02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪ੍ਰਜਣਨ ਵਿਘਨ ਤਕਨੀਕ ਨਾਲ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ

ਅਜੀਤ ਡੈਸਕ 02-09-2025

ਗੁਲਾਬੀ ਸੁੰਡੀ ਨੂੰ ਵਿਸ਼ਵ ਭਰ ਵਿਚ ਨਰਮੇ-ਕਪਾਹ ਦੇ ਕੀੜੇ ਵਜੋਂ ਜਾਣਿਆ ਜਾਂਦਾ ਹੈ। ਇਹ ਕੀੜਾ ਨਰਮੇ ਦੀ ਫ਼ਸਲ ਦਾ 30-40% ਨੁਕਸਾਨ ਕਰ ਸਕਦਾ ਹੈ। ਰਸਾਇਣ ਕੀਟ ਪ੍ਰਬੰਧਨ ਦਾ ਮੁੱਖ ਹਿੱਸਾ ਹਨ ਪਰ ਗੁਲਾਬੀ ਸੁੰਡੀ ਦੇ ਸੁਭਾਅ ਕਾਰਨ ਨਵੀਂ ਪੀੜ੍ਹੀ ਦੇ ਕੀਟਨਾਸ਼ਕ ਵੀ ਬੇਅਸਰ ਸਿੱਧ ਹੋ ਰਹੇ ਹਨ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਕੀੜਿਆਂ ਦੇ ਪ੍ਰਬੰਧਨ ਲਈ ਇਕ ਅਜਿਹੀ ਨਵੀਂ ਵਿਧੀ ਨੂੰ ਅਪਣਾਇਆ ਜਾ ਰਿਹਾ ਹੈ, ਜਿਹੜੀ ਕਿ ਕੀਟਾਂ ਦੀ ਗਿਣਤੀ ਨੂੰ ਕਾਬੂ ਕਰਨ 'ਚ ਕਾਫ਼ੀ ਕਾਰਗਾਰ ਸਿੱਧ ਹੋ ਰਹੀ ਹੈ। ਇਸ ਨੂੰ ਮੇਟਿੰਗ ਡਿਸ਼ਰੱਪਸ਼ਨ (ਪ੍ਰਜਣਨ ਵਿਘਣ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਿਧੀ ਰਾਹੀਂ ਇਕ ਵੱਖਰੀ ਕਿਸਮ ਦਾ ਰਸਾਇਣ ਜੋ ਗੁਲਾਬੀ ਸੁੰਡੀ ਦੇ ਮਾਦਾ ਕੀਟ ਦੇ ਰਸਾਇਣ ਨਾਲ ਮੇਲ ਖਾਂਦਾ ਹੈ, ਨੂੰ ਹਵਾ ਵਿਚ ਛੱਡਿਆ ਜਾਂਦਾ ਹੈ, ਜਿਹੜਾ ਕਿ ਨਰ ਕੀਟ ਨੂੰ ਉਲਝਣ ਵਿਚ ਪਾ ਕੇ ਮਾਦਾ ਕੀਟ ਦੀ ਭਾਲ ਨੂੰ ਮੁਸ਼ਕਿਲ ਬਣਾ ਦਿੰਦਾ ਹੈ, ਜਿਸ ਨਾਲ ਕੀਟਾਂ ਦੀ ਪ੍ਰਜਣਨ ਕਿਰਿਆ ਵਿਚ ਵਿਘਨ ਪੈਣ ਕਰਕੇ ਕੀਟਾਂ ਦੀ ਨਵੀਂ ਪੀੜ੍ਹੀ ਦੀ ਸੰਖਿਆ 'ਚ ਵਾਧਾ ਨਹੀ ਹੁੰਦਾ। ਨਰਮੇ ਵਿਚ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਲੋਂ ਇਸ ਵਿਧੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਰਸਾਇਣ ਨੂੰ ਅਲੱਗ-ਅਲੱਗ ਰੂਪ 'ਚ ਜਿਵੇਂ ਕਿ ਪੇਸਟ ਦੇ ਰੂਪ ਵਿਚ ਜਾਂ ਤਾਰ ਦੇ ਰੂਪ 'ਚ ਖੇਤਾਂ ਵਿਚ ਵਰਤਿਆ ਜਾਂਦਾ ਹੈ। ਗੁਲਾਬੀ ਸੁੰਡੀ ਦੇ ਫੀਰਾਮੋਨ ਗੋਸੀਪਲਉਰ 4% (7, 11 ਹੈਕਸਾਡੇਕਾ-ਡਾਈਨਾਇਲ) ਦੇ ਪੇਸਟਨੁਮਾ ਆਧਾਰਿਤ ਉਤਪਾਦ ਕਰੈਮਿਟ ਪੀ.ਬੀ.ਡਬਲਯੂ/ ਨੈਟਮੇਟ ਪੀ.ਬੀ.ਡਬਲਯੂ. ਨੂੰ ਤਿੰਨ ਵਾਰ 125 ਗ੍ਰਾਮ ਪ੍ਰਤੀ ਕਿਲੋ ਡੋਜ਼ ਦੀ ਵਰਤੋਂ ਕਰੋ। ਨਰਮੇ ਦੀ ਫ਼ਸਲ ਪਹਿਲੀ ਵਾਰ ਫੁੱਲ-ਡੋਡੀ ਦੀ ਆਮਦ 'ਤੇ (ਬਿਜਾਈ ਤੋਂ 45-55 ਦਿਨ ਦੇ ਵਕਫ਼ੇ 'ਤੇ) ਇਕ ਕਿੱਲੇ ਵਿਚ 400 ਬੂਟਿਆਂ 'ਤੇ ਇਕਸਾਰ ਲਗਾਇਆ ਜਾਵੇ। ਦੂਜੀ ਤੇ ਤੀਜੀ ਡੋਜ਼ ਨੂੰ ਇਕ-ਇਕ ਮਹੀਨੇ ਦੇ ਵਕਫ਼ੇ 'ਤੇ ਦੁਹਰਾਇਆ ਜਾਵੇ। ਲਗਾਉਣ ਦੀ ਵਿਧੀ ਅਨੁਸਾਰ ਮਟਰ ਦੇ ਦਾਣੇ ਜਿਨ੍ਹਾਂ 'ਤੇ ਪੇਸਟਨੁਮਾ ਫੀਰਾਮੋਨ ਨੂੰ ਬੂਟੇ ਦੇ ਸਿਖ਼ਰ ਤੋਂ ਪੰਜਵੇਂ/ਛੇਵੇਂ ਪੱਤੇ ਅਤੇ ਤਣੇ ਦੇ ਜੋੜ 'ਤੇ ਲਗਾਇਆ ਜਾਵੇ। ਇਸ ਤਕਨੀਕ ਦਾ ਸਰਬੋਤਮ ਲਾਭ ਲੈਣ ਲਈ ਸਹੀ ਸਮੇਂ 'ਤੇ ਵੱਡੇ ਪੱਧਰ 'ਤੇ ਲਗਾਉਣਾ ਜ਼ਰੂਰੀ ਹੈ। ਜੇਕਰ ਲਗਾਉਣ ਤੋਂ 4-5 ਘੰਟਿਆਂ ਅੰਦਰ ਮੀਂਹ ਪੈ ਜਾਂਦਾ ਹੈ ਤਾਂ ਇਸ ਦੀ ਵਰਤੋਂ ਦੁਹਰਾਓ। ਇਸ ਤਕਨੀਕ ਦਾ ਖ਼ਰਚ 3600 ਰੁਪਏ/ਪ੍ਰਤੀ ਏਕੜ ਹੈ।
ਲੇਬਰ ਚਾਰਜ ਸਮੇਤ ਇਸ ਤਕਨੀਕ ਦਾ ਕੁੱਲ ਖਰਚ 3850 ਰੁਪਏ ਪ੍ਰਤੀ ਏਕੜ ਪੈਂਦਾ ਹੈ। ਉੱਪਰ ਦਿੱਤੀ ਤਕਨੀਕ ਦੇ ਬਦਲਦੇ ਰੂਪ 'ਚ ਪੀ.ਬੀ. ਨੋਟ/ ਪੀ.ਬੀ. ਰੋਪ ਤਕਨਾਲੋਜੀ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਗੁਲਾਬੀ ਸੁੰਡੀ ਦੇ ਫੀਰਾਮੋਨ ਗੋਸਿਪਲਉਰ 4% (7, 11 ਹੈਕਸਾਡੇਕਾਡਾਈਨਾਇਲ) ਤੇ ਪੀ.ਬੀ. ਰੋਪ ਆਧਾਰਤ ਉਤਪਾਦ ਪੀ.ਬੀ. ਨੋਟ ਨੂੰ 25 ਹੈਕਟੇਅਰ ਖੇਤਰ ਦੇ ਬਲਾਕ ਵਿਚ ਫੁੱਲ-ਡੋਡੀ ਦੀ ਆਮਦ 'ਤੇ (ਬਿਜਾਈ ਤੋਂ 40 ਤੋਂ 50 ਦਿਨ ਦੇ ਵਕਫ਼ੇ 'ਤੇ) 'ਤੇ ਵਰਤੋਂ ਕਰੋ। ਲਗਾਉਣ ਦੀ ਵਿਧੀ ਅਨੁਸਾਰ ਪੀ.ਬੀ. ਨੋਟ ਦੀ ਤਾਰ ਨੂੰ ਨਰਮੇ ਦੇ ਪੌਦਿਆਂ ਦੀ ਉਪਰਲੀ ਛਤਰੀ ਅਤੇ ਬਾਹਰਲੇ ਬਲਾਕ ਦੀਆਂ ਸਰਹੱਦਾਂ 'ਤੇ ਇਕ ਮੀਟਰ ਦੀ ਦੂਰੀ ਬੰਨ੍ਹ ਦਿਓ, ਜਦਕਿ ਬਲਾਕ ਅੰਦਰ ਪੀ.ਬੀ. ਨੋਟ ਨੂੰ ਇਕ-ਦੂਜੇ ਤੋਂ ਪੰਜ ਮੀਟਰ ਦੀ ਦੂਰੀ 'ਤੇ ਬੰਨ੍ਹ ਦਿਓ। ਹਰ ਇਕ ਬਲਾਕ ਦੇ 25 ਹੈਕਟੇਅਰ ਖੇਤਰ 'ਚ 9875 ਖੇਤਰ ਤਾਰਾਂ ਨੂੰ ਨਰਮੇ ਦੇ ਪੌਦਿਆਂ 'ਤੇ ਬੰਨ੍ਹਣਾ ਚਾਹੀਦਾ ਹੈ। ਇਸ ਤਕਨੀਕ ਨਾਲ ਸਰਬੋਤਮ ਲਾਭ ਲੈਣ ਲਈ ਸਹੀ ਸਮੇਂ ਅਤੇ ਵੱਡੇ ਪੱਧਰ 'ਤੇ ਲਗਾਉਣਾ ਜ਼ਰੂਰੀ ਹੈ। ਇਸ ਤਕਨੀਕ 'ਤੇ ਮੀਂਹ ਦਾ ਕੋਈ ਅਸਰ ਨਹੀ ਪੈਂਦਾ। ਇਹ ਤਕਨੀਕ ਨਰਮੇ ਤੇ ਹੋਰ ਕੀੜੇ-ਮਕੌੜਿਆਂ ਦੇ ਪ੍ਰਬੰਧਨ ਲਈ ਕੀਟਨਾਸ਼ਕਾਂ ਦੀ ਵਰਤੋਂ ਦੀ ਆਗਿਆ ਦਿੰਦੀ ਹੈ। ਇਸ ਤਕਨੀਕ ਦਾ ਖ਼ਰਚ 3700 ਰੁਪਏ ਪ੍ਰਤੀ ਏਕੜ ਹੈ। ਲੇਬਰ ਚਾਰਜ ਸਮੇਤ ਇਸ ਤਕਨੀਕ ਦਾ ਕੁੱਲ ਖ਼ਰਚ 3850 ਰੁਪਏ ਪ੍ਰਤੀ ਏਕੜ ਹੈ।

-ਖੇਤਰੀ ਖੋਜ ਕੇਂਦਰ, ਬਠਿੰਡਾ।

ਪਿਛਲੀ ਖ਼ਬਰ ਮੱਕੀ ਦਾ ਅਚਾਰ ਬਣਾਉਣ ਲਈ ਸਹੀ ਫ਼ਸਲੀ ਚੱਕਰ ਅਪਣਾਉਣ ਦੀ ਮਹੱਤਤਾ ਅਗਲੀ ਖ਼ਬਰ ਕੀ ਪੇਂਡੂ ਖਿਡਾਰੀ ਵੀ ਤਗਮੇ ਜਿੱਤ ਸਕਦੇ ਹਨ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।