18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਟਰੰਪ ਅਤੇ ਮੁਨੀਰ ਦੀ ਦੋਸਤੀ

ਅਜੀਤ ਡੈਸਕ 22-06-2025

ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਨੂੰ ਵਾਸ਼ਿੰਗਟਨ ਵਿਖੇ ਆਪਣੀ ਸਰਕਾਰੀ ਰਿਹਾਇਸ਼ ਵਾਈਟ ਹਾਊਸ ਵਿਚ ਦੁਪਹਿਰ ਦੇ ਖਾਣੇ 'ਤੇ ਬੁਲਾਉਣ ਦੀ ਵੱਡੀ ਪੱਧਰ 'ਤੇ ਚਰਚਾ ਹੋ ਰਹੀ ਹੈ। ਜਨਰਲ ਆਸਿਮ ਮੁਨੀਰ ਨੂੰ ਪਹਿਲਗਾਮ ਦੇ ਘਟਨਾਕ੍ਰਮ ਪਿੱਛੋਂ ਭਾਰਤ ਅਤੇ ਪਾਕਿਸਤਾਨ ਵਿਚ 4 ਦਿਨ ਹੋਈ ਮੁੱਠਭੇੜ ਤੋਂ ਬਾਅਦ ਫੀਲਡ ਮਾਰਸ਼ਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ। ਅਯੂਬ ਖ਼ਾਨ ਤੋਂ ਬਾਅਦ ਆਸਿਮ ਮੁਨੀਰ ਦੇਸ਼ ਦਾ ਦੂਸਰਾ ਫ਼ੌਜੀ ਜਰਨੈਲ ਹੈ, ਜਿਸ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ ਹੋਵੇ। ਦੋਵਾਂ ਦੇਸ਼ਾਂ ਦੀ 4 ਦਿਨ ਦੀ ਲੜਾਈ ਤੋਂ ਬਾਅਦ ਪਾਕਿਸਤਾਨ ਨੇ ਜੰਗ ਖ਼ਤਮ ਕਰਨ ਲਈ ਭਾਰਤ ਨੂੰ ਫੋਨ ਕੀਤਾ ਸੀ, ਜਿਸ ਦਾ ਭਾਰਤ ਵਲੋਂ ਜਵਾਬ ਹਾਂ-ਪੱਖੀ ਰਿਹਾ ਸੀ, ਪਰ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਬਿਆਨ ਦਿੰਦੇ ਕਿ ਇਹ ਜੰਗ ਉਨ੍ਹਾਂ ਦੇ ਯਤਨਾਂ ਨਾਲ ਖ਼ਤਮ ਹੋਈ ਹੈ, ਜਦੋਂ ਕਿ ਭਾਰਤ ਨੇ ਇਸ ਤੋਂ ਬਾਅਦ ਸਪੱਸ਼ਟ ਰੂਪ ਵਿਚ ਇਹ ਕਿਹਾ ਸੀ ਕਿ ਇਹ ਲੜਾਈ ਪਾਕਿਸਤਾਨੀ ਫ਼ੌਜੀ ਜਰਨੈਲ ਵਲੋਂ ਫੋਨ ਕਰਨ ਤੋਂ ਬਾਅਦ ਬੰਦ ਹੋਈ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਸਪੱਸ਼ਟ ਰੂਪ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਉਤਾਵਲੇ ਦਿਖਾਈ ਕਿਵੇਂ ਰਹੇ।
ਹੁਣ ਉਨ੍ਹਾਂ ਨੇ ਇਕ ਨਵੀਂ ਸਿਆਸੀ ਚਾਲ ਚਲਦਿਆਂ ਜਨਰਲ ਮੁਨੀਰ ਨੂੰ ਖਾਣੇ 'ਤੇ ਬੁਲਾਇਆ। ਅਮਰੀਕੀ ਰਾਸ਼ਟਰਪਤੀ ਦੀ ਇਸ ਚੱਲੀ ਚਾਲ ਤੋਂ ਭਾਰਤ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਜਿੱਥੋਂ ਤੱਕ ਪਾਕਿਸਤਾਨ ਦਾ ਸੰਬੰਧ ਹੈ, ਉਥੇ ਹਮੇਸ਼ਾ ਫ਼ੌਜ ਦਾ ਬੋਲਬਾਲਾ ਰਿਹਾ ਹੈ ਅਤੇ ਲੰਮੇ ਸਮੇਂ ਤੱਕ ਫ਼ੌਜੀਆਂ ਦੀ ਹੀ ਹਕੂਮਤ ਚਲਦੀ ਰਹੀ ਹੈ। ਇਸ ਕਤਾਰ ਵਿਚ ਜਨਰਲ ਅਯੂਬ ਖ਼ਾਨ, ਜ਼ਿਆ-ਉਲ-ਹੱਕ ਅਤੇ ਮੁਸ਼ੱਰਫ਼ ਖੜ੍ਹੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੇ ਜ਼ੋਰ-ਜਬਰੀ ਪਾਕਿਸਤਾਨ ਦੀਆਂ ਚੁਣੀਆਂ ਸਰਕਾਰਾਂ ਨੂੰ ਲਾਹ ਕੇ ਆਪ ਗੱਦੀ 'ਤੇ ਕਬਜ਼ਾ ਕਰ ਲਿਆ ਸੀ ਅਤੇ ਦਹਾਕਿਆਂ ਤੱਕ ਉਨ੍ਹਾਂ ਨੇ ਪਾਕਿਸਤਾਨ 'ਤੇ ਰਾਜ ਕਰਕੇ ਇਸ ਨੂੰ ਕੱਖੋਂ ਹੌਲਾ ਕਰ ਦਿੱਤਾ ਸੀ। ਇਸੇ ਲਈ ਹੀ ਅੱਜ ਇਹ ਕੌਮਾਂਤਰੀ ਮੰਚ 'ਤੇ ਕਟੋਰਾ ਫੜੀ ਖੜ੍ਹਾ ਦਿਖਾਈ ਦੇ ਰਿਹਾ ਹੈ। ਸਹੀ ਅਰਥਾਂ ਵਿਚ ਆਪਣੀ ਹੋਂਦ ਤੋਂ ਲੈ ਕੇ ਹੀ ਪਾਕਿਸਤਾਨ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕਿਆ। ਪਹਿਲਾਂ ਦਹਾਕਿਆਂ ਤੱਕ ਇਹ ਅਮਰੀਕਾ ਦੇ ਹੱਥਾਂ ਵੱਲ ਦੇਖਦਾ ਰਿਹਾ ਅਤੇ ਬਾਅਦ ਵਿਚ ਉਸ ਵਲੋਂ ਪੱਲਾ ਝਾੜਨ ਤੋਂ ਪਿਛੋਂ ਇਹ ਚੀਨ ਦੀ ਝੋਲੀ ਵਿਚ ਜਾ ਪਿਆ। ਇਸ ਦੇ ਨਾਲ ਹੀ ਇਸ ਨੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲਗਾਤਾਰ ਖ਼ੈਰ ਮੰਗਣ ਵਿਚ ਵੀ ਕਦੀ ਹਿਚਕਿਚਾਹਟ ਨਹੀਂ ਦਿਖਾਈ ਪਰ ਇਸ ਦੇ ਬਾਵਜੂਦ ਅੱਜ ਇਸ ਦੀ ਆਰਥਿਕਤਾ ਸੰਕਟ ਵਿਚ ਪਈ ਦਿਖਾਈ ਦੇ ਰਹੀ ਹੈ।
ਕੌਮਾਂਤਰੀ ਮੰਚ 'ਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਸ ਨੇ ਵੱਡੇ ਮੁਲਕਾਂ ਦੀ ਹਾਜ਼ਰੀ ਵੀ ਭਰੀ ਅਤੇ ਉਨ੍ਹਾਂ ਦੀ ਰੱਜ ਕੇ ਸੇਵਾ ਵੀ ਕੀਤੀ ਹੈ। ਜਿਸ ਸਮੇਂ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ਵਿਚ ਆਪਣੀਆਂ ਫ਼ੌਜਾਂ ਭੇਜ ਕੇ ਹਕੂਮਤ ਪਲਟੀ ਸੀ ਤਾਂ ਉਸ ਸਮੇਂ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਅਫ਼ਗਾਨਿਸਤਾਨ ਵਿਚੋਂ ਸੋਵੀਅਤ ਫ਼ੌਜਾਂ ਨੂੰ ਕੱਢਣ ਲਈ ਪਾਕਿਸਤਾਨ ਦੀ ਮਦਦ ਲਈ ਸੀ ਅਤੇ ਉੱਥੋਂ ਹੀ ਮੁਜ਼ਾਹੀਦੀਨ ਤਿਆਰ ਕਰ ਕੇ ਅਫ਼ਗਾਨਿਸਤਾਨ ਵਿਚ ਭੇਜੇ ਜਾਂਦੇ ਸਨ। ਇਸ ਲਈ ਰੀਗਨ ਨੇ ਪਾਕਿਸਤਾਨ ਦੀ ਵੱਡੀ ਆਰਥਿਕ ਸਹਾਇਤਾ ਵੀ ਕੀਤੀ ਸੀ ਅਤੇ ਉਸ ਨੂੰ ਬੇਹੱਦ ਹਥਿਆਰ ਵੀ ਦਿੱਤੇ ਸਨ। ਇਸੇ ਹੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਪਾਕਿਸਤਾਨ ਦੇ ਸੱਤਾ 'ਤੇ ਬੈਠੇ ਜਨਰਲ ਪ੍ਰਵੇਜ਼ ਮੁਸ਼ੱਰਫ਼ ਨੂੰ ਵੱਡੀ ਆਰਥਿਕ ਸਹਾਇਤਾ ਦੇ ਕੇ ਅਫ਼ਗਾਨਿਸਤਾਨ ਵਿਚੋਂ ਤਾਲਿਬਾਨ ਨੂੰ ਕੱਢਣ ਲਈ ਆਪਣੇ ਨਾਲ ਜੋੜਿਆ ਸੀ, ਕਿਉਂਕਿ ਉਸ ਸਮੇਂ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਓਸਾਮਾ-ਬਿਨ-ਲਾਦੇਨ ਨੂੰ ਪਨਾਹ ਦਿੱਤੀ ਹੋਈ ਸੀ, ਜਿਸ ਨੇ ਅਮਰੀਕਾ ਵਿਚ 11 ਸਤੰਬਰ, 2001 ਨੂੰ ਨਿਊਯਾਰਕ ਦੇ ਟਾਵਰਾਂ 'ਤੇ ਹਮਲੇ ਕੀਤੇ ਸਨ। ਇਸ ਦੇ ਨਾਲ-ਨਾਲ ਪਾਕਿਸਤਾਨ ਦੀ ਫ਼ੌਜ ਨੇ ਸਦਾ ਹੀ ਵੱਖ-ਵੱਖ ਤਰ੍ਹਾਂ ਦੀਆਂ ਅੱਤਵਾਦੀ ਇਸਲਾਮਿਕ ਜਥੇਬੰਦੀਆਂ ਨੂੰ ਪਨਾਹ ਦਿੱਤੀ ਹੈ, ਜਦੋਂ ਕਿ ਉਹ ਖ਼ੁਦ ਵੀ ਅਜਿਹੀਆਂ ਕੁਝ ਜਥੇਬੰਦੀਆਂ ਦਾ ਸ਼ਿਕਾਰ ਹੁੰਦਾ ਰਿਹਾ।
ਹੁਣ ਇਕ ਵਾਰ ਫੇਰ ਸਮੇਂ ਦਾ ਚੱਕਰ ਚੱਲਿਆ ਹੈ। ਉਹੀ ਟਰੰਪ ਜੋ ਸਾਲ 2018 ਵਿਚ ਪਾਕਿਸਤਾਨ ਨੂੰ ਧੋਖੇਬਾਜ਼ ਕਹਿੰਦੇ ਰਹੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਵਲੋਂ ਪਾਕਿਸਤਾਨ ਨੂੰ ਦਿੱਤੀ ਜਾਂਦੀ ਸਾਰੀ ਅਮਰੀਕਨ ਮਦਦ ਨੂੰ ਵੀ ਰੋਕ ਦਿੱਤਾ ਗਿਆ ਸੀ, ਅੱਜ ਮੁੜ ਪਾਕਿਸਤਾਨ ਦੇ ਸੋਹਲੇ ਗਾਉਣ ਲੱਗੇ ਹੋਏ ਹਨ। ਚਾਹੇ ਅੱਜ ਜਨਰਲ ਆਸਿਮ ਮੁਨੀਰ ਕੋਲ ਦੇਸ਼ ਦੀ ਵਾਗਡੋਰ ਤਾਂ ਨਹੀਂ ਹੈ ਪਰ ਉਨ੍ਹਾਂ ਨੇ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੂੰ ਇਕ ਤਰ੍ਹਾਂ ਨਾਲ ਆਪਣੀ ਕਠਪੁਤਲੀ ਜ਼ਰੂਰ ਬਣਾ ਲਿਆ ਹੈ। ਇਸ ਸਥਿਤੀ ਨੂੰ ਭਾਂਪਦਿਆਂ ਹੀ ਟਰੰਪ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵਾਈਟ ਹਾਊਸ ਬੁਲਾਉਣ ਦੀ ਥਾਂ 'ਤੇ ਜਨਰਲ ਆਸਿਮ ਮੁਨੀਰ ਨੂੰ ਬੁਲਾਉਣ ਤਰਜੀਹ ਦਿੱਤੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੱਜ ਇਜ਼ਰਾਈਲ ਅਤੇ ਈਰਾਨ ਵਿਚ ਸਖ਼ਤ ਲੜਾਈ ਸ਼ੁਰੂ ਹੋ ਗਈ ਹੈ। ਅਮਰੀਕਾ ਹੁਣ ਕਦੇ ਵੀ ਇਸ ਵਿਚ ਕੁੱਦ ਸਕਦਾ ਹੈ, ਜਿਸ ਲਈ ਉਸ ਨੂੰ ਈਰਾਨ ਦੇ ਗੁਆਂਢੀ ਪਾਕਿਸਤਾਨ ਦੀ ਜ਼ਰੂਰਤ ਹੋਵੇਗੀ।
ਚਾਹੇ ਹਾਲਾਤ ਨੂੰ ਵੇਖਦਿਆਂ ਪਾਕਿਸਤਾਨ ਅਮਰੀਕਾ ਲਈ ਦਮ ਭਰਨ ਲੱਗਾ ਹੈ ਪਰ ਅਜਿਹਾ ਕਰਨ ਨਾਲ ਇਹ ਵੇਖਣ ਵਾਲੀ ਗੱਲ ਹੋਵੇਗੀ, ਕਿ ਉਸ ਦੇ ਆਪਣੇ ਨੇੜੇ ਦੇ ਗੁਆਂਡੀ ਦੇਸ਼ ਈਰਾਨ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਰਹਿਣਗੇ ਅਤੇ ਪਾਕਿਸਤਾਨ ਦੇ ਆਪਣੇ ਭਵਿੱਖ 'ਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ। ਮੁੜ ਮਹਾਂਸ਼ਕਤੀਆਂ ਦੇ ਅਜਿਹੇ ਚੱਕਰਾਂ ਵਿਚ ਫਸ ਕੇ ਪਹਿਲਾਂ ਹੀ ਲਗਭਗ ਬਰਬਾਦ ਹੋ ਚੁੱਕਾ ਇਹ ਦੇਸ਼ ਆਪਣੇ ਲੋਕਾਂ ਦਾ ਭਵਿੱਖ ਕਿਸ ਤਰ੍ਹਾਂ ਸੰਵਾਰ ਸਕੇਗਾ?

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਐਮਰਜੈਂਸੀ ਦੀ ਕਹਾਣੀ ਅੰਦਰਲਾ ਸੱਚ ਅਗਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।