20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਤਬਾਹਕੁੰਨ ਹੋਵੇਗੀ ਇਜ਼ਰਾਈਲ ਅਤੇ ਈਰਾਨ ਦੀ ਜੰਗ

ਅਜੀਤ ਡੈਸਕ 17-06-2025

ਮੱਧ ਪੂਰਬ ਵਿਚ ਹੁਣ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਸ਼ੁਰੂ ਹੋ ਗਈ ਹੈ। ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਖੋਜ ਕੇਂਦਰਾਂ ਦੇ ਨਾਲ-ਨਾਲ ਫ਼ੌਜੀ ਟਿਕਾਣਿਆਂ 'ਤੇ ਵੀ ਮਿਜ਼ਾਈਲਾਂ ਨਾਲ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਈਰਾਨ ਦੇ ਵੱਡੇ ਫ਼ੌਜੀ ਜਰਨੈਲ ਅਤੇ ਪ੍ਰਮਾਣੂ ਨਿਰੀਖਣ ਵਿਚ ਲੱਗੇ ਕਈ ਸਾਇੰਸਦਾਨ ਮਾਰੇ ਗਏ ਹਨ। ਇਸ ਵਾਰ ਪੱਛਮੀ ਏਸ਼ੀਆ ਦਾ ਇਹ ਤਣਾਅ 7 ਅਕਤੂਬਰ, 2023 ਨੂੰ ਉਸ ਘਟਨਾ ਨਾਲ ਸ਼ੁਰੂ ਹੋਇਆ ਸੀ, ਜਿਸ ਵਿਚ ਗਾਜ਼ਾ ਪੱਟੀ 'ਤੇ ਕਾਬਜ਼ ਹਮਾਸ ਦੇ ਲੜਾਕੂਆਂ ਨੇ ਇਜ਼ਰਾਈਲ ਅੰਦਰ ਘੁਸ ਕੇ ਸੈਂਕੜੇ ਵਿਅਕਤੀਆਂ ਨੂੰ ਮਾਰ ਦਿੱਤਾ ਸੀ ਅਤੇ ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਬੰਧਕ ਬਣਾ ਕੇ ਉਹ ਗਾਜ਼ਾ ਪੱਟੀ ਵਿਚ ਲੈ ਗਏ ਸਨ। ਉਸ ਤੋਂ ਬਾਅਦ ਗਾਜ਼ਾ ਪੱਟੀ 'ਤੇ ਇਜ਼ਰਾਈਲ ਨੇ ਲਗਾਤਾਰ ਬੰਬਾਰੀ ਕਰਕੇ ਹਮਾਸ ਲੜਾਕੂਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਆਮ ਲੋਕ, ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ, ਨੂੰ ਮਾਰ ਦਿੱਤਾ ਸੀ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਉੱਥੇ 55,000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।
ਇਜ਼ਰਾਈਲ ਵਲੋਂ ਸਾਰੇ ਪਾਸਿਓਂ ਗਾਜ਼ਾ ਪੱਟੀ ਦੀ ਘੇਰਾਬੰਦੀ ਕਰਨ ਕਾਰਨ ਉੱਥੇ ਦਰ-ਬ-ਦਰ ਭਟਕ ਰਹੇ ਸ਼ਰਨਾਰਥੀਆਂ ਲਈ ਖ਼ੁਰਾਕ ਦਾ ਸੰਕਟ ਖੜ੍ਹਾ ਹੋ ਗਿਆ ਹੈ, ਇਸ 'ਤੇ ਦੁਨੀਆ ਭਰ ਦੇ ਦੇਸ਼ਾਂ ਦਾ ਸਖ਼ਤ ਪ੍ਰਤੀਕਰਮ ਸਾਹਮਣੇ ਆਇਆ ਹੈ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਹਮਾਸ ਜਥੇਬੰਦੀ ਦੇ ਨਾਲ-ਨਾਲ ਈਰਾਨ ਵਲੋਂ ਲਿਬਨਾਨ ਵਿਚ ਹਿਜ਼ਬੁੱਲਾ ਲੜਾਕੂਆਂ ਦੀ ਵੀ ਪੂਰੀ-ਪੂਰੀ ਮਦਦ ਕੀਤੀ ਜਾਂਦੀ ਰਹੀ ਹੈ, ਜੋ ਲਗਾਤਾਰ ਇਜ਼ਰਾਈਲੀ ਟਿਕਾਣਿਆਂ 'ਤੇ ਹਮਲੇ ਕਰ ਰਹੇ ਹਨ। ਈਰਾਨ ਨੇ ਇਜ਼ਰਾਈਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੀ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਬਿਆਨ ਦਿੱਤੇ ਸਨ ਅਤੇ ਇਸ ਦੁਆਲੇ ਲਗਾਤਾਰ ਘੇਰਾਬੰਦੀ ਕਰਨ ਦਾ ਵੀ ਯਤਨ ਕੀਤਾ ਸੀ, ਜਿਸ ਕਰਕੇ ਇਨ੍ਹਾਂ ਦੋਹਾਂ ਦੀ ਦੁਸ਼ਮਣੀ ਪਿਛਲੇ 7 ਦਹਾਕਿਆਂ ਤੋਂ ਬਰਕਰਾਰ ਹੈ। ਇਜ਼ਰਾਈਲ ਨੇ ਅਮਰੀਕਾ ਅਤੇ ਪੱਛਮੀ ਮੁਲਕਾਂ ਦੀ ਮਦਦ ਨਾਲ ਮੱਧ ਪੂਰਬ ਵਿਚ ਆਪਣੀ ਸ਼ਕਤੀ ਬਣਾਈ ਰੱਖੀ ਹੈ। ਪਿਛਲੇ ਲੰਮੇ ਸਮੇਂ ਤੋਂ ਕਈ ਅਰਬ ਮੁਲਕਾਂ ਦੀਆਂ ਇਸ ਨਾਲ ਲੜਾਈਆਂ ਹੋਈਆਂ, ਜਿਸ ਵਿਚ ਉਨ੍ਹਾਂ ਨੂੰ ਸਫ਼ਲਤਾ ਨਾ ਮਿਲ ਸਕੀ। ਅਖ਼ੀਰ ਉਨ੍ਹਾਂ ਨੇ ਇਜ਼ਰਾਈਲ ਦੀ ਹੋਂਦ ਨੂੰ ਮੰਨਦਿਆਂ ਇਸ ਨਾਲ ਸਮਝੌਤੇ ਸਹੀਬੰਦ ਕਰ ਲਏ।
ਈਰਾਨ 'ਤੇ ਇਜ਼ਰਾਈਲ ਵਲੋਂ ਕੀਤੇ ਗਏ ਤਾਜ਼ਾ ਹਮਲੇ ਸੰਬੰਧੀ ਵੀ ਅਰਬ ਮੁਲਕ ਵੰਡੇ ਨਜ਼ਰ ਆਉਂਦੇ ਹਨ। ਈਰਾਨ ਵਿਚ ਬਹੁਗਿਣਤੀ ਸ਼ੀਆ ਮੁਸਲਮਾਨਾਂ ਦੀ ਹੈ ਜਦੋਂ ਕਿ ਬਹੁਤੇ ਅਰਬ ਰਾਸ਼ਟਰਾਂ ਵਿਚ ਸੁੰਨੀ ਮੁਸਲਮਾਨਾਂ ਦੀ ਆਬਾਦੀ ਹੈ। ਇਨ੍ਹਾਂ ਫ਼ਿਰਕਿਆਂ ਦਾ ਸਦੀਆਂ ਤੋਂ ਟਕਰਾਅ ਚਲਦਾ ਆਇਆ ਹੈ। ਈਰਾਨ ਨੇ ਪਿਛਲੇ ਦਹਾਕਿਆਂ ਤੋਂ ਆਪਣੀ ਪ੍ਰਮਾਣੂ ਸ਼ਕਤੀ ਨੂੰ ਵਧਾਉਣ ਦੇ ਯਤਨ ਕੀਤੇ ਹਨ। ਉਸ ਨੇ ਮੁੱਢਲੀ ਤਕਨਾਲੋਜੀ ਭਾਵ ਜਨਰੇਸ਼ਨ ਸੈਂਟੀਫਿਊਜਜ਼ ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨੀ ਏ.ਕਿਊ ਖ਼ਾਨ ਤੋਂ ਲੁਕਵੇਂ ਢੰਗ ਨਾਲ ਪ੍ਰਾਪਤ ਕੀਤੇ ਸਨ। ਉਸ ਤੋਂ ਬਾਅਦ ਰੂਸ ਨੇ ਵੀ ਈਰਾਨ ਦੀਆਂ ਪ੍ਰਮਾਣੂ ਯੋਜਨਾਵਾਂ ਵਿਚ ਮਦਦ ਕੀਤੀ ਸੀ। ਪਰ ਈਰਾਨ ਨੂੰ ਪ੍ਰਮਾਣੂ ਤਕਨਾਲੋਜੀ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਦੇ ਨਾਲ-ਨਾਲ ਉਹ ਅਰਬ ਮੁਲਕ ਵੀ ਈਰਾਨ ਦੇ ਖ਼ਿਲਾਫ਼ ਭੁਗਤਦੇ ਰਹੇ ਹਨ, ਜਿਨ੍ਹਾਂ ਨੂੰ ਇਸ ਤੋਂ ਖ਼ਤਰਾ ਮਹਿਸੂਸ ਹੁੰਦਾ ਰਿਹਾ ਹੈ।
ਇਜ਼ਰਾਈਲ ਇਸ ਸੰਬੰਧੀ ਲਗਾਤਾਰ ਚਿੰਤਾਤੁਰ ਰਿਹਾ ਹੈ ਕਿ ਈਰਾਨ ਜੇਕਰ ਪ੍ਰਮਾਣੂ ਸ਼ਕਤੀ ਬਣ ਜਾਂਦਾ ਹੈ ਤਾਂ ਇਹ ਉਸ ਦੀ ਹੋਂਦ ਲਈ ਖ਼ਤਰਾ ਬਣ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਈਰਾਨ ਨੂੰ ਇਸ ਸੰਬੰਧੀ ਧਮਕੀਆਂ ਦਿੱਤੀਆਂ ਸਨ। ਇਸ ਮਸਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੀਆਂ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਪਰ ਈਰਾਨ ਨੇ ਇਨ੍ਹਾਂ ਮੀਟਿੰਗਾਂ ਵਿਚ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਦਾ ਕੋਈ ਵਾਅਦਾ ਨਹੀਂ ਸੀ ਕੀਤਾ। ਖ਼ਬਰਾਂ ਅਨੁਸਾਰ ਉਹ ਆਪਣੇ ਮਿਸ਼ਨ ਦੀ ਸਫ਼ਲਤਾ ਦੇ ਨੇੜੇ ਜ਼ਰੂਰ ਪਹੁੰਚ ਗਿਆ ਹੈ, ਜਿਸ ਨੂੰ ਵੇਖਦਿਆਂ ਇਜ਼ਰਾਈਲ ਨੇ ਇਕ ਵਾਰ ਫਿਰ ਉਸ 'ਤੇ ਸਖ਼ਤ ਹਮਲੇ ਸ਼ੁਰੂ ਕਰ ਦਿੱਤੇ ਹਨ। ਈਰਾਨ ਵਲੋਂ ਵੀ ਇਜ਼ਰਾਈਲ 'ਤੇ ਲਗਾਤਾਰ ਮਿਜ਼ਾਈਲਾਂ ਦਾਗ਼ੀਆਂ ਜਾ ਰਹੀਆਂ ਹਨ।
ਇਸ ਨਾਲ ਪੱਛਮੀ ਏਸ਼ੀਆ ਇਕ ਵਾਰ ਫਿਰ ਤਬਾਹੀ ਦੇ ਕੰਢੇ 'ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਖਿੱਤੇ ਦੇ ਦਰਜਨ ਤੋਂ ਵਧੇਰੇ ਦੇਸ਼ਾਂ ਵਿਚੋਂ ਘੱਟੋ-ਘੱਟ 8 ਦੇਸ਼ ਪਿਛਲੇ ਢਾਈ ਦਹਾਕਿਆਂ ਤੋਂ ਜੰਗ ਜਾਂ ਗ੍ਰਹਿ-ਯੁੱਧ ਦਾ ਸੰਕਟ ਝੱਲ ਰਹੇ ਹਨ, ਜਿਸ ਨੇ ਉੱਥੇ ਵਸਦੇ ਕਰੋੜਾਂ ਹੀ ਲੋਕਾਂ ਦਾ ਜੀਵਨ ਨਰਕ ਬਣਾ ਕੇ ਰੱਖ ਦਿੱਤਾ ਹੈ। ਤੇਲ ਤੇ ਖਣਿਜਾਂ ਨਾਲ ਭਰਪੂਰ ਇਨ੍ਹਾਂ ਦੇਸ਼ਾਂ ਦੇ ਬਹੁਤੇ ਹਿੱਸੇ ਖੰਡਰ ਬਣਦੇ ਜਾ ਰਹੇ ਹਨ। ਪੱਛਮੀ ਏਸ਼ੀਆ ਵਿਚ ਅੱਜ ਦੁਨੀਆ ਦਾ ਲਗਭਗ 50 ਫ਼ੀਸਦੀ ਤੇਲ ਹੈ, ਜਿਸ ਵਿਚ ਈਰਾਨ ਦੀ ਵੀ ਵੱਡੀ ਹਿੱਸੇਦਾਰੀ ਹੈ, ਉਹ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲੇ ਦੇਸ਼ਾਂ ਵਿਚੋਂ ਚੌਥਾ ਦਰਜਾ ਰੱਖਦਾ ਹੈ। ਇਸ ਵਿਚ ਬੇਹੱਦ ਅਣਮੁੱਲੇ ਖਣਿਜ ਭੰਡਾਰ ਵੀ ਮੌਜੂਦ ਹਨ। ਇਸ ਦੇ ਅਸਥਿਰ ਹੋਣ ਨਾਲ ਭਾਰਤ ਸਮੇਤ ਦੁਨੀਆ ਭਰ ਵਿਚ ਵੱਡਾ ਅਸਰ ਪਵੇਗਾ ਅਤੇ ਇਸ ਨਾਲ ਤੇਲ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗਣਗੀਆਂ। ਅੱਜ ਵੀ ਭਾਰਤ ਦਾ ਬਹੁਤਾ ਦਾਰੋਮਦਾਰ ਤੇਲ ਦੀ ਦਰਾਮਦ 'ਤੇ ਹੀ ਟਿਕਿਆ ਹੋਇਆ ਹੈ। ਬਿਨਾਂ ਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨਵੀਂ ਲੜਾਈ ਨੂੰ ਸ਼ਹਿ ਦੇ ਕੇ ਇਕ ਵਾਰ ਫਿਰ ਦੁਨੀਆ ਵਿਚ ਖਲਬਲੀ ਪੈਦਾ ਕਰ ਦਿੱਤੀ ਹੈ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਯੂਏਫਾ ਚੈਂਪੀਅਨ ਲੀਗ 2024 25 ਪੀ.ਐੱਸ.ਜੀ. ਬਣੀ ਯੂਰਪ ਦੀ ਨਵੀਂ ਚੈਂਪੀਅਨ ਅਗਲੀ ਖ਼ਬਰ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ- ਰਾਹੁਲ ਅਤੇ ਕਰੁਣ ਦੇ ਮੋਢਿਆਂ 'ਤੇ ਹੋਵੇਗਾ ਬੱਲੇਬਾਜ਼ੀ ਦਾ ਭਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।