ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਅਤੇ ਕੈਦੀਆਂ ਵਿਚ ਨਸ਼ਾ ਕਰਨ ਦੇ ਵਧਦੇ ਰੁਝਾਨ, ਜੇਲ੍ਹ ਅਧਿਕਾਰੀਆਂ ਦੇ ਵਤੀਰੇ ਤੇ ਵਿਵਹਾਰ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦੁਆਰਾ ਪਿਛਲੇ ਦਿਨੀਂ ਕੀਤੀ ਗਈ ਟਿੱਪਣੀ ਨੇ ਇਕ ਪਾਸੇ ਜਿੱਥੇ ਜੇਲ੍ਹਾਂ ਅੰਦਰ ਨਸ਼ੇ ਦੇ ਵਧਦੇ ਕਾਰੋਬਾਰ ਵੱਲ ਸਰਕਾਰ ਤੇ ਆਮ ਲੋਕਾਂ ਦਾ ਧਿਆਨ ਦਿਵਾਇਆ ਹੈ, ਉੱਥੇ ਸਰਕਾਰ ਦੇ ਆਪਣੇ ਪ੍ਰਸ਼ਾਸਨ ਦੀ ਪੋਲ ਵੀ ਇਸ ਨਾਜ਼ੁਕ ਮੁੱਦੇ 'ਤੇ ਖੋਲ੍ਹ ਕੇ ਰੱਖ ਦਿੱਤੀ ਹੈ। ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਵੱਡੀ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਖੇਪ ਮਿਲਣ, ਬੈਰਕਾਂ 'ਚੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਅਤੇ ਇਸ ਤੋਂ ਬਾਅਦ ਜੇਲ੍ਹ ਦੇ ਉੱਚ ਅਧਿਕਾਰੀਆਂ ਦੇ ਫ਼ਰਾਰ ਹੋ ਜਾਣ ਦਾ ਗੰਭੀਰ ਨੋਟਿਸ ਲਿਆ ਹੈ। ਅਜਿਹੀ ਕਰੜੀ ਟਿੱਪਣੀ ਦੇ ਨਾਲ ਹੀ ਮਾਣਯੋਗ ਜੱਜ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਲਗਦਾ ਹੈ ਕਿ ਜੇਲ੍ਹਾਂ ਦੇ ਉੱਚ ਅਧਿਕਾਰੀ ਖ਼ੁਦ ਹੀ ਨਸ਼ੇ ਦੀ ਤਸਕਰੀ ਤੇ ਕਾਰੋਬਾਰ ਦੇ ਮਾਫੀਆ ਦੀ ਭੂਮਿਕਾ ਨਿਭਾਉਣ ਲੱਗੇ ਹੋਏ ਹਨ। ਬਿਨਾਂ ਸ਼ੱਕ ਹਾਈਕੋਰਟ ਨੇ ਜਿਸ ਇਕ ਮੁੱਦੇ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਇਹ ਟਿੱਪਣੀ ਕੀਤੀ ਹੈ, ਉਸ ਵਿਚ ਤਸਕਰਾਂ 'ਤੇ ਪੁਲਿਸ ਦੀ ਮਿਲੀ ਭੁਗਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਲ੍ਹਾਂ ਵਿਚੋਂ ਮੋਬਾਈਲ ਫੋਨਾਂ ਦੁਆਰਾ ਨਸ਼ੇ ਦਾ ਕਾਰੋਬਾਰ ਜਾਂ ਜੇਲ੍ਹਾਂ ਅੰਦਰ ਨਸ਼ੇ ਦੀ ਤਸਕਰੀ ਪੁਲਿਸ ਨਾਲ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। ਅਕਸਰ ਅਜਿਹੇ ਮਾਮਲਿਆਂ 'ਚ ਪੁਲਿਸ ਪ੍ਰਸ਼ਾਸਨ ਦੀ ਪਿੱਠ 'ਤੇ ਰਾਜਨੀਤਕਾਂ ਦਾ ਹੱਥ ਵੀ ਅਨੇਕਾਂ ਵਾਰ ਜ਼ਰੂਰ ਆਉਂਦਾ ਹੈ। ਇਹ ਮਾਮਲਾ ਕਿੰਨਾ ਗੰਭੀਰ ਹੈ, ਇਸ ਦਾ ਪਤਾ ਇਸ ਇਕ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਅਦਾਲਤ ਨੇ ਇਸ ਦੀ ਸਮੁੱਚੀ ਨਿਗਰਾਨੀ ਖ਼ੁਦ ਅਦਾਲਤ ਦੁਆਰਾ ਕਰਨ ਬਾਰੇ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਨਸ਼ਾ ਤਸਕਰਾਂ ਵਲੋਂ ਲਗਾਈਆਂ ਗਈਆਂ ਜ਼ਮਾਨਤ ਪਟੀਸ਼ਨਾਂ ਨੂੰ ਖ਼ਾਰਜ ਕਰਦਿਆਂ ਜੇਲ੍ਹ ਅੰਦਰ ਇੰਨੇ ਵੱਡੇ ਪੱਧਰ 'ਤੇ ਚੱਲ ਰਹੇ ਨਸ਼ੇ ਦੇ ਧੰਦੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।
ਭਾਵੇਂ ਪੰਜਾਬ ਸਰਕਾਰ ਨੇ ਇਸ ਸਮੇਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿਆਪਕ ਪੱਧਰ 'ਤੇ 'ਯੁੱਧ ਨਸ਼ਿਆਂ ਦੇ ਵਿਰੁੱਧ ਦੇ ਨਾਂਅ 'ਤੇ ਇਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਪੰਜਾਬ ਦੀ ਸਰਕਾਰ ਨੇ ਵਾਰ-ਵਾਰ ਇਹ ਵਾਅਦਾ ਵੀ ਕੀਤਾ ਹੈ ਕਿ ਜਿੰਨੀ ਛੇਤੀ ਹੋ ਸਕੇ, ਸੂਬੇ ਚੋਂ ਨਸ਼ਿਆਂ ਦਾ ਖ਼ਾਤਮਾ ਜ਼ਰੂਰ ਕੀਤਾ ਜਾਵੇਗਾ, ਪਰ ਇਹ ਬੜੀ ਅਜੀਬ ਤ੍ਰਾਸਦੀ ਹੈ ਕਿ ਸੂਬਾ ਸਰਕਾਰ ਦੇ ਇਮਾਨਦਾਰੀ ਨਾਲ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਸੂਬੇ 'ਚ ਇਕ ਪਾਸੇ ਜਿੱਥੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉੱਥੇ ਨਸ਼ਾ ਤਸਕਰਾਂ ਤੇ ਇਸ ਗੈਰ-ਕਾਨੂੰਨੀ ਕਾਰੋਬਾਰ 'ਚ ਸ਼ਾਮਿਲ ਲੋਕਾਂ ਦੀ ਤਾਦਾਦੇ ਵੀ ਉਸੇ ਅਨੁਪਾਤ 'ਚ ਵਧ ਰਹੀ ਹੈ। ਅਜਿਹੇ 'ਚ ਸਰਕਾਰ ਦੀਆਂ ਸਭ ਕੋਸ਼ਿਸ਼ਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨ। ਰੋਜ਼ਾਨਾ ਸੂਬੇ 'ਚ ਪੁਲਿਸ ਦੇ ਵੱਡੇ-ਵੱਡੇ ਛਾਪਿਆਂ ਦੇ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਵੀ ਕੀਤੇ ਜਾਂਦੇ ਹਨ। ਸੂਬੇ 'ਚ ਅਫ਼ੀਮ, ਕੋਕੀਨ ਤੇ ਫਿਰ ਹੈਰੋਇਨ ਦੇ ਬਾਅਦ ਅੱਜ ਕੱਲ੍ਹ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਬਹੁਤ ਵਧ ਰਿਹਾ ਹੈ। ਇਨ੍ਹਾਂ ਗੋਲੀਆਂ ਦੇ ਆਦਾਨ-ਪ੍ਰਦਾਨ 'ਚ ਸਰਕਾਰੀ ਹਸਪਤਾਲ, ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਵੀ ਵੱਡੀ ਮਿਲੀਭੁਗਤ ਪਾਈ ਜਾਂਦੀ ਹੈ। ਪਿਛਲੇ ਦਿਨੀਂ ਪੰਜਾਬ 'ਚ ਹੀ ਨਸ਼ੀਲੀਆਂ ਗੋਲੀਆਂ ਦੇ ਇਕ ਵੱਡੇ ਕਾਰੋਬਾਰ ਦਾ ਭਾਂਡਾ ਭੱਜਿਆ ਹੈ।
ਮਾਣਯੋਗ ਹਾਈਕੋਰਟ ਦੁਆਰਾ ਜੇਲ੍ਹਾਂ ਦੇ ਅੰਦਰ ਤੇ ਖ਼ਾਸ ਤੌਰ 'ਤੇ ਉੱਚ ਸੁਰੱਖਿਆ ਵਾਲੀਆਂ ਬੈਰਕਾਂ ਦੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਸਥਿਤੀ ਨੂੰ ਬਾਕਾਇਦਾ ਇਕ ਵੱਡੀ ਸਾਜਿਸ਼ ਕਰਾਰ ਦੇਣਾ, ਸਰਕਾਰ ਦੇ ਆਪਣੇ ਪ੍ਰਸ਼ਾਸਨਿਕ ਤੰਤਰ ਵੱਲ ਉਂਗਲੀ ਉਠਾਉਂਦਾ ਹੈ, ਕਿਉਂਕਿ ਜੇਲ੍ਹਾਂ 'ਚ ਉੱਚ ਸੁਰੱਖਿਆ ਵਾਲੇ ਕੇਂਦਰਾਂ ਤੱਕ ਕਿਸੇ ਆਮ ਵਿਅਕਤੀ ਜਾਂ ਕਿਸੇ ਆਮ ਅਧਿਕਾਰੀ/ਕਰਮਚਾਰੀ ਦੀ ਆਸਾਨੀ ਨਾਲ ਪਹੁੰਚ ਨਹੀਂ ਹੋ ਸਕਦੀ। ਉੱਚ ਅਦਾਲਤ ਨੇ ਇਸ ਇਕ ਤੱਥ 'ਤੇ ਵੀ ਗ਼ੌਰ ਕੀਤਾ ਹੈ ਕਿ ਇਸ ਖ਼ੁਲਾਸੇ ਤੋਂ ਬਾਅਦ ਜੇਲ੍ਹ ਦੇ ਕਈ ਉੱਚ ਅਧਿਕਾਰੀ ਫ਼ਰਾਰ ਹਨ। ਉਨ੍ਹਾਂ ਤੱਕ ਪੁਲਿਸ ਦੀ ਪਹੁੰਚ ਸੰਭਵ ਨਾ ਹੋ ਸਕਣਾ ਵੀ, ਕਿਸੇ ਸਾਜਿਸ਼ ਤੋਂ ਘੱਟ ਨਹੀਂ ਹੈ। ਅਦਾਲਤ ਨੇ ਇਨ੍ਹਾਂ ਅਧਿਕਾਰੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੰਦਿਆਂ ਕਿਹਾ ਹੈ, ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਗੈਰ ਜਾਂਚ ਕਾਰਜ ਤੇ ਅਦਾਲਤ ਦੀ ਕਾਰਵਾਈ ਪ੍ਰਭਾਵਿਤ ਹੋਵੇਗੀ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਪੰਜਾਬ ਸਰਕਾਰ ਸੂਬੇ ਚੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣ ਦੇ ਲਈ ਵਚਨਬੱਧ ਹੈ, ਪਰ ਇਹ ਵੀ ਇਕ ਤੱਤ ਹੈ ਕਿ ਜਿੰਨੀ ਇਮਾਨਦਾਰੀ ਨਾਲ ਸਰਕਾਰ ਖ਼ੁਦ ਅਜਿਹੇ ਯਤਨ ਕਰਦੀ ਹੈ, ਓਨੀ ਹੀ ਤੇਜ਼ੀ ਨਾਲ ਉਸ ਦੇ ਆਪਣੇ ਪ੍ਰਸ਼ਾਸਨਿਕਤੰਤਰ 'ਚ ਚੋਰ ਮੋਰੀਆਂ ਵਧ ਜਾਂਦੀਆਂ ਹਨ। ਇੱਥੋਂ ਤੱਕ ਕਿ ਇਸ ਨਸ਼ਾ ਤਸਕਰੀ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਅਨੇਕਾਂ ਮੁਲਾਜ਼ਮਾਂ ਤੇ ਕਰਿੰਦਿਆਂ ਦੀ ਸ਼ਮੂਲੀਅਤ ਪਾਏ ਜਾਣ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆਉਣ ਲੱਗੀਆਂ ਹਨ। ਬਠਿੰਡਾ ਦੀ ਇਕ ਮਹਿਲਾ ਪੁਲਿਸ ਮੁਲਾਜ਼ਮ 'ਤੇ ਨਸ਼ੇ ਦੀ ਵਿੱਕਰੀ ਦੇ ਦੋਸ਼ ਲੱਗਣ ਤੇ ਉਸ ਕੋਲੋਂ ਆਮਦਨ ਤੋਂ ਵੱਧ ਕਰੋੜਾਂ ਰੁਪਏ ਦੀ ਜਾਇਦਾਦ ਮਿਲਣ ਦੀ ਘਟਨਾ ਨੇ ਪੂਰੇ ਸੂਬੇ ਨੂੰ ਹੈਰਾਨ ਕੀਤਾ ਹੈ। ਖੰਨਾ 'ਚ ਵੀ ਪਿਛਲੇ ਹਫ਼ਤੇ ਇਕ ਹੈੱਡ ਕਾਂਸਟੇਬਲ ਨਸ਼ੇ ਦੀ ਤਸਕਰੀ ਨਾਲ ਨੇੜੇ ਤੋਂ ਜੁੜਿਆ ਹੋਇਆ ਪਾਇਆ ਗਿਆ ਹੈ। ਪਿਛਲੇ ਮਹੀਨੇ ਫ਼ਗਵਾੜੇ ਵਿਚ ਲੱਖਾਂ ਰੁਪਏ ਲੈ ਕੇ ਇਕ ਨਸ਼ਾ ਤਸਕਰ ਨੂੰ ਛੱਡਣ ਵਾਲੇ ਸਟਾਫ ਇੰਚਾਰਜ ਸਮੇਤ ਸੀ.ਆਈ.ਏ. ਦੀ ਪੂਰੀ ਟੀਮ ਦੀ ਗ੍ਰਿਫ਼ਤਾਰੀ ਹੋਣਾ ਵੀ ਦਾਲ ਦੇ ਵੱਡੀ ਹੱਦ ਤੱਕ ਕਾਲੀ ਹੋਣ ਵੱਲ ਇਸ਼ਾਰਾ ਕਰਦਾ ਹੈ। ਫਿਰ ਵੀ ਅਸੀਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਦੇ ਨਸ਼ਾ ਮੁਕਤ ਹੋਣ ਦੀ ਕਾਮਨਾ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਪੰਜਾਬ ਇਕ ਵਾਰ ਮੁੜ ਤੋਂ ਖੁਸ਼ਹਾਲੀ ਦੇ ਰਸਤੇ 'ਤੇ ਚੱਲ ਪਵੇ। ਇਹ ਸਭ ਵੱਡੀ ਹੱਦ ਤੱਕ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਸੂਬਾ ਨਸ਼ੇ ਦੇ ਦਾਗ਼ ਤੋਂ ਮੁਕਤ ਹੋਵੇਗਾ।
ਪੰਜਾਬ ਦੀਆਂ ਜੇਲ੍ਹਾਂ 'ਚ ਵਧਦੀ ਨਸ਼ਾ ਤਸਕਰੀ
ਅਜੀਤ ਡੈਸਕ
23-06-2025