19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੋਕਾਂ ਨੂੰ ਸਮਰੱਥ ਬਣਾਉਣ ਦੀ ਲੋੜ

ਲੋਕਾਂ ਨੂੰ ਸਮਰੱਥ ਬਣਾਉਣ ਦੀ ਲੋੜ

ਅਜੀਤ ਡੈਸਕ 19-11-2026

ਚੋਣਾਂ ਦਾ ਮੌਸਮ ਫਿਰ ਆ ਗਿਆ ਹੈ | ਪੰਜਾਬ ਵਿਚ ਇੰਜ ਲੱਗਦਾ ਹੈ ਜਿਵੇਂ ਹਰ ਬੰਦਾ ਹੀ ਸਿਆਸਤਦਾਨ ਬਣ ਗਿਆ | ਜਦੋਂ ਦਾ ਸੋਸ਼ਲ ਮੀਡੀਆ ਦਾ ਦੌਰ ਆਇਆ ਹੈ, ਉਦੋਂ ਤੋਂ ਰੀਲਾਂ ਨੇ ਖੂੰਜੇ, ਖੱਲਾਂ ਵਿਚੋਂ ਵੀ ਜਿਵੇਂ ਕਈ ਮਹਾਂਰਥੀ ਬਾਹਰ ਲੈ ਆਂਦੇ ਹਨ | ਕਈ ਵਾਰ ਦਿਮਾਗ਼ 'ਤੇ ਜ਼ੋਰ ਪਾਉਣਾ ਪੈਂਦਾ ਹੈ, ਕਿ ਇਹ ਭਲਾ ਕੀ ਜ਼ਾਹਰ ਕਰ ਰਹੇ ਹਨ? ਗਾਣਾ ਕੋਈ ਰੋਹਬਦਾਰ ਚੱਲ ਰਿਹਾ ਹੋਵੇਗਾ | ਸ਼ੂਕਦੀਆਂ ਗੱਡੀਆਂ ਦਾ ਕਾਫ਼ਲਾ ਆਵੇਗਾ ਤੇ ਵਿਚੋਂ ਭਾਰੀ ਭਰਕਮ ਬੰਦਾ ਉਤਰੇਗਾ, ਮੂਹਰੇ ਖੜਿ੍ਹਆਂ ਨਾਲ ਹੱਥ ਮਿਲਾਉਣ | ਗੱਲ ਏਥੇ ਲੀਡਰਾਂ ਦੀ ਨਹੀਂ ਹੋ ਰਹੀ | ਉਨ੍ਹਾਂ ਨੂੰ  ਤਾਂ ਸਾਰੇ ਪਛਾਣਦੇ ਹੀ ਹਨ | ਚੋਣ-ਤਾਪ ਦੇ ਹੋਰ ਕਿਸਮ ਦੇ ਮਰੀਜ਼ਾਂ ਦੀ ਹੋ ਰਹੀ ਹੈ, ਜਿਨ੍ਹਾਂ ਬਾਰੇ ਅੰਦਾਜ਼ਾ ਜਿਹਾ ਨਹੀਂ ਲੱਗਦਾ ਕਿ ਇਹ ਭਲੇ-ਮਾਣਸ ਕੌਣ ਹਨ? ਜਿਵੇਂ ਹਰੇਕ ਨੂੰ  ਚੋਣ ਗਿਣਤੀ ਵਿਚ ਸ਼ਾਮਿਲ ਹੋਣ ਦਾ ਸ਼ੌਕ ਜਾਗ ਪਿਆ ਹੋਵੇ | ਚਲੋ ਭਾਵੇਂ ਸ਼ੌਕ ਹੀ ਜਾਗਿਆ ਹੋਵੇ, ਕਰਨ ਨੂੰ  ਭਲਾ ਕਾਰਜ ਵੀ ਕੋਈ ਇਜਾਜ਼ਤ ਮੰਗਦਾ ਹੈ? ਚਾਰ ਬੰਦਿਆਂ ਦੀ ਕੋਈ ਸਰਦੀ-ਪੁੱਜਦੀ ਮਦਦ ਕੀਤੀ ਜਾਵੇ, ਸਮਾਜ ਵਿਚ ਯੋਗਦਾਨ ਪਾਇਆ ਜਾਵੇ | ਬਿਨਾਂ ਰੌਲਾ ਪਾਏ ਕਿਸੇ ਦਾ ਕੁਝ ਸਵਾਰਿਆ ਜਾਵੇ, ਇਹ ਵੀ ਤਾਂ ਕੀਤਾ ਜਾ ਸਕਦਾ ਹੈ |

ਗੱਡੀ ਤੋਂ ਉੱਤਰ ਕੇ ਹੱਥ ਮਿਲਾਉਣੇ, ਲੋਕਾਂ ਨੂੰ  ਲਾਰਿਆਂ ਦੀ ਖੁਰਾਕ 'ਤੇ ਪਾਲਣਾ, ਆਪਣੇ-ਆਪ ਨੂੰ  ਲੀਡਰ ਸਮਝ ਕੇ ਭਰਮਾਉਣਾ, ਕਿੱਥੋਂ ਦੀ ਸਿਆਣਪ ਹੈ? ਭੁਲੇਖੇ ਆਪਣੇ-ਆਪ ਵਿਚ ਇਕ ਬਿਮਾਰੀ ਹਨ | ਕਰਜ਼ਾ ਚੁੱਕ ਭਾਵੇਂ ਮਹਿਲ ਖੜ੍ਹਾ ਕਰ ਲਵੋ, ਉਸ ਝੁੱਗੀ ਤੋਂ ਗਰੀਬ ਹੀ ਰਹੇਗਾ ਜਿਹੜੀ ਮਲਕੀਅਤ ਕਿਸੇ ਨੇ ਕਮਾਈ ਹੋਈ ਹੈ |
ਖ਼ੈਰ, ਲੋਕਾਂ ਨੂੰ  ਵੀ ਕਿੰਨਾ ਕੁ ਬੇਵਕੂਫ ਬਣਾਇਆ ਜਾ ਸਕਦਾ ਹੈ? ਉਹ ਛੇਤੀ ਹੀ ਸਮਝ ਜਾਂਦੇ ਹਨ ਕਿ ਉਪਰਲੀ ਤਹਿ ਦੇ ਹੇਠਾਂ ਕੀ ਅਸਲੀਅਤ ਹੈ | ਪੰਜਾਬ, ਚਿਰਾਂ ਤੋਂ ਆਪਣਾ ਹੀ ਹੱਕ ਉਡੀਕ ਰਿਹਾ ਹੈ | ਇਹ ਧਰਤੀ ਮਿੱਟੀ ਵਿਚ ਸੁਫ਼ਨੇ ਬੀਜ ਕੇ, ਫਲ ਪ੍ਰਾਪਤ ਕਰਨ ਲਈ ਬਣੀ ਹੈ | ਸਾਨੂੰ ਅਤੇ ਸਾਡੀ ਤਾਕਤ ਨੂੰ  ਸਹੀ ਨਾਪਿਆ ਨਹੀਂ ਗਿਆ | ਪਿੱਛੇ ਜਿਹੇ ਇਕ ਮੁਲਕ ਵਿਚ ਜਾਣ ਦਾ ਸਬੱਬ ਬਣਿਆ | ਉਥੇ ਆਪਣੇ ਲੋਕਾਂ ਦੀ ਵੀ ਭਰਮਾਰ ਹੈ | ਜਾਂ ਕਹਿ ਲਵੋ, ਹਰ ਮੁਲਕ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ, ਉੱਥੇ ਵਸ ਚੁੱਕੇ ਹਨ | ਮੈਂ ਕਿਸੇ ਨੂੰ  ਪੁੱਛ ਲਿਆ ਕਿ ਇੱਥੇ ਦੇ ਅਸਲ ਵਸਨੀਕ ਕੌਣ ਹਨ? ਉਨ੍ਹਾਂ ਨੇ ਬੜੀ ਹੈਰਾਨ ਕਰਨ ਵਾਲੀ ਗੱਲ ਦੱਸੀ | ਇਕ ਤਬਕੇ ਦਾ ਨਾਂਅ ਦੱਸਿਆ ਤੇ ਕਿਹਾ ਕਿ ਇਹ ਹਨ | ਮੈਂ ਪੁੱਛਿਆ, ਕਿ ਦਿੱਸਦੇ ਕਿਉਂ ਨਹੀਂ? ਕਹਿਣ ਲੱਗੇ ਉਨ੍ਹਾਂ ਦੀ ਹੋਂਦ ਹੀ ਮੁਕਾ ਦਿੱਤੀ ਗਈ ਹੈ | ਸੰਸਦ ਵਿਚ ਥੋੜ੍ਹੀ ਜਿਹੀ ਨੁਮਾਇੰਦਗੀ ਦਿੱਤੀ ਗਈ ਹੈ ਤੇ ਮੁਫ਼ਤ ਸਕੀਮਾਂ ਨਾਲ ਉਨ੍ਹਾਂ ਨੂੰ  ਨਕਾਰਾ ਕਰ ਦਿੱਤਾ ਗਿਆ ਹੈ | ਜਿਹੜੀਆਂ ਕੌਮਾਂ ਨੂੰ  ਕੰਮ ਦੀ ਆਦਤ ਨਹੀਂ ਰਹਿੰਦੀ, ਉਹ ਭੀਖ ਨੂੰ  ਹੀ ਦਾਤ ਸਮਝਦੀਆਂ ਹਨ | ਇਕ-ਦੋ ਪੁਸ਼ਤਾਂ ਤੋਂ ਮਗਰੋਂ ਤਾਂ ਪਛਾਣ ਤੇ ਹੋਂਦ ਦੋਵੇਂ ਨਹੀਂ ਲੱਭਦੇ | ਸਾਰਾ ਮੁਲਕ ਹੀ ਬਾਹਰਲਿਆਂ ਦੇ ਸਿਰ 'ਤੇ ਚੱਲਦਾ ਹੋਵੇ ਤਾਂ ਵੱਖਰੀ ਗੱਲ ਹੈ | ਪਰ ਆਪਣਾ ਕੋਈ ਲੱਭੇ ਹੀ ਨਾ ਬਹੁਤ ਵੱਡੀ ਲਾਹਣਤ ਹੈ | ਸਾਡਿਆਂ ਨੇ ਵੀ ਇਸ ਗੱਲ ਨੂੰ  ਸਮਝਣ ਦੀ ਖੇਚਲ ਨਹੀਂ ਕੀਤੀ | ਜੋ ਹਾਸਿਲ ਹੋ ਰਿਹਾ ਹੈ, ਉਸ ਤੋਂ ਕਿਤੇ ਵੱਧ ਗੁਆ ਰਹੇ ਹਾਂ, ਆਪਣੇ ਹੱਥੀਂ? ਅਸੀਂ ਆਪਣੀ ਮੱਤ-ਬੁਧ, ਆਪਣੀ ਸੋਚ ਸਭ ਗਹਿਣੇ ਧਰ ਬੈਠੇ ਹਾਂ | ਜੋ ਹੱਥਾਂ ਵਿਚੋਂ ਤਿਲਕ ਰਿਹਾ ਹੈ ਉਹ ਸਾਡਾ ਸਭ ਤੋਂ ਕੀਮਤੀ ਖ਼ਜ਼ਾਨਾ ਹੈ | ਜੋ ਸਾਡੇ ਮੂੰਹ 'ਤੇ ਚਲਾ ਕੇ ਮਾਰਿਆ ਜਾ ਰਿਹਾ ਹੈ, ਉਹ ਸਾਡੀ ਮਜਬੂਰੀ ਦਾ ਮੁਆਵਜ਼ਾ ਹੈ | ਮੁਆਵਜ਼ਿਆਂ ਨਾਲ ਜ਼ਿੰਦਗੀ ਖੋਖਲੀ ਹੁੰਦੀ ਹੈ | ਆਪਣੀ ਹੋਂਦ ਨੂੰ  ਤਾਕਤਵਰ ਬਣਾਓ | ਕਮਾ ਕੇ ਖਾਣ ਦੀ ਆਦਤ ਪਾਓ |
ਘਰਾਂ ਦੇ ਵਿਚ ਹੀ ਬੱਚੇ ਸੇਧ ਲੈਂਦੇ ਹਨ ਮਾਂ-ਬਾਪ ਤੋਂ | ਸਾਡੇ ਜ਼ਮਾਨੇ ਵਿਚ ਅਕਸਰ ਮਾਂ-ਬਾਪ, ਸਿਫਾਰਸ਼ ਦੇ ਖ਼ਿਲਾਫ਼ ਹੁੰਦੇ ਸਨ | ਸਾਡੇ ਵੇਲਿਆਂ ਦੇ ਬਹੁਤੇ ਲੋਕ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਸਿੱਖ ਗਏ | ਯੂਨੀਵਰਸਿਟੀ ਦੇ ਇਕ ਡਿਪਾਰਟਮੈਂਟ ਵਿਚ ਮੇਰਾ ਨਾਂਅ ਇੰਤਜ਼ਾਰ ਦੀ ਲਿਸਟ 'ਤੇ ਸੀ | ਲੋਕਾਂ ਨੇ ਸੂਝ-ਬੂਝ ਨਾਲ ਕਈ ਕਿਸਮ ਦੇ ਸਰਟੀਫਿਕੇਟ ਨਾਲ ਲਗਾ ਕੇ ਅਰਜ਼ੀ ਦਾਖ਼ਲ ਕੀਤੀ ਸੀ | ਲੱਗ ਰਿਹਾ ਸੀ ਕਿ ਮੇਰਾ ਦਾਖ਼ਲਾ ਹੋ ਨਹੀਂ ਸਕੇਗਾ, ਮਨਪਸੰਦ ਵਿਸ਼ੇ ਵਿਚ | ਮੈਂ ਆਪਣੇ ਪਿਤਾ ਨੂੰ  ਗੁਜਾਰਿਸ਼ ਕੀਤੀ ਕਿ ਮਾੜਾ ਜਿਹਾ ਕਹਿ ਦਿਓ, ਮੇਰੀ ਖ਼ਾਤਰ | ਉਹ ਨਰਾਜ਼ ਹੋ ਗਏ | ਕਹਿਣ ਲੱਗੇ, ਤੈਨੂੰ ਆਪ ਨੂੰ  ਹੀ ਸ਼ਰਮ ਨਹੀਂ ਆਵੇਗੀ ਕਿਸੇ ਦਾ ਹੱਕ ਮਾਰ ਕੇ ਸੀਟ ਹਾਸਿਲ ਕਰਨ 'ਤੇ | ਇਕ ਵੇਲੇ ਦੀ ਸਿਫ਼ਾਰਸ਼ ਸਾਰੀ ਉਮਰ ਦੀ ਅਪਾਹਜਤਾ ਸਹੇੜਦੀ ਹੈ | ਜਿਥੇ ਦਾਖ਼ਲਾ, ਤੇਰੇ ਨੰਬਰਾਂ ਨਾਲ ਮਿਲਦਾ ਹੈ, ਉੱਥੇ ਹੀ ਲੈ ਤੇ ਅਗਾਂਹ ਤੋਂ ਹੋਰ ਮਿਹਨਤ ਕਰ | ਸ਼ਾਇਦ ਇਹ ਮੇਰੇ 'ਤੇ ਸਭ ਤੋਂ ਵੱਡਾ ਅਹਿਸਾਨ ਸੀ | ਮੁੜ ਮੰਗਵੇਂ ਖੰਭਾਂ ਨਾਲ ਉੱਡਣ ਦੀ ਖਾਹਿਸ਼ ਹੀ ਨਹੀਂ ਜਾਗੀ |
ਇਸ ਸੂਬੇ ਨੂੰ  ਮੁੜ ਬਹਾਲ ਕਰਨ ਖ਼ਾਤਰ, ਸਾਨੂੰ ਆਪਣੇ ਸੂਬੇ ਦੇ ਵਸਨੀਕ ਮੁੜ-ਬਹਾਲ ਕਰਨ ਦੀ ਲੋੜ ਹੈ | ਉਹ ਆਪਣੇ ਸੁਫ਼ਨੇ ਲੈ ਕੇ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਹਨ? ਪੰਜਾਬ ਦੀ ਆਬੋ-ਹਵਾ ਤੋਂ ਡਰ ਗਏ ਹਨ | ਹਰ ਮਰਜ਼ ਦਾ ਇਲਾਜ ਹੈ | ਪਰ ਡਾਕਟਰਾਂ ਦੀ ਡਿਗਰੀ ਅਸਲ ਹੋਵੇ | ਨਕਲ, ਕਿਸੇ ਵੀ ਕਿੱਤੇ ਦੀ ਸ਼ਾਨ ਮੁਕਾ ਦਿੰਦੀ ਹੈ | ਲੀਡਰਾਂ ਨੂੰ  ਗੱਡੀਆਂ ਤੋਂ ਉਤਰਦੇ ਵੇਖਣ ਨਾਲੋਂ, ਜੇ ਲੋਕਾਂ ਦੀਆਂ ਉਲਝਣਾਂ ਸਿੱਧੀਆਂ ਕਰਦੇ ਵੇਖੀਏ ਤਾਂ ਅਸਰ ਕਿਤੇ ਜ਼ਿਆਦਾ ਹੋਵੇਗਾ |

ਈ-ਮੇਲ : bubbutir@yahoo.com

ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਪੰਥਕ ਪਾਰਟੀਆਂ ਦੀ ਸਥਿਤੀ ਅਗਲੀ ਖ਼ਬਰ ਅਗਲੀ ਪੰਜਾਬ ਸਰਕਾਰ ਲਈ ਇਕ ਦਿਸ਼ਾ-ਦਿ੍ਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।