09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗੁਰਬਾਣੀ ਇਸੁ ਜਗ ਮਹਿ ਚਾਨਣੁ

ਅਜੀਤ ਡੈਸਕ 22-09-2025

ਸੰਸਾਰ ਦੇ ਸਾਰੇ ਧਰਮਾਂ ਦੇ ਆਪਣੇ-ਆਪਣੇ ਵਿਸ਼ੇਸ਼ ਧਾਰਮਿਕ ਗ੍ਰੰਥ ਹਨ। ਉਸ ਧਰਮ ਦੇ ਸ਼ਰਧਾਲੂ ਇਨ੍ਹਾਂ ਵਿਚ ਦਿੱਤੇ ਪ੍ਰਵਚਨਾਂ ਨੂੰ ਪੜ੍ਹਦੇ-ਸੁਣਦੇ ਤੇ ਵਿਚਾਰਦੇ ਹਨ। ਇਨ੍ਹਾਂ 'ਚੋਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸੰਸਾਰ ਦਾ ਇਕੋ-ਇਕ ਅਜਿਹਾ ਵਿਲੱਖਣ, ਅਧਿਆਤਮਿਕ ਗਿਆਨ ਦਾ ਮਹਾਂਸਾਗਰ, ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਮਾਨਵਤਾਵਾਦੀ ਵਿਚਾਰਧਾਰਾ ਨਾਲ ਵਰੋਸਾਇਆ ਮਹਾਨ ਗ੍ਰੰਥ ਹੈ, ਜਿਸ ਨੂੰ ਗੁਰੂੁ ਦਾ ਦਰਜਾ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਗੁਰਬਾਣੀ ਦਾ ਇਹ ਬ੍ਰਹਿਮੰਡੀ ਗਿਆਨ ਕਿਸੇ ਵਿਸ਼ੇਸ਼ ਫਿਰਕੇ, ਰੰਗ, ਨਸਲ, ਜਾਤ-ਪਾਤ ਤੱਕ ਸੀਮਤ ਨਹੀਂ ਹੈ, ਸਗੋਂ ਇਹ ਹਰ ਤਰ੍ਹਾਂ ਦੇ ਵਿਤਕਰਿਆਂ ਨੂੰ ਤਿਲਾਂਜਲੀ ਦੇ ਕੇ ਸਮੁੱਚੀ ਲੋਕਾਈ ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ॥ ਦੇ ਸੰਦੇਸ਼ ਨਾਲ ਆਪਣੇ ਕਲਾਵੇ ਵਿਚ ਸਮੋਈ ਬੈਠਾ ਹੈ।
ਧੁਰ ਕੀ ਬਾਣੀ ਨਾਲ ਨਿਵਾਜੇ ਇਸ ਵਿਲੱਖਣ ਰੁਤਬੇ ਵਾਲੇ ਮਹਾਨ ਗ੍ਰੰਥ ਵਿਚ ਗੁਰੁ ਸਾਹਿਬਾਨ ਦੇ ਨਾਲ-ਨਾਲ, ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਤੱਕ ਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਵਸੇ ਮਹਾਨ ਸੰਤ-ਪੁਰਸ਼ਾਂ ਦੀ ਬਾਣੀ ਵੀ ਦਰਜ ਕੀਤੀ ਗਈ ਹੈ। ਇਸ ਵਿਚ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤ ਸਾਹਿਬਾਨ, ਗਿਆਰਾਂ ਭੱਟ ਸਾਹਿਬਾਨ ਤੇ ਚਾਰ ਗੁਰਸਿੱਖਾਂ ਦੀ ਬਾਣੀ ਦਰਜ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਸਾਰ ਭਰ ਵਿਚ ਸਰਬ-ਸਾਂਝੀਵਾਲਤਾ, ਬਰਾਬਰੀ ਤੇ ਮਾਨਵੀ ਕਦਰਾਂ-ਕੀਮਤਾਂ ਦੀ ਵਿਚਾਰਧਾਰਾ ਕਾਰਨ ਵਿਸ਼ੇਸ਼ ਸਤਿਕਾਰ ਦਾ ਰੁਤਬਾ ਪ੍ਰਾਪਤ ਹੈ।
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਗੰਮੀ ਬਾਣੀ ਦਾ ਇਹ ਪ੍ਰਵਾਹ ਇਕ ਜੋਤ ਤੋਂ ਦੂਜੀ ਜੋਤ ਤੱਕ ਅਗਲੇ ਗੁਰੂ ਸਾਹਿਬਾਨ ਤੱਕ ਪਹੁੰਚਦਾ ਰਿਹਾ। ਇਸ ਨਿਵੇਕਲੇ ਗ੍ਰੰਥ ਦੀ ਸੰਪਾਦਨਾ ਦਾ ਮਹਾਨ ਕਾਰਜ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਸ ਗ੍ਰੰਥ ਦੇ ਲਿਖਣ ਕਾਰਜ ਨੂੰ ਸ੍ਰੀ ਗੁਰੂੁ ਅਰਜਨ ਦੇਵ ਜੀ ਦੀ ਸੁਚੱਜੀ ਅਗਵਾਈ ਵਿਚ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੇ ਕਰ-ਕਮਲਾਂ ਦੁਆਰਾ ਨੇਪਰੇ ਚਾੜ੍ਹਿਆ ਗਿਆ। ਇਸ ਤਰ੍ਹਾਂ ਇਸ ਅਦੁੱਤੀ ਗ੍ਰੰਥ ਨੂੰ ਪਹਿਲਾਂ 'ਪੋਥੀ ਸਾਹਿਬ' ਤੇ ਬਾਅਦ ਵਿਚ 'ਆਦਿ ਗ੍ਰੰਥ' ਕਿਹਾ ਜਾਣ ਲੱਗਾ। ਇਸ ਦਾ ਪਹਿਲਾ ਪ੍ਰਕਾਸ਼ 1604 ਈ. 'ਚ ਸਿੱਖ ਧਰਮ ਦੇ ਮਹਾਨ ਕੇਂਦਰੀ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ। ਸਿੱਖ ਧਰਮ ਦੇ ਵਿਦਵਾਨ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਹੋਣ ਦਾ ਮਾਣ ਬਖ਼ਸ਼ਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿਚ ਦਰਜ ਕਰਵਾਈ। ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਸ਼ਬਦ ਗੁਰੂ ਦਾ ਮਹਾਨ ਤੇ ਨਿਵੇਕਲਾ ਰੁਤਬਾ ਬਖ਼ਸ਼ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ।
ਗੁਰਬਾਣੀ ਦੀ ਮੁੱਖ ਸੁਰ ਅਧਿਆਤਮਿਕ ਹੈ, ਭਾਵੇਂ ਕਿ ਜੀਵਨ-ਜਾਚ ਦੇ ਹਰ ਪਸਾਰੇ ਸੰਬੰਧੀ ਵਿਚਾਰਾਂ ਨੂੰ ਬਹੁਤ ਦੀਰਘ ਦ੍ਰਿਸ਼ਟੀ ਨਾਲ ਬਿਆਨਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਾਣੀਕਾਰ ਮਨੁੱਖਤਾ ਦੇ ਭਲੇ ਅਤੇ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ। ਬਿਨਾਂ ਕਿਸੇ ਵਿਤਕਰੇ ਦੇ ਇਹ ਉਪਦੇਸ਼ ਸਭ ਲਈ ਸਾਂਝਾ ਹੈ। ਗੁਰ ਫੁਰਮਾਨ ਹੈ:
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ: 747)
ਗੁਰੂ ਸਾਹਿਬਾਨ ਤੇ ਹੋਰ ਭਗਤ ਸਾਹਿਬਾਨ ਨੇ ਜਾਤ-ਪਾਤ, ਰੰਗ, ਨਸਲ ਦੇ ਹੋਰ ਤਰ੍ਹਾਂ ਦੇ ਸਮਾਜਿਕ ਵਿਤਕਰਿਆਂ ਤੋਂ ਉੱਪਰ ਉੱਠ ਕੇ ਪਿਆਰ, ਏਕਤਾ ਤੇ ਸਾਂਝੀਵਾਲਤਾ ਦਾ ਹੋਕਾ ਦਿੱਤਾ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਗਿਆਨ-ਰੂਪੀ ਚਾਨਣ ਕਹਿ ਕੇ ਵਡਿਆਇਆ:
ਗੁਰਬਾਣੀ ਇਸੁ ਜਗ ਮਹਿ ਚਾਨਣੁ॥ ਕਰਮਿ ਵਸੈ ਮਨਿ ਆਏ॥
(ਅੰਗ: 67)
ਸਿੱਖ ਵਿਚਾਰਧਾਰਾ ਵਿਚ ਅਗੰਮੀ ਸ਼ਕਤੀ ਵਾਹਿਗੁਰੂ ਨੂੰ ਸਰਬਵਿਆਪਕ ਤੇ ਸਰਬਸ਼ਕਤੀਮਾਨ ਮੰਨਿਆ ਗਿਆ ਹੈ। ਹਰ ਇਕ ਪ੍ਰਾਣੀ ਵਿਚ ਇਹੀ ਜੋਤ ਵਿਦਮਾਨ ਹੈ। ਗੁਰਬਾਣੀ ਦਾ ਸਪੱਸ਼ਟ ਸੰਦੇਸ਼ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
(ਅੰਗ:1349)
ਉਨ੍ਹਾਂ ਸਮਿਆਂ ਵਿਚ ਜਾਤ-ਪਾਤ ਵਿਆਪਕ ਰੂਪ ਵਿਚ ਪ੍ਰਚੱਲਿਤ ਸੀ। ਗੁਰੂੁ ਸਾਹਿਬਾਨ ਨੇ ਜਾਤ-ਪਾਤ ਦੇ ਵਿਰੁੱਧ ਆਵਾਜ਼ ਉਠਾਈ ਤੇ ਇੱਥੋਂ ਤੱਕ ਲਾਹਣਤ ਵੀ ਪਾਈ:
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
(ਅੰਗ: 1127)
ਗੁਰੂ ਨਾਨਕ ਦੇਵ ਜੀ ਨੇ ਤਾਂ ਸਮਾਜ ਵਲੋਂ ਹਾਸ਼ੀਏ 'ਤੇ ਧੱਕੇ ਲੋਕਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਤੇ ਇਨ੍ਹਾਂ ਨੂੰ ਗਲ਼ ਨਾਲ ਲਾਇਆ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
(ਅੰਗ:15)
ਸ਼੍ਰੋਮਣੀ ਭਗਤ ਕਬੀਰ ਸਾਹਿਬ ਨੇ ਤਾਂ ਬ੍ਰਾਹਮਣੀ ਵਿਚਾਰਧਾਰਾ ਦੇ ਜਾਤ-ਪਾਤੀ ਹੰਕਾਰ 'ਤੇ ਬੇਬਾਕੀ ਨਾਲ ਪ੍ਰਹਾਰ ਕਰਦਿਆਂ ਖ਼ਰੀਆਂ-ਖ਼ਰੀਆਂ ਸੁਣਾਈਆਂ:
ਜੌ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
(ਅੰਗ : 324)
ਕੁਦਰਤ ਨੇ ਮਨੁੱਖ ਨੂੰ ਬੁੱਧੀ ਦੀ ਦਾਤ ਬਖ਼ਸ਼ੀ ਹੈ, ਜਿਸ ਦਾ ਭਾਵ ਹੈ ਕਿ ਮਨੁੱਖ ਇਸ ਜੀਵਨ ਵਿਚ ਵਿਚਰਦਿਆਂ ਹੋਇਆਂ, ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਮਨ ਵਿਚ ਵਸਾ ਕੇ ਆਪਣੀ ਮੱਤ-ਬੁੱਧ ਨਾਲ ਸੋਚ-ਵਿਚਾਰ ਕੇ ਹੀ ਕੋਈ ਕਦਮ ਚੁੱਕੇ। ਹਰ ਗੱਲ ਅਕਲ ਦੀ ਕਸੌਟੀ 'ਤੇ ਪਰਖ ਕੇ ਹੀ ਕੀਤੀ ਜਾਵੇ। ਗੁਰ ਫੁਰਮਾਨ ਹੈ:
ਅਕਲੀ ਸਾਹਿਬੁ ਸੇਵੀਐ
ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੈ ਬੁਝੀਐ
ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ
ਹੋਰਿ ਗਲਾਂ ਸੈਤਾਨੁ॥
(ਅੰਗ:1245)
ਬਾਬਾ ਸ਼ੇਖ ਫਰੀਦ ਮਨੁੱਖੀ ਜੀਵ ਨੂੰ ਆਪਣੇ ਮਨ ਵਿਚ ਝਾਤੀ ਮਾਰਨ ਦਾ ਉਪਦੇਸ਼ ਦਿੰਦੇ ਹਨ:
ਫਰੀਦਾ ਜੇ ਤੂ ਅਕਲਿ ਲਤੀਫੁ
ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ
ਮਹਿ ਸਿਰੁ ਨੀਵਾਂ ਕਰਿ ਦੇਖੁ॥
(ਅੰਗ:1378)
ਕਬੀਰ ਸਾਹਿਬ ਨੇ ਤਾਂ ਮਾਇਆ ਦਾ ਤਿਆਗ ਕਰਨ ਵਾਲੇ ਪਾਖੰਡੀ ਨੂੰ ਵੀ ਅਸਲੀ ਗੱਲ ਸਮਝਾਈ ਕਿ ਜੇ ਤੂੰ ਹੰਕਾਰ ਦਾ ਤਿਆਗ ਹੀ ਨਹੀਂ ਕਰ ਸਕਿਆ ਤਾਂ ਮਾਇਆ ਦਾ ਤਿਆਗ ਕਰਨ ਦਾ ਕੋਈ ਲਾਭ ਨਹੀਂ:
ਕਬੀਰ ਮਾਇਆ ਤਜੀ ਤ ਕਿਆ
ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥
(ਅੰਗ:1372)
ਗੁਰਬਾਣੀ ਨੇ ਕੁਦਰਤ ਦੇ ਅਦਭੁੱਤ ਵਰਤਾਰੇ, ਖੰਡਾਂ, ਬ੍ਰਹਿਮੰਡਾਂ, ਧਰਤੀ, ਆਕਾਸ਼, ਪਤਾਲ ਤੇ ਹੋਰ ਅਨੇਕਾਂ ਡੂੰਘੇ ਰਹੱਸਾਂ ਨੂੰ ਖੋਲ੍ਹਿਆ ਹੈ ਤੇ ਮਨੁੱਖ ਦੇ ਕਈ ਭਰਮ ਦੂਰ ਕੀਤੇ ਹਨ। ਗੁਰਬਾਣੀ ਦਾ ਉਪਦੇਸ਼ ਸਰਬਕਾਲੀ ਹੈ, ਇਹ ਅਜੋਕੇ ਸਮੇਂ ਵਿਚ ਵੀ ਸਾਰਥਿਕ ਹੈ। ਅਜੋਕੇ ਮਨੁੱਖ ਨੇ ਭਾਵੇਂ ਹਰ ਖੇਤਰ ਵਿਚ ਹੀ ਵਿਕਾਸ ਦੀਆਂ ਅਨੇਕਾਂ ਮੰਜ਼ਿਲਾਂ ਤੈਅ ਕਰ ਲਈਆਂ ਹਨ ਪਰ ਅਨੇਕਾਂ ਸੁੱਖ ਸਹੂਲਤਾਂ ਦੇ ਬਾਵਜੂਦ ਮਨੁੱਖੀ ਮਨ ਦੀ ਭਟਕਣਾ ਪਹਿਲਾਂ ਨਾਲੋਂ ਵੀ ਵਧ ਗਈ ਹੈ। ਗੁਰਬਾਣੀ ਦਾ ਗਿਆਨ-ਰੂਪੀ ਉਪਦੇਸ਼ ਮਨੁੱਖ ਦੀ ਜੀਵਨ-ਜਾਚ ਲਈ ਚਾਨਣ-ਮੁਨਾਰੇ ਵਜੋਂ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੈ।

-ਮੋਬਾਈਲ : 98153-56086

ਪਿਛਲੀ ਖ਼ਬਰ ਵਿਸ਼ਵ ਲਈ ਚਾਨਣ ਮੁਨਾਰਾ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਲੀ ਖ਼ਬਰ ਰਾਹੁਲ ਦੀ ਨਾਗਰਿਕਤਾ ਦੇ ਵਿਵਾਦ ਵਿਚ ਈ.ਡੀ. ਨੇ ਵੀ ਫੜੀ ਸਰਗਰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।