ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਕੋਈ ਬਹੁਤਾ ਇਤਿਹਾਸ ਨਹੀਂ ਮਿਲਦਾ। ਕੁਝ ਕੁ ਵਿਦਵਾਨਾਂ ਨੇ ਭਾਈ ਲਾਲੋ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿਚ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਸਾਖੀ ਵਿਚ ਥੋੜ੍ਹਾ ਕੁ ਕੀਤਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਆਰੰਭ ਕੀਤੀਆਂ ਤਾਂ ਤਿੰਨ ਉਦਾਸੀਆਂ ਸਮੇਂ ਗੁਰੂ ਜੀ ਭਾਈ ਲਾਲੋ ਦੇ ਕੋਲ ਗਏ। ਭਾਈ ਲਾਲੋ ਗੁਰੂ ਜੀ ਦੇ ਉਨ੍ਹਾਂ ਸਿੱਖਾਂ 'ਚੋਂ ਸਨ, ਜਿਨ੍ਹਾਂ ਨੂੰ 'ਭਾਈ' ਦੀ ਪਦਵੀ ਨਾਲ ਸਨਮਾਨਿਆ ਗਿਆ।
ਭਾਈ ਕਾਹਨ ਸਿੰਘ ਨਾਭਾ 'ਮਹਾਨਕੋਸ਼' ਵਿਚ ਲਿਖਦੇ ਹਨ ਕਿ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵਲੋਂ ਭਾਈ ਦੀ ਪਦਵੀ ਮਿਲੀ, ਉਹ ਸਨ ਭਾਈ ਮਰਦਾਨਾ ਜੀ ਤੇ ਭਾਈ ਬੁੱਢਾ ਜੀ ਅਤੇ ਭਾਈ ਲਾਲੋ ਜੀ ਵੀ ਇਨ੍ਹਾਂ 'ਚੋਂ ਹੀ ਗੁਰੂ ਦੇ ਪਿਆਰੇ ਗੁਰਸਿੱਖ ਸਨ। ਭਾਈ ਲਾਲੋ ਦਾ ਜਨਮ 1452 ਈ: ਨੂੰ 11 ਅੱਸੂ ਨੂੰ ਪਿਤਾ ਭਾਈ ਜਗਤ ਰਾਮ ਘਟੌੜੇ ਤੇ ਮਾਤਾ ਖੇਮ ਕੌਰ ਦੇ ਗ੍ਰਹਿ ਪਿੰਡ ਸੈਦਪੁਰ (ਹੁਣ ਏਮਨਾਬਾਦ) ਵਿਖੇ ਹੋਇਆ। ਭਾਈ ਲਾਲੋ ਦੇ ਪਿਤਾ ਲੱਕੜ ਦਾ ਕੰਮ ਕਰਦੇ ਸਨ। ਵੱਡਾ ਹੋਣ 'ਤੇ ਭਾਈ ਲਾਲੋ ਨੇ ਵੀ ਪਿਤਾ ਪੁਰਖੀ ਕਿੱਤਾ ਸੰਭਾਲ ਲਿਆ ਤੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਕੇ ਜੀਵਨ ਨਿਰਬਾਹ ਕਰਨ ਲੱਗੇ। ਉਹ ਵੈਦ-ਹਕੀਮ ਦਾ ਕੰਮ ਵੀ ਜਾਣਦੇ ਸਨ।
ਪ੍ਰਿੰ. ਤੇਜਾ ਸਿੰਘ ਤੇ ਗੰਢਾ ਸਿੰਘ ਆਪਣੀ ਲਿਖਤ 'ਸਿੱਖ ਹਿਸਟਰੀ' (1469-1765) 'ਚ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਸੈਦਪੁਰ ਦੇ ਸਥਾਨ 'ਤੇ ਭਾਈ ਲਾਲੋ ਤਰਖਾਣ ਦੇ ਘਰ ਠਹਿਰੇ। ਇਹ ਇਕ ਅਜੀਬ ਮੇਲ ਸੀ ਕਿ ਇਕ ਖੱਤਰੀ ਸੰਤ ਇਕ ਨੀਵੀਂ ਜਾਤ ਦੇ ਮੁਸਲਮਾਨ ਭੱਟ ਨੂੰ ਨਾਲ ਲੈ ਕੇ ਇਕ ਹਿੰਦੂ ਸ਼ੂਦਰ ਦੇ ਘਰ ਰਹਿ ਰਿਹਾ ਸੀ ਅਤੇ ਭੋਜਨ ਛਕ ਰਿਹਾ ਸੀ। ਇਸ ਗੱਲ ਦੀ ਸੈਦਪੁਰ 'ਚ ਕਾਫ਼ੀ ਚਰਚਾ ਹੋਈ। ਮਲਕ ਭਾਗੋ ਦੇ ਇਕ ਮਹਾਨ ਭੋਜ ਵਿਚ ਸ਼ਰੀਕ ਹੋਣ ਤੋਂ ਗੁਰੂ ਜੀ ਦੇ ਸਾਫ਼ ਇਨਕਾਰ ਕਰਨ 'ਤੇ ਇਹ ਗੱਲ ਕਰੜੀ ਆਲੋਚਨਾ ਦਾ ਰੂਪ ਧਾਰਨ ਕਰ ਗਈ। ਮਲਕ ਭਾਗੋ ਦੇ ਸ਼ਾਹੀ ਖ਼ਰਚੇ ਵਾਲੇ ਭੋਜਨ 'ਚੋਂ ਲਹੂ ਤੇ ਗਰੀਬ ਭਾਈ ਲਾਲੋ ਦੀ ਸਧਾਰਨ ਰੋਟੀ 'ਚੋਂ ਦੁੱਧ ਚੋਂਦਾ ਹੈ। ਗੁਰੂ ਜੀ ਨੇ ਕਿਹਾ ਕਿ ਮੇਰੀ ਨਜ਼ਰ ਵਿਚ ਜਾਤ-ਪਾਤ ਲਈ ਕੋਈ ਥਾਂ ਨਹੀ ਹੈ।
ਭਾਈ ਲਾਲੋ ਨੂੰ ਉੱਤਰੀ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਪਹਿਲਾ ਮੰਜੀਦਾਰ (ਪ੍ਰਚਾਰਕ) ਨਿਯੁਕਤ ਕੀਤਾ ਗਿਆ। ਗਿਆਨੀ ਗਿਆਨ ਸਿੰਘ 'ਤਵਾਰੀਖ ਗੁਰੂ ਖ਼ਾਲਸਾ ਭਾਗ ਪਹਿਲਾ' 'ਚ ਲਿਖਦੇ ਹਨ ਕਿ ਗੁਰੂ ਜੀ ਨੇ ਭਾਈ ਲਾਲੋ ਨੂੰ ਸੈਦਪੁਰ ਜਾ ਦਰਸ਼ਨ ਦਿੱਤੇ ਅਤੇ ਜਿੱਥੇ ਹੁਣ ਗੁਰਦੁਆਰਾ ਰੋੜੀ ਸਾਹਿਬ ਹੈ, ਉੱਥੇ ਤਲਾਬ ਦੇ ਕਿਨਾਰੇ ਰੋੜਾਂ 'ਤੇ ਤਪ ਕਰਨ ਲੱਗ ਪਏ। ਇੱਥੇ ਗੁਰੂ ਜੀ ਨੇ ਪਖੰਡੀਆਂ ਦੇ ਪਖੰਡ ਜ਼ਾਹਿਰ ਕਰਕੇ ਭੇਖੀ ਸ਼ਰਈ ਲੋਕਾਂ ਦੇ ਜਾਲ 'ਚੋਂ ਜੀਵਾਂ ਨੂੰ ਛੁਡਾਇਆ। ਏਸ ਕਰਕੇ ਪੰਡਤ, ਮਲਾਣੇ ਤੇ ਕਾਜ਼ੀ ਗੁਰੂ ਜੀ ਨਾਲ ਖ਼ਾਰ ਖਾਂਦੇ ਸਨ। ਢੰਡੋਰਾ ਪਿੱਟ ਦਿੱਤਾ ਕਿ ਇਹ ਖੱਤਰੀ, ਲਾਲੋ ਸ਼ੂਦਰ ਦੇ ਘਰ ਮੁਸਲਮਾਨ ਡੂੰਮ ਨਾਲ ਰੋਟੀ ਛਕਦਾ ਹੈ। ਜਦ ਮਲਕ ਭਾਗੋ ਨੇ ਆਪਣੇ ਪੁੱਤਰ ਦੇ ਵਿਆਹ 'ਤੇ ਬ੍ਰਹਮ ਭੋਜ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਨਾ ਗਏ ਅਤੇ ਹੋਰ ਸੰਤਾਂ ਨੂੰ ਭੇਜ ਦਿੱਤਾ।
ਅਗਲੇ ਦਿਨ ਮਲਕ ਭਾਗੋ ਨੇ ਗੁਰੂ ਜੀ ਨੂੰ ਆਪਣੀ ਕਚਹਿਰੀ ਵਿਚ ਬੁਲਾਇਆ ਅਤੇ ਬ੍ਰਹਮ ਭੋਜ 'ਤੇ ਨਾ ਆਉਣ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਜਵਾਬ ਦਿੱਤਾ ਕਿ ਰਾਜ ਅੰਨ ਰਕਤ ਦੇ ਬਰਾਬਰ ਹੁੰਦਾ ਹੈ, ਜੋ ਸੰਤਾਂ ਦੇ ਭੋਗਣ ਯੋਗ ਨਹੀਂ ਤੇ ਧਰਮ ਦੀ ਕਮਾਈ ਦੁੱਧ ਦੇ ਸਮਾਨ ਹੁੰਦੀ ਹੈ। ਸਚਾਈ ਦਿਖਾਉਣ 'ਤੇ ਵੀ ਮਲਕ ਭਾਗੋ ਨਾ ਮੰਨਿਆ। ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਨੇ ਬਾਣੀ ਉਚਾਰੀ:
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥ (ਅੰਗ-722)
ਮਰਦਾਨੇ ਦੇ ਬੇਨਤੀ ਕਰਨ 'ਤੇ ਗੁਰੂ ਜੀ ਅੱਗੇ ਚਾਲੇ ਪਾਉਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਕਿਹਾ ਕਿ ਥੋੜ੍ਹੇ ਦਿਨ ਹੋਰ ਠਹਿਰ ਜਾਓ ਤਾਂ ਗੁਰੂ ਜੀ ਥੋੜ੍ਹੇ ਦਿਨ ਹੋਰ ਭਾਈ ਲਾਲੋ ਦੇ ਗ੍ਰਹਿ ਵਿਖੇ ਠਹਿਰੇ। ਉਸ ਤੋਂ ਬਾਅਦ ਗੁਰੂ ਜੀ ਵਾਪਸ ਤਲਵੰਡੀ ਆ ਗਏ। ਅੰਤ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਸੱਚਖੰਡ ਬਿਰਾਜਣ ਦਾ ਸਮਾਂ ਇਤਹਾਸ ਵਿਚ 1531 ਦੱਸਿਆ ਗਿਆ ਹੈ।
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
dharmindersinghchabba@gmail.com