20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਯੂਏਫਾ ਚੈਂਪੀਅਨ ਲੀਗ 2024 25 ਪੀ.ਐੱਸ.ਜੀ. ਬਣੀ ਯੂਰਪ ਦੀ ਨਵੀਂ ਚੈਂਪੀਅਨ

ਅਜੀਤ ਡੈਸਕ 17-06-2025

 

 

ਜਦੋਂ ਜਰਮਨੀ ਦੀ ਰਾਜਧਾਨੀ ਮਿਊਨਿਖ ਦੇ ਐਲੀਆਨਜ਼ਐਰੀਨਾ ਦੇ ਮੈਦਾਨ ਵਿਚ ਚੈਂਪੀਅਨ ਲੀਗ ਦੇ ਫਾਈਨਲ ਮੈਚ ਦੀ ਆਖਰੀ ਸੀਟੀ ਵੱਜੀ ਸੀ ਤਾਂ ਪੈਰਿਸ ਸੇਂਟ ਜਰਮਨ ਟੀਮ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਇਹ ਉਹ ਸਮਾਂ ਸੀ ਜਦੋਂ ਯੂਰਪ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਮੁਕਾਬਲੇ ਭਾਵ ਚੈਂਪੀਅਨ ਲੀਗ ਵਿਚ ਇਸ ਟੀਮ ਨੇ ਇੰਟਰ ਮਿਲਾਨ ਨੂੰ ਇਕ ਪਾਸੜ ਮੁਕਾਬਲੇ ਵਿਚ 5 0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਪ੍ਰਦਰਸ਼ਨ ਨਾਲ ਹੀ ਚੈਂਪੀਅਨ ਲੀਗ ਫਾਈਨਲ ਦੇ 70 ਸਾਲ ਦੇ ਇਤਿਹਾਸ ਵਿਚ ਪੀ.ਐਸ.ਜੀ. ਨੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪੀ.ਐਸ.ਜੀ. ਨੇ ਚੈਂਪੀਅਨ ਲੀਗ ਨੂੰ ਜਿੱਤਣ ਦਾ ਲੰਮੇ ਸਮੇਂ ਦਾ ਆਪਣਾ ਸੁਪਨਾ ਸਾਕਾਰ ਕੀਤਾ ਹੈ ਅਤੇ ਨਾਲ ਹੀ ਇਸ ਸੀਜ਼ਨ ਵਿਚ ਟ੍ਰੇਬਲ ਪੂਰਾ ਕੀਤਾ ਹੈ, ਭਾਵ ਇਕ ਸੀਜ਼ਨ ਵਿਚ ਲੀਗ 1, ਫ੍ਰੈਂਚ ਕੱਪ ਅਤੇ ਚੈਂਪੀਅਨਜ਼ ਲੀਗ ਤਿੰਨੇ ਟਰਾਫੀਆਂ ਜਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਪੀ.ਐਸ.ਜੀ. ਉਹੀ ਟੀਮ ਹੈ, ਜੋ ਇਸ ਟੂਰਨਾਮੈਂਟ ਦੇ ਲੀਗ ਫੇਜ਼ ਤੱਕ ਪੰਦ੍ਹਰਵੇਂ ਸਥਾਨ 'ਤੇ ਰਹੀ ਸੀ। ਪਰ ਨਾਕਆਊਟ ਪੜਾਅ ਵਿਚ ਇਸ ਟੀਮ ਨੇ ਆਰਸੇਨਲ, ਐਸਟਨ ਵਿਲਾ ਅਤੇ ਲਿਵਰਪੂਲ ਜਿਹੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਤੱਕ ਦਾ ਸੰਘਰਸ਼ਮਈ ਸਫ਼ਰ ਤੈਅ ਕੀਤਾ ਸੀ। ਜਾਣਨਾ ਬਣਦਾ ਹੈ ਕਿ ਇਸ ਟੀਮ ਨੇ ਇਹ ਟਾਈਟਲ ਪਹਿਲੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਇਹ ਟੀਮ 2019 20 ਵਿਚ ਫਾਈਨਲ ਵਿਚ ਪਹੁੰਚੀ ਸੀ ਪਰ ਉੱਥੇ ਇਸ ਨੂੰ ਬਾਇਰਨ ਮਿਊਨਿਖ ਕੋਲੋਂ 1 0 ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ। ਮੌਜੂਦਾ ਜਿੱਤ ਨਾਲ ਪੀ.ਐਸ.ਜੀ. ਦੀ ਟੀਮ 2025 26 ਦੇ ਚੈਂਪੀਅਨ ਲੀਗ ਦੇ ਲੀਗ ਫੇਜ਼ ਵਿਚ ਸਿੱਧੇ ਤੌਰ 'ਤੇ ਚੁਣ ਲਈ ਗਈ ਹੈ। ਇਸ ਸਾਲ ਹੋਣ ਵਾਲੇ ਯੂਏਫਾ ਸੁਪਰ ਕੱਪ ਵਿਚ ਵੀ ਇਸ ਦਾ ਮੁਕਾਬਲਾ ਟੋਟੈਨਹਮ ਸਪਰ ਟੀਮ ਨਾਲ ਹੋਏਗਾ। ਇਸੇ ਦੇ ਨਾਲ ਹੀ ਇਹ ਟੀਮ ਇੰਟਰ ਕਾਂਟੀਨੈਂਟਲ ਕੱਪ ਦੇ ਫਾਈਨਲ 'ਚ ਖੇਡਣ ਦੇ ਯੋਗ ਬਣ ਗਈ ਹੈ, ਜਿੱਥੇ ਇਹ ਯੂਰਪੀ ਟੀਮਾਂ ਦੀ ਨੁਮਾਇੰਦਗੀ ਕਰੇਗੀ। ਚੈਂਪੀਅਨ ਲੀਗ ਜਿੱਤਣ ਵਾਲੀ ਫਰਾਂਸ ਦੀ ਇਹ ਦੂਜੀ ਟੀਮ ਹੈ। ਇਸ ਤੋਂ ਪਹਿਲਾਂ 1992 93 ਵਿਚ ਇਹ ਮੁਕਾਬਲਾ ਉਲੰਪਿਕ ਦਿ ਮਾਰਸੀਲੇ ਨਾਂਅ ਦੀ ਟੀਮ ਨੇ ਜਿੱਤਿਆ ਸੀ। ਰੀਆਲ ਮੈਡਰਿਡ ਦੀ ਟੀਮ ਇਸ ਟੂਰਨਾਮੈਂਟ ਦੀ ਪਿਛਲੇ ਸਾਲ ਦੀ ਜੇਤੂ ਟੀਮ ਸੀ, ਜਿਸ ਨੇ ਪਿਛਲੇ ਸੀਜ਼ਨ ਦੇ ਫਾਈਨਲ ਵਿਚ ਬੋਰਿਸ ਡਾਰਟਮੁੰਡ ਦੀ ਟੀਮ ਨੂੰ 2 0 ਨਾਲ ਹਰਾਇਆ ਸੀ। ਅਸਲ ਵਿਚ ਰੀਆਲ ਮੈਡਰਿਡ ਦੀ ਟੀਮ ਚੈਂਪੀਅਨ ਲੀਗ ਦੀ ਸਭ ਤੋਂ ਵੱਧ 15 ਵਾਰ ਟਾਈਟਲ ਜਿੱਤਣ ਵਾਲੀ ਟੀਮ ਹੈ ਪਰ ਇਸ ਵਾਰ ਇਸ ਨੂੰ ਆਰਸੇਨਲ ਦੀ ਟੀਮ ਨੇ ਕੁਆਰਟਰ ਫਾਈਨਲ ਵਿਚ 5 1 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਸੀ। ਦੱਸਣਾ ਬਣਦਾ ਹੈ ਕਿ 2004 05 ਤੋਂ ਚੈਂਪੀਅਨ ਲੀਗ ਦੀ ਟਰਾਫੀਇੰਗਲੈਂਡ, ਜਰਮਨੀ, ਇਟਲੀ ਅਤੇ ਸਪੇਨ ਦੀਆਂ ਟੀਮਾਂ ਹੀ ਜਿੱਤਦੀਆਂ ਆ ਰਹੀਆਂ ਹਨ। ਇਸ ਵਾਰ ਦੀ ਜਿੱਤ ਨੇ ਇਸ ਰਿਵਾਇਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਬੋਰਿਸ ਡਾਰਟਮੁੰਡ ਦਾ ਸਟਰਾਈਕਰ ਖਿਡਾਰੀ ਸਰਹੋਊ ਅਤੇ ਬਾਰਸੀਲੋਨਾ ਦਾ ਰਾਫੀਨ੍ਹਾ ਇਸ ਸੀਜ਼ਨ ਵਿਚ 13 13 ਗੋਲ ਕਰਕੇ ਟੂਰਨਾਮੈਂਟ ਦੇ ਟਾਪ ਸਕੋਰਰ ਰਹੇ ਹਨ। ਇਸੇ ਤਰ੍ਹਾਂ ਬਾਰਸੀਲੋਨਾ ਦੇ ਖਿਡਾਰੀ ਰਾਬਰਟ ਲਿਵਾਨਡਾਸਕੀ ਅਤੇ ਬਾਇਰਨ ਮਿਊਨਿਖ ਦੇ ਹੈਰੀ ਕੇਨਜ਼ ਨੇ 11 11 ਗੋਲ ਕੀਤੇ ਹਨ। ਪੈਰਿਸ ਸੇਂਟ ਜਰਮਨ ਟੀਮ ਦੇ ਸਟਰਾਈਕਰ ਉਸਮਾਨ ਡੇਂਬੇਲੇ ਨੂੰ ਸੀਜ਼ਨ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ ਹੈ। ਇਸੇ ਹੀ ਟੀਮ ਦੇ ਫਾਰਵਰਡ ਖਿਡਾਰੀ ਦੇਜੀਰੇ ਡੂਏ ਨੂੰ 'ਬੈਸਟ ਯੰਗ ਪਲੇਅਰ' ਐਲਾਨਿਆ ਗਿਆ ਹੈ। ਡੂਏ ਨੇ ਫਾਈਨਲ ਵਿਚ 20ਵੇਂ ਅਤੇ 63ਵੇਂ ਮਿੰਟਾਂ ਵਿਚ ਦੋ ਗੋਲ ਕੀਤੇ ਸਨ। ਦੱਸਣਯੋਗ ਹੈ ਕਿ ਪੀ.ਐਸ.ਜੀ. ਦੇ ਕੋਚ ਲੁਈਸ ਐਨਰਿਕ ਦੀ ਚਾਰੇ ਪਾਸੇ ਤਾਰੀਫ਼ ਕੀਤੀ ਜਾ ਰਹੀ ਹੈ। ਉਹ ਦੋ ਵੱਖ ਵੱਖ ਕਲੱਬਾਂ ਨੂੰ ਚੈਂਪੀਅਨਜ਼ ਲੀਗ ਜਿਤਾਉਣ ਵਾਲਾ ਸੱਤਵਾਂ ਕੋਚ ਬਣ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਬਾਰਸੀਲੋਨਾ ਦੀ ਟੀਮ ਨੂੰ ਇਹ ਲੀਗ ਜਿਤਾਈ ਸੀ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾ: 62842-20595

ਪਿਛਲੀ ਖ਼ਬਰ ਖੇਤਰੀ ਭਾਸ਼ਾਵਾਂ ਨੂੰ ਪ੍ਰਾਇਮਰੀ ਸਿੱਖਿਆ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਅਗਲੀ ਖ਼ਬਰ ਤਬਾਹਕੁੰਨ ਹੋਵੇਗੀ ਇਜ਼ਰਾਈਲ ਅਤੇ ਈਰਾਨ ਦੀ ਜੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।