25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਖਾਣ ਵਾਲੀਆਂ ਚੀਜ਼ਾਂ ਦੇ ਪੋਸ਼ਕ ਤੱਤਾਂ ਨੂੰ ਸੁਰੱਖਿਆ ਦਿਓ

ਅਜੀਤ ਡੈਸਕ 17-10-2025

ਪੌਸ਼ਟਿਕ ਅਤੇ ਸੰਤੁਲਿਤ ਭੋਜਨ ਦੀ ਮਹੱਤਤਾ ਨੂੰ ਅਸੀਂ ਸਭ ਜਾਣਦੇ ਹਾਂ। ਇਸ ਦੀ ਘਾਟ ਵਿਚ ਵਿਅਕਤੀ ਨਾ ਸਿਰਫ਼ ਕੁਪੋਸ਼ਣ ਦਾ ਸ਼ਿਕਾਰ ਹੁੰਦਾ ਹੈ ਸਗੋਂ ਕਈ ਗੰਭੀਰ ਬਿਮਾਰੀਆਂ ਨੂੰ ਖ਼ੁਦ ਬੁਲਾਵਾ ਦਿੰਦਾ ਹੈ। ਪੌਸ਼ਟਿਕ ਭੋਜਨ ਭਾਵ ਜਿਸ ਵਿਚ ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ ਜ਼ਰੂਰੀ ਮਾਤਰਾ ਵਿਚ ਹੋਣ। ਕਈ ਵਾਰ ਅਸੀਂ ਪੌਸ਼ਟਿਕ ਭੋਜਨ ਤਾਂ ਲੈਂਦੇ ਹਾਂ ਪਰ ਜਾਣੇ-ਅਣਜਾਣੇ ਵਿਚ ਉਨ੍ਹਾਂ ਵਿਚ ਮੌਜੂਦ ਪੋਸ਼ਕ ਤੱਤ ਖ਼ਤਮ ਹੋ ਚੁੱਕੇ ਹੁੰਦੇ ਹਨ।
ਖਾਣ ਵਾਲੀਆਂ ਚੀਜ਼ਾਂ ਨੂੰ ਪਕਾਉਂਦੇ ਸਮੇਂ ਇਕ ਨਿਸਚਿਤ ਪ੍ਰਕਿਰਿਆ ਵਿਚੀਂ ਲੰਘਣਾ ਪੈਂਦਾ ਹੈ। ਉਸ ਸਮੇਂ ਪੋਸ਼ਕ ਤੱਤ ਖ਼ਤਮ ਨਾ ਹੋਣ, ਇਸ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਆਟੇ ਵਿਚੋਂ ਛਾਣਬੂਰਾ ਵੱਖ ਕਰ ਦਿੰਦੇ ਹਨ। ਛਾਣਬੂਰੇ ਵਿਚ ਪੋਸ਼ਕ ਤੱਤਾਂ ਦੀ ਕਾਫ਼ੀ ਮਾਤਰਾ ਹੁੰਦੀ ਹੈ ਇਸ ਲਈ ਛਾਣਬੁਰੇ ਨੂੰ ਕਦੀ ਵੀ ਆਟੇ ਤੋਂ ਵੱਖਰਾ ਨਾ ਕਰੋ। ਚੌਲ ਪਕਾਉਂਦੇ ਸਮੇਂ ਜਿਸ ਪਾਣੀ ਵਿਚ ਚੌਲਾਂ ਨੂੰ ਪਕਾਇਆ ਜਾਂਦਾ ਹੈ, ਉਸ ਪਾਣੀ ਨੂੰ ਚੌਲਾਂ ਤੋਂ ਵੱਖ ਕਰ ਦਿੰਦੇ ਹਾਂ। ਇਸ ਤੋਂ ਇਲਾਵਾ ਪਾਣੀ ਵਿਚ ਬੀ ਗਰੁੱਪ ਦੇ ਬਹੁਤ ਸਾਰੇ ਵਿਟਾਮਿਨ ਵਿਅਰਥ ਚਲੇ ਜਾਂਦੇ ਹਨ, ਇਸ ਲਈ ਚੌਲਾਂ ਨੂੰ ਪਕਾਉਣ ਲਈ ਸਹੀ ਪਾਣੀ ਦੀ ਵਰਤੋਂ ਕਰੋ।
ਇਹ ਠੀਕ ਹੈ ਕਿ ਕਿਸੇ ਵੀ ਚੀਜ਼ ਨੂੰ ਪਕਾਉਣ ਤੋਂ ਪਹਿਲਾਂ ਧੋਣਾ ਚਾਹੀਦਾ ਹੈ ਪਰ ਸਹੀ ਢੰਗ ਨਾਲ ਜਿਵੇਂ ਸਬਜ਼ੀਆਂ ਨੂੰ ਕੱਟਣ ਜਾਂ ਛਿੱਲਣ ਤੋਂ ਬਾਅਦ ਨਹੀਂ ਧੋਣਾ ਚਾਹੀਦਾ। ਇਸ ਨਾਲ ਉਨ੍ਹਾਂ ਵਿਚ ਮੌਜੂਦ ਪੋਸ਼ਕ ਤੱਤ ਪਾਣੀ ਵਿਚ ਵਹਿ ਜਾਂਦੇ ਹਨ। ਇਸ ਲਈ ਸਬਜ਼ੀਆਂ ਨੂੰ ਪਹਿਲਾਂ ਹੀ ਧੋ ਲਓ।
ਸਬਜ਼ੀਆਂ ਪਕਾਉਣ ਲਈ ਵੀ ਸਹੀ ਮਾਤਰਾ ਵਿਚ ਪਾਣੀ ਪਾਓ। ਕਦੀ ਵੀ ਪਾਣੀ ਏਨਾ ਨਾ ਪਾਓ ਕਿ ਸਬਜ਼ੀ ਪੱਕ ਜਾਣ ਤੋਂ ਬਾਅਦ ਪਾਣੀ ਨੂੰ ਸੁਕਾਉਣ ਲਈ ਸਬਜ਼ੀ ਉਬਾਲਣੀ ਪਵੇ। ਇਸ ਤੋਂ ਇਲਾਵਾ ਉਬਾਲਣ ਦੇ ਮੁਕਾਬਲੇ ਸਬਜ਼ੀਆਂ ਨੂੰ ਤਲਣ ਨਾਲ ਵਿਟਾਮਨਾਂ ਦੀ ਹਾਨੀ ਜ਼ਿਆਦਾ ਹੁੰਦੀ ਹੈ। ਸਬਜ਼ੀਆਂ ਨੂੰ ਛਿੱਲਦੇ ਸਮੇਂ ਧਿਆਨ ਰੱਖੋ ਕਿ ਛਿਲਕਾ ਬਹੁਤ ਹੀ ਪਤਲਾ ਲਾਹੋ ਕਿਉਂਕਿ ਬਹੁਤ ਸਾਰੇ ਪੋਸ਼ਕ ਤੱਤ ਛਿਲਕੇ ਦੇ ਇਕਦਮ ਹੇਠਾਂ ਹੁੰਦੇ ਹਨ।
ਜੋ ਸਬਜ਼ੀਆਂ ਪ੍ਰੈਸ਼ਰ ਕੁੱਕਰ ਵਿਚ ਪੱਕ ਸਕਦੀਆਂ ਹਨ, ਉਨ੍ਹਾਂ ਨੂੰ ਖੁੱਲ੍ਹੇ ਭਾਂਡਿਆਂ ਵਿਚ ਨਾ ਪਕਾਓ। ਪ੍ਰੈਸ਼ਰ ਕੁੱਕਰ ਵਿਚ ਖਾਣਾ ਛੇਤੀ ਪੱਕਦਾ ਹੈ, ਨਾਲ ਹੀ ਬੰਦ ਵਾਤਾਵਰਨ ਵਿਚ ਪੱਕਣ ਕਾਰਨ ਪੋਸ਼ਕ ਤੱਤ ਖ਼ਤਮ ਨਹੀਂ ਹੁੰਦੇ।
ਸਬਜ਼ੀਆਂ ਤੇ ਫਲਾਂ ਦੇ ਪੋਸ਼ਕ ਤੱਤ ਛਿਲਕਿਆਂ ਵਿਚ ਮੌਜੂਦ ਰਹਿੰਦੇ ਹਨ ਜਿਵੇਂ ਸੇਬ ਦੇ ਛਿਲਕਿਆਂ ਵਿਚ ਵਿਟਾਮਿਨ ਸੀ ਦੀ ਮਾਤਰਾ ਸੇਬ ਦੇ ਗੁੱਦੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਛਿਲਕੇ ਸਮੇਤ ਹੀ ਖਾਣਾ ਚਾਹੀਦਾ। ਫਲਾਂ ਦੇ ਰਸ ਦੀ ਵਰਤੋਂ ਕਰਨ ਦੀ ਥਾਂ 'ਤੇ ਫਲਾਂ ਨੂੰ ਉਸੇ ਤਰ੍ਹਾਂ ਹੀ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਰੇਸ਼ੇ ਦੀ ਸਹੀ ਮਾਤਰਾ ਮਿਲੇਗੀ। ਜੂਸ ਕੱਢਣ ਸਮੇਂ ਰੇਸ਼ਾ ਜਾਂ ਫਾਈਬਰ ਵਿਅਰਥ ਚਲਿਆ ਜਾਂਦਾ ਹੈ। ਸਾਡੇ ਵਿਚੋਂ ਜ਼ਿਆਦਾਤਰ ਲੋਕ ਮੈਦੇ ਤੋਂ ਬਣੀ ਬ੍ਰੈੱਡ, ਬਿਸਕੁਟ ਆਦਿ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਵਿਚ ਪੌਸ਼ਟਿਕਤਾ ਦੀ ਬੇਹੱਦ ਕਮੀ ਪਾਈ ਜਾਂਦੀ ਹੈ। ਇਸ ਦੀ ਬਜਾਏ ਆਟੇ ਦੇ ਬਿਸਕੁਟ ਤੇ ਬ੍ਰੈੱਡ ਦੀ ਵਰਤੋਂ ਕਰੋ ਜਿਸ ਨਾਲ ਪੇਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ।
ਭੋਜਨ ਪਕਾਉਣ ਲਈ ਵੀ ਸਟੀਮਿੰਗ ਆਦਿ ਇਸ ਤਰ੍ਹਾਂ ਦੇ ਢੰਗਾਂ ਨੂੰ ਅਪਣਾਓ ਜਿਨ੍ਹਾਂ ਨਾਲ ਪੋਸ਼ਕ ਤੱਤਾਂ ਨੂੰ ਨੁਕਸਾਨ ਨਾ ਪਹੁੰਚੇ। ਉਕਤ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਆਪਣੇ ਭੋਜਨ ਦੇ ਬਹੁਮੁੱਲੇ ਪੋਸ਼ਕ ਤੱਤਾਂ ਨੂੰ ਹਾਸਿਲ ਕਰ ਸਕੋਗੇ ਤੇ ਚੰਗੀ ਸਿਹਤ ਪਾ ਸਕੋਗੇ।

ਪਿਛਲੀ ਖ਼ਬਰ ਕੀ ਤੁਸੀਂ ਵੀ ਪ੍ਰੇਸ਼ਾਨ ਹੋ ਐਲਰਜੀ ਤੋਂ ਅਗਲੀ ਖ਼ਬਰ 17-10-25

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।