20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ- ਰਾਹੁਲ ਅਤੇ ਕਰੁਣ ਦੇ ਮੋਢਿਆਂ 'ਤੇ ਹੋਵੇਗਾ ਬੱਲੇਬਾਜ਼ੀ ਦਾ ਭਾਰ

ਅਜੀਤ ਡੈਸਕ 17-06-2025

ਭਾਰਤ ਦਾ ਇੰਗਲੈਂਡ ਦੌਰਾ 20 ਜੂਨ 2025 ਤੋਂ ਲੀਡਜ਼ ਵਿਖੇ ਸ਼ੁਰੂ ਹੋ ਰਿਹਾ ਹੈ। ਇਹ ਲੜੀ ਪੰਜ ਟੈਸਟ ਮੈਚਾਂ ਦੀ ਹੋਵੇਗੀ। ਭਾਰਤ ਨੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿਚ ਜਿਸ ਨੌਜਵਾਨ ਟੀਮ ਨੂੰ ਭੇਜਿਆ ਹੈ, ਉਸ ਵਿਚ ਅਨੁਭਵੀ ਖਿਡਾਰੀਆਂ ਦੀ ਘਾਟ ਹੈ, ਮਤਲਬ ਕਿ ਗਿਣਤੀ ਦੇ ਬੱਲੇਬਾਜ਼ ਹੀ ਇਸ ਦੌਰੇ ਤੋਂ ਪਹਿਲਾਂ ਇੰਗਲੈਂਡ ਦੀ ਸੀਮ ਅਤੇ ਸਵਿੰਗ ਹਾਲਤ ਵਿਚ ਖੇਡੇ ਹਨ। ਇਸ ਲਈ ਇਹ ਦੇਖਣਾ ਬਾਕੀ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਸਾਡੇ ਖਿਡਾਰੀ ਇੰਗਲੈਂਡ ਦਾ ਸਾਹਮਣਾ ਕਿਵੇਂ ਕਰਨਗੇ? ਸਵਾਲ ਇਹ ਵੀ ਹੈ ਕਿ ਬੱਲੇਬਾਜ਼ੀ ਕ੍ਰਮ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਡਟ ਕੇ ਕੌਣ ਕਰੇਗਾ?
ਜਦੋਂ ਇੰਗਲੈਂਡ ਵਿਚ ਠੰਢ ਅਤੇ ਧੁੰਦ 'ਚ ਸੂਰਜ ਲੁਕਣਮੀਟੀ ਖੇਡਦਾ ਹੈ ਤਾਂ ਠੰਢ ਤੇ ਕੋਹਰੇ ਵਿਚ ਬੱਲੇਬਾਜ਼ਾਂ ਨੂੰ ਜ਼ਿਆਦਾਤਰ ਸਮਾਂ ਸਵਿੰਗ ਗੇਂਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਲਈ ਤਜਰਬੇ ਅਤੇ ਸਬਰ ਦੀ ਲੋੜ ਹੁੰਦੀ ਹੈ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਏ ਨੇ ਇੰਗਲੈਂਡ ਲਾਇਨਜ਼ ਵਿਰੁੱਧ ਦੋ ਅਣਅਧਿਕਾਰਤ ਟੈਸਟ ਖੇਡੇ ਹਨ, ਜਿਸ ਨਾਲ ਭਾਰਤੀ ਖੇਮੇ 'ਚ ਘਬਰਾਹਟ ਜ਼ਰੂਰ ਕੁਝ ਘੱਟ ਹੋਈ ਹੋਵੇਗੀ। ਪਹਿਲੇ ਮੈਚ ਵਿਚ ਕਰੁਣ ਨਾਇਰ ਦੇ ਦੋਹਰੇ ਸੈਂਕੜੇ ਤੋਂ ਬਾਅਦ, ਕੇ.ਐਲ. ਰਾਹੁਲ ਨੇ ਦੂਜੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਇਆ। ਇਸ ਲਈ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇੰਗਲੈਂਡ ਵਿਚ ਨੌਜਵਾਨ ਭਾਰਤੀ ਟੀਮ ਨੌਜਵਾਨ ਬੱਲੇਬਾਜ਼ਾਂ ਦਾ ਮਾਰਗਦਰਸ਼ਨ ਕਰਨ ਲਈ ਰਾਹੁਲ ਅਤੇ ਕਰੁਣ ਦੇ ਤਜਰਬੇ 'ਤੇ ਭਰੋਸਾ ਕਰ ਰਹੀ ਹੈ। ਹਾਲਾਂਕਿ ਸ਼ਾਇਦ ਹੀ ਕੋਈ ਹੋਰ ਭਾਰਤੀ ਬੱਲੇਬਾਜ਼ ਇੰਗਲੈਂਡ ਵਿਚ ਬੱਲੇਬਾਜ਼ੀ ਬਾਰੇ ਓਨਾ ਜਾਣਦਾ ਹੋਵੇ, ਜਿੰਨਾ ਦਿਲੀਪ ਵੈਂਗਸਰਕਰ ਜਾਣਦਾ ਹੈ ਕਿਉਂਕਿ ਉਹ ਇਕਲੌਤਾ ਗ਼ੈਰ-ਅੰਗਰੇਜ਼ੀ ਬੱਲੇਬਾਜ਼ ਹੈ, ਜਿਸ ਨੇ ਲਾਰਡਜ਼ ਵਿਚ ਤਿੰਨ ਟੈਸਟ ਸੈਂਕੜੇ ਲਗਾਏ ਹਨ।
ਇੰਗਲੈਂਡ ਵਿਚ ਖਿਡਾਰੀ ਕਦੇ ਵੀ ਸੈੱਟ ਨਹੀਂ ਹੁੰਦੇ। ਜਿਵੇਂ ਹੀ ਪਾਰੀ ਵਿਚ ਪਹਿਲੀ ਵਾਰ ਰਾਹੁਲ ਦੀ ਇਕਾਗਰਤਾ ਭੰਗ ਹੋਈ ਤਾਂ ਉਹ ਜਾਰਜ ਹਿੱਲ ਦੀ ਸਰੀਰ ਤੋਂ ਦੂਰ ਇਕ 'ਗੁਡ ਲੈਂਥ' ਗੇਂਦ ਖੇਡੀ ਤੇ ਦੂਜੀ ਸਲਿੱਪ 'ਤੇ ਕੈਚ ਦੇ ਬੈਠਾ ਅਤੇ ਉਸ ਦੀ 273 ਮਿੰਟ ਦੀ ਚੌਕਸੀ ਖ਼ਤਮ ਹੋ ਗਈ। ਉਦੋਂ ਤੱਕ ਗੇਂਦ ਨਾਲ 61 ਓਵਰ ਕਰਵਾਏ ਜਾ ਚੁੱਕੇ ਸਨ ਪਰ ਹਿੱਲ ਦੀ ਗੇਂਦ ਅਜੇ ਵੀ ਸਵਿੰਗ ਹੋ ਹੋ ਰਹੀ ਸੀ ਅਤੇ ਰਾਹੁਲ ਦੇ ਬੱਲੇ ਦੇ ਕਿਨਾਰੇ 'ਤੇ ਲੱਗ ਗਈ।
ਵੈਂਗਸਰਕਰ ਦੀ ਸਲਾਹ ਹੈ ਕਿ ਖਿਡਾਰੀਆਂ ਨੂੰ ਖ਼ੁਦ ਨੂੰ ਹਾਲਾਤ ਅਨੁਸਾਰ ਬਹੁਤ ਜਲਦੀ ਢਾਲਣਾ ਪਵੇਗਾ ਕਿਉਂਕਿ ਇੰਗਲੈਂਡ ਵਿਚ 80 ਓਵਰ ਪੁਰਾਣੀ ਗੇਂਦ ਵੀ ਹਵਾ ਵਿਚ ਅਤੇ ਵਿਕਟ ਤੋਂ ਬਾਹਰ ਸਵਿੰਗ ਕਰਦੀ ਹੈ ਤੇ ਖਿਡਾਰੀ ਸਲਿੱਪ 'ਤੇ ਜਾਂ ਵਿਕਟ ਪਿੱਛੇ ਆਊਟ ਹੋ ਸਕਦਾ ਹੈ।
ਰਾਹੁਲ ਨੇ ਸਲਾਮੀ ਕ੍ਰਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਪਰ ਟੀਮ ਪ੍ਰਬੰਧਨ ਨੇ ਅਜੇ ਤੱਕ ਨੰਬਰ 4 ਦੇ ਸਥਾਨ 'ਤੇ ਫ਼ੈਸਲਾ ਨਹੀਂ ਕੀਤਾ ਹੈ। ਭਾਰਤ ਏ ਦੇ ਪਹਿਲੇ ਮੈਚ ਵਿਚ ਕਰੁਣ ਨੇ ਨੰਬਰ 3 'ਤੇ ਬੱਲੇਬਾਜ਼ੀ ਕੀਤੀ ਅਤੇ ਸ਼ਾਨਦਾਰ 204 ਦੌੜਾਂ ਨਾਲ ਆਪਣੀ ਜਗ੍ਹਾ ਪੱਕੀ ਕੀਤੀ। ਫਿਰ ਦੂਜੇ ਮੈਚ ਵਿਚ ਉਸ ਨੂੰ ਨੰਬਰ 4 'ਤੇ ਭੇਜਿਆ ਗਿਆ ਅਤੇ ਰਾਹੁਲ ਨਾਲ 84 ਦੌੜਾਂ ਦੀ ਸਾਂਝੇਦਾਰੀ ਵਿਚ 40 ਦੌੜਾਂ ਬਣਾਈਆਂ। ਨਵਾਂ ਰੂਪ ਲੈ ਰਹੀ ਟੀਮ ਲਈ ਕਰਨਾਟਕ ਦੇ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦਾ ਅਨੁਭਵ ਬਹੁਤ ਮਹੱਤਵਪੂਰਨ ਹੈ। ਰਾਹੁਲ ਅਤੇ ਕਰੁਣ ਦੋਵੇਂ 33 ਸਾਲ ਦੇ ਹਨ, ਪਰ ਕਰੁਣ ਅੱਠ ਸਾਲ ਬਾਅਦ ਟੈਸਟ ਟੀਮ ਵਿਚ ਵਾਪਸੀ ਕਰ ਰਿਹਾ ਹੈ। ਭਾਰਤ ਨੂੰ ਮੁੱਖ ਭੂਮਿਕਾ ਵਿਚ ਰਾਹੁਲ ਦੀ ਲੋੜ ਹੈ।
ਪਹਿਲਾ ਟੈਸਟ ਹੈਡਿੰਗਲੇ ਵਿਚ ਹੈ, ਜਿੱਥੇ ਗੇਂਦ ਸਵਿੰਗ ਕਰਦੀ ਹੈ। ਲੜੀ ਦਾ ਮਹੱਤਵਪੂਰਨ ਤੀਜਾ ਟੈਸਟ ਲਾਰਡਜ਼ 'ਚ ਹੋਵੇਗਾ, ਜਿੱਥੇ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਅਤੇ ਰਿੱਕੀ ਪੌਂਟਿੰਗ ਵਰਗੇ ਬੱਲੇਬਾਜ਼ ਸਫ਼ਲ ਨਹੀਂ ਹੋ ਸਕੇ ਪਰ ਰਾਹੁਲ ਸਫ਼ਲ ਰਹੇ ਹਨ। ਭਾਰਤ ਦੇ ਆਖਰੀ ਲਾਰਡਜ਼ ਟੈਸਟ ਵਿਚ ਰਾਹੁਲ ਨੇ ਸ਼ਾਨਦਾਰ 129 ਦੌੜਾਂ ਬਣਾਈਆਂ ਸਨ, ਜਿਸ ਨਾਲ ਭਾਰਤ ਨੂੰ ਇਕ ਯਾਦਗਾਰੀ ਜਿੱਤ ਮਿਲੀ ਸੀ।

ਪਿਛਲੀ ਖ਼ਬਰ ਤਬਾਹਕੁੰਨ ਹੋਵੇਗੀ ਇਜ਼ਰਾਈਲ ਅਤੇ ਈਰਾਨ ਦੀ ਜੰਗ ਅਗਲੀ ਖ਼ਬਰ ਅੱਤਵਾਦ ਦੀ ਰੋਕ ਦੌਰਾਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। -ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।