸ਼ਬਦਾਂ ਵਿਚ ਭਰੋਸਾ ਦਿਵਾਇਆ:-
ਮਾਲ ਮੰਤਰੀ ਦੇ ਵਿਧਾਨ ਮੰਡਲ ਵਿਚ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਇਹ ਮਸਲਾ ਧਾਰਮਿਕ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਵਿਚਾਰ-ਗੋਚਰੇ ਰੱਖਿਆ ਗਿਆ ਤੇ ਫ਼ੈਸਲਾ ਕੀਤਾ ਕਿ ਪਹਿਲਾਂ ਇਸ ਬਾਰੇ ਪੂਰੀ ਖੋਜ-ਪੜਤਾਲ ਕਰਵਾਉਣੀ ਜ਼ਰੂਰੀ ਹੈ | ਇਸ ਲਈ ਸ. ਕਪੂਰ ਸਿੰਘ, ਡਾ. ਗੰਡਾ ਸਿੰਘ ਅਤੇ ਗਿਆਨੀ ਗੁਰਦਿੱਤ ਸਿੰਘ ਵਿਦਵਾਨਾਂ ਦੀ ਤਿੰਨ ਮੈਂਬਰੀ ਖੋਜ-ਪੜਤਾਲ ਸਬ-ਕਮੇਟੀ ਬਣਾ ਦਿੱਤੀ | ਕਿਸੇ ਕਾਰਨ ਡਾ. ਗੰਡਾ ਸਿੰਘ ਤਾਂ ਕਿਨਾਰਾ ਕਰ ਗਏ ਪਰ ਗਿਆਨੀ ਗੁਰਦਿੱਤ ਸਿੰਘ ਨੇ ਮਨ ਵਿਚ ਧਾਰ ਲਈ ਕਿ ਇਹ ਕੰਮ ਹੁਣ ਸਿਰੇ ਲਾ ਕੇ ਹੀ ਛੱਡਣਾ ਹੈ | ਸ਼੍ਰੋਮਣੀ ਕਮੇਟੀ ਨੇ ਡਾ. ਗੰਡਾ ਸਿੰਘ ਦੀ ਥਾਂ ਪ੍ਰੋ. ਸਤਿਬੀਰ ਸਿੰਘ ਨੂੰ ਲਾ ਦਿੱਤਾ |
ਸਿੱਖ ਸੰਗਤਾਂ ਵਲੋਂ ਖੁੱਲ੍ਹੇ ਇਕੱਠ ਸੱਦੇ ਜਾਣ ਲੱਗੇ | ਫ਼ਤਹਿਗੜ੍ਹ ਸਾਹਿਬ ਦੇ ਜੋੜ ਮੇਲੇ 'ਤੇ ਵਿਸ਼ੇਸ਼ ਸੰਮੇਲਨ ਵਿਚ ਮਾਸਟਰ ਤਾਰਾ ਸਿੰਘ ਵੀ ਸ਼ਾਮਿਲ ਹੋਏ ਤੇ ਉਨ੍ਹਾਂ ਵਲੋਂ ਪਿ੍ੰ. ਗੰਗਾ ਸਿੰਘ ਨੇ ਬਹਿਸ ਵਿਚ ਹਿੱਸਾ ਲਿਆ | ਇਕ ਵੱਡੀ ਭਾਰੀ ਕਨਵੈਨਸ਼ਨ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਦੇ ਬੁੰਗਾ ਮਸਤੂਆਣਾ ਵਿਚ ਕੀਤੀ ਗਈ, ਜਿਸ 'ਚ ਵਜ਼ੀਰ ਗਿਆਨੀ ਕਰਤਾਰ ਸਿੰਘ ਅਤੇ ਗਿਆਨ ਸਿੰਘ ਰਾੜੇਵਾਲਾ ਵੀ ਸ਼ਾਮਿਲ ਹੋਏ |
ਆਖ਼ਰ ਖੋਜ-ਪੜਤਾਲ ਸਬ-ਕਮੇਟੀ ਦਾ ਵੇਰਵਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧਿਕਾਰਤ ਗੁਰਦੁਆਰਾ ਗਜ਼ਟ ਦੇ ਨਵੰਬਰ 1965 ਦੇ ਪਰਚੇ ਵਿਚ ਕਰੀਬ 300 ਸਫ਼ਿਆਂ ਦੇ ਰੂਪ ਵਿਚ ਛਾਪਣਾ ਪਿਆ | ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਅੰਤਿ੍ੰਗ ਕਮੇਟੀ ਦੇ ਮਤਾ ਨੰਬਰ 799, ਮਿਤੀ 30 ਜੁਲਾਈ 1960 ਰਾਹੀਂ ਕਾਇਮ ਕੀਤੀ ਗਈ ਸਬ-ਕਮੇਟੀ ਦੀ ਰਿਪੋਰਟ ਜੋ ਨਵੰਬਰ ਦੇ ਗੁਰਦੁਆਰਾ ਗਜ਼ਟ ਵਿਚ ਛਾਪੀ ਜਾ ਚੁੱਕੀ ਸੀ, ਬਾਰੇ ਅਨੇਕਾਂ ਪੰਥ ਪ੍ਰਸਿੱਧ ਵਿਦਵਾਨਾਂ ਦੀਆਂ ਸਲਾਹਾਂ ਪ੍ਰੋੜ੍ਹਤਾ ਵਿਚ ਪੁੱਜ ਚੁੱਕੀਆਂ ਸਨ |
ਗਿਆਨੀ ਗੁਰਦਿੱਤ ਸਿੰਘ ਐਮ.ਐਲ.ਸੀ. ਦਾ ਪੰਜਾਬ ਕੌਂਸਲ ਭਾਸ਼ਨ: ਚੇਅਰਮੈਨ ਸਾਹਿਬ ਇਹ ਤਖ਼ਤਾਂ ਦੇ ਹੈੱਡ ਮਨਿਸਟਰਾਂ ਦੀ ਪ੍ਰਤੀਨਿਧਤਾ ਵਾਲੀ ਇਕ ਅਜਿਹੀ ਗੱਲ ਹੈ, ਜਿਹੜੀ ਇਸ ਦੇ ਬੁਨਿਆਦੀ ਬਿੱਲ ਵਿਚ ਕਿਸੇ ਪੰਥਕ ਫ਼ੈਸਲੇ ਜਾਂ ਕਿਸੇ ਇਤਿਹਾਸਕ ਗੱਲ ਕਾਰਨ ਨਹੀਂ ਆਈ, ਸਗੋਂ ਜਾਪਦਾ ਹੈ ਕਿ ਜਦੋਂ ਇਹ ਬਿੱਲ ਬਣਾਇਆ ਗਿਆ ਤਾਂ ਉਸ ਵੇਲੇ ਕਾਹਲੀ ਜਾਂ ਭੁੱਲ ਕਾਰਨ ਇਸ ਨੂੰ ਤਖ਼ਤ ਸਾਹਿਬ ਨਹੀਂ ਮੰਨਿਆ ਗਿਆ | ਜੇ ਪਿੱਛੋਂ ਵੀ ਇਸ ਬਾਰੇ ਪੁੱਛ-ਪੜਤਾਲ ਦੇ ਆਧਾਰ 'ਤੇ ਸਬੂਤ ਲੱਭੇ ਜਾਂਦੇ ਤਾਂ ਇਸ ਨੂੰ ਤਖ਼ਤ ਸਾਹਿਬ ਦਾ ਰੁਤਬਾ ਜ਼ਰੂਰ ਮਿਲਿਆ ਹੁੰਦਾ | ਮੈਂ ਇਤਿਹਾਸ ਨੂੰ ਕਾਫ਼ੀ ਘੋਖਿਆ ਹੈ, ਇਸ ਲਈ ਮੈਂ ਇਹ ਕਹਿ ਸਕਦਾ ਹਾਂ ਕਿ ਦਮਦਮਾ ਸਾਹਿਬ ਪੁਰਾਣੇ ਸਮੇਂ ਤੋਂ ਹੀ ਤਖ਼ਤ ਹੈ | ਮੈਨੂੰ ਇਸ ਕਲਾਜ਼ ਦੀ ਜਿਸ ਚਾਰ ਤਖ਼ਤਾਂ ਨੂੰ ਪ੍ਰਤੀਨਿਧਤਾ ਹੈ, ਹਮਾਇਤ ਕਰਨ ਲਈ ਕੋਈ ਗੱਲ ਨਹੀਂ ਲੱਭੀ |
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਮੋਬਾ: 94642-91023