09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਸ਼ਵ ਲਈ ਚਾਨਣ ਮੁਨਾਰਾ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ

ਅਜੀਤ ਡੈਸਕ 22-09-2025

 ਇਸ ਸਮੇਂ ਵਿਸ਼ਵ ਬਹੁਤ ਹੀ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਇਸ ਸਦੀ ਨੂੰ ਗਿਆਨ ਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਦੂਜੇ ਪਾਸੇ ਗਿਆਨ ਤੇ ਸੂਚਨਾ ਵਿਸ਼ਵ ਦੀ ਅੱਧੀ ਤੋਂ ਵੱਧ ਵਸੋਂ ਦੀ ਪਹੁੰਚ ਤੋਂ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਭਾਵ ਰੋਟੀ, ਕੱਪੜਾ ਤੇ ਮਕਾਨ ਨੂੰ ਤਰਸ ਰਹੇ ਹਨ। ਵਿੱਦਿਆ ਪ੍ਰਾਪਤੀ ਬਾਰੇ ਤਾਂ ਇਹ ਸੋਚ ਵੀ ਨਹੀਂ ਸਕਦੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਇਨ੍ਹਾਂ ਨੂੰ ਝੱਲਣੀ ਪੈਂਦੀ ਹੈ ਕਿਉਂਕਿ ਸਿਹਤ ਸਹੂਲਤਾਂ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। 'ਤਕੜੇ ਦਾ ਸੱਤੀਂ ਵੀਹੀਂ ਸੌ' ਹੋ ਰਿਹਾ ਹੈ। ਜਿੱਥੇ ਇਕ ਪਾਸੇ ਤਾਕਤਵਰ ਤਾਕਤ ਦੇ ਜ਼ੋਰ 'ਤੇ ਵਿਸ਼ਵ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ, ਉੱਥੇ ਧਾਰਮਿਕ ਕੱਟੜਵਾਦੀ ਵਿਸ਼ਵ ਭਰ 'ਚ ਧਰਮ ਦੇ ਨਾਂਅ 'ਤੇ ਅੱਤਵਾਦ ਫੈਲਾ ਰਹੇ ਹਨ। ਗਰੀਬ ਲੋਕ ਥੁੜਾਂ ਭਰਿਆ ਜੀਵਨ ਜੀ ਰਹੇ ਹਨ ਤੇ ਅਮੀਰ ਲੋਕ ਬਹੁਤਾਤ ਦੀ ਅਮੀਰੀ ਦੀ ਅੱਗ 'ਚ ਝੁਲਸ ਰਹੇ ਹਨ। ਚੈਨ ਕਿਸੇ ਨੂੰ ਵੀ ਨਹੀਂ ਹੈ। ਕੁਦਰਤ ਨੇ ਇਸ ਧਰਤੀ ਨੂੰ ਏਨਾ ਮਾਲਾਮਾਲ ਕੀਤਾ ਹੈ ਕਿ ਜੇਕਰ ਕਾਣੀ ਵੰਡ ਨੂੰ ਰੋਕ ਕੇ ਬਰਾਬਰ ਛਕਿਆ ਜਾਵੇ ਤਾਂ ਵਿਸ਼ਵ ਵਿਚ ਭੁੱਖ, ਨੰਗ ਤੇ ਗਰੀਬੀ ਨੂੰ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ। ਵਿਗਿਆਨ ਵਿਚ ਹੋਏ ਇਨਕਲਾਬੀ ਵਿਕਾਸ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਹਊਮੈ, ਈਰਖਾ ਤੇ ਹਵਸ ਦੀ ਜਕੜ ਵਿਚ ਜਕੜਿਆ ਹੋਇਆ ਹੈ, ਜਿਸ ਦਾ ਨਤੀਜਾ ਇਹ ਹੈ ਕਿ ਵਿਸ਼ਵ ਵਿਚਲੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਧਰਤੀ ਤਬਾਹੀ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਸਮੇਂ ਸੰਸਾਰ ਨੂੰ ਇਕ ਅਜਿਹੀ ਸੇਧ ਦੀ ਲੋੜ ਹੈ, ਜਿਸ ਸਦਕਾ ਵਿਸ਼ਵ ਨੂੰ ਤਬਾਹੀ ਦੇ ਰਸਤੇ ਤੋਂ ਮੋੜਿਆ ਜਾ ਸਕੇ। ਇਕ ਅਜਿਹੀ ਜੀਵਨ ਜਾਚ ਦੀ ਲੋੜ ਹੈ, ਤਾਂ ਜੋ ਸੰਸਾਰ 'ਚੋਂ ਨਫ਼ਰਤ ਤੇ ਈਰਖਾ ਦੂਰ ਹੋ ਸਕੇ। ਇਕ ਅਜਿਹੇ ਫ਼ਲਸਫ਼ੇ ਦੀ ਲੋੜ ਹੈ, ਜਿਸ ਰਾਹੀਂ ਹਊਮੈ ਤੇ ਲਾਲਸਾ ਦੀ ਥਾਂ ਆਪਸੀ ਪਿਆਰ, ਹਮਦਰਦੀ ਅਤੇ ਮਿਲਵਰਤਨ ਵਿਚ ਵਾਧਾ ਹੋਵੇ। ਇਨ੍ਹਾਂ ਸਭਨਾਂ ਦਾ ਜਵਾਬ ਉਸ ਪਵਿੱਤਰ ਅਤੇ ਅਨੋਖੇ ਗ੍ਰੰਥ ਵਿਚ ਹੈ, ਜਿਸ ਦੀ ਸੰਪਾਦਨਾ ਕੋਈ ਚਾਰ ਸਦੀਆਂ ਪਹਿਲਾਂ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।

ਗੁਰੂ ਗ੍ਰੰਥ ਸਾਹਿਬ ਕਿਸੇ ਇਕ ਫ਼ਿਰਕੇ, ਮਜ਼੍ਹਬ ਜਾਂ ਕਿਸੇ ਇਕ ਸੂਬੇ ਲਈ ਨਹੀਂ ਹੈ। ਇਸ ਦਾ ਸੰਦੇਸ਼ ਤਾਂ ਕੁੱਲ ਲੋਕਾਈ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਊਚ-ਨੀਚ ਤੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਸਭ ਵਰਗਾਂ ਦੇ ਭਗਤਾਂ ਤੇ ਸੰਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਸ ਮਹਾਨ ਗ੍ਰੰਥ ਵਿਚ ਸਾਰੀ ਲੋਕਾਈ ਲਈ ਅਜਿਹੀ ਜੀਵਨ ਜਾਚ ਦੀ ਬਖਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਅਪਣਾ ਕੇ ਇਸ ਸੰਸਾਰ 'ਚੋਂ ਨਫ਼ਰਤ, ਊਚ-ਨੀਚ, ਲੜਾਈ-ਝਗੜੇ ਅਤੇ ਗਰੀਬੀ ਖ਼ਤਮ ਹੋ ਸਕਦੀ ਹੈ। ਇਸ ਸੰਸਾਰ ਨੂੰ ਸਵਰਗ ਰੂਪ ਪ੍ਰਾਪਤ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਨ ਆਤਮਾਵਾਂ ਨੇ ਉਦੋਂ ਕੀਤੀ, ਜਦੋਂ ਉਹ ਕਾਦਰ ਨਾਲ ਇਕਮਿਕ ਹੁੰਦੇ ਸਨ ਤੇ ਉਸੇ ਦੇ ਆਦੇਸ਼ਾਂ ਨੂੰ ਉਨ੍ਹਾਂ ਨੇ ਮਾਨਵਤਾ ਤੀਕ ਪਹੁੰਚਾਇਆ। ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਹਰ ਤਰ੍ਹਾਂ ਦੇ ਭੇਦਭਾਵ ਤੋਂ ਨਿਰਮਲ ਹੈ।
ਜਦੋਂ ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਹ ਜਾਤ-ਪਾਤ ਤੇ ਊਚ-ਨੀਚ ਨੂੰ ਭੁੱਲ ਸਾਰੀ ਮਾਨਵਤਾ ਅੱਗੇ ਸੀਸ ਝੁਕਾਉਂਦਾ ਹੈ। ਇਸ ਵਿਚ ਕਿਸੇ ਸਥਾਨ ਜਾਂ ਪ੍ਰਾਂਤ ਨੂੰ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਗਈ, ਸਗੋਂ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਗਈ ਹੈ। ਇਸ ਵਿਚ ਮਹਾਰਾਸ਼ਟਰ ਦੇ ਸੰਤ ਨਾਮਦੇਵ ਦੀ ਬਾਣੀ ਵੀ ਹੈ ਤੇ ਦੇਸ਼ ਦੇ ਦੂਜੇ ਪਾਸੇ ਬੰਗਾਲ ਦੇ ਭਗਤ ਜੈ ਦੇਵ ਦੀ ਰਚਨਾ ਵੀ ਸ਼ਾਮਿਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਇਕ ਸਮੇਂ 'ਚ ਨਹੀਂ ਰਚੀ ਗਈ, ਸਗੋਂ ਕਾਲ ਦੀਆਂ ਹੱਦਾਂ ਬੰਨ੍ਹੇ ਟੱਪ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਵਿਚਕਾਰ ਹੋਏ ਗੁਰੂਆਂ, ਸੰਤਾਂ ਤੇ ਭਗਤਾਂ ਦੀ ਬਾਣੀ ਇਸ ਵਿਚ ਦਰਜ ਹੈ। ਇੰਝ ਇਹ ਬਾਣੀ ਸਦੀਵੀ ਤੇ ਜੁਗੋ-ਜੁਗ ਅਟਲ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਉਸ ਨੂੰ ਕੁੱਲ ਲੋਕਾਈ ਦਾ ਮੰਦਰ ਬਣਾਇਆ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਦਰਜ ਨਹੀਂ ਕੀਤੀ, ਸਗੋਂ ਇਸ ਵਿਚ 15 ਭਗਤਾਂ, ਚਾਰ ਗੁਰ ਸਿੱਖਾਂ ਤੇ 11 ਭੱਟਾਂ ਦੀ ਬਾਣੀ ਦਰਜ ਕਰਕੇ ਇਸ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾਇਆ। ਇਸ ਵਿਚ ਕੋਈ ਧਾਰਮਿਕ ਕਰਮ ਕਾਂਡ ਨਹੀਂ ਦੱਸੇ ਗਏ, ਸਗੋਂ ਵਿਖਾਵੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਸੱਚਾ ਤੇ ਸੁੱਚਾ ਜੀਵਨ ਜਿਊੁਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਤੋਂ ਸਾਂਝੀਵਾਲਤਾ, ਆਪਸੀ ਪ੍ਰੇਮ, ਸਮਾਜਿਕ ਬਰਾਬਰੀ, ਸੁੱਚੀ ਕਿਰਤ, ਸੱਚ ਤੇ ਸ਼ਾਂਤੀ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ ਅਤੇ ਮਨ ਨੂੰ ਜਿੱਤ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਤੇ ਕਾਬੂ ਪਾਉਣ ਦੀ ਵਿਧੀ ਵੀ ਦੱਸੀ ਗਈ ਹੈ।

ਪਿਛਲੀ ਖ਼ਬਰ ਜਨਮ ਦਿਹਾੜੇ 'ਤੇ ਵਿਸ਼ੇਸ਼ ਗੁਰੂ ਦੇ ਪਿਆਰੇ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਅਗਲੀ ਖ਼ਬਰ ਗੁਰਬਾਣੀ ਇਸੁ ਜਗ ਮਹਿ ਚਾਨਣੁ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।