ਸਕੂਲ ਵਿਦਿਆਰਥੀਆਂ ਲਈ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਉਨ੍ਹਾਂ ਦਾ ਪੂਰੀ ਤਰ੍ਹਾਂ ਵਿਕਾਸ ਹੁੰਦਾ ਹੈ। ਉਨ੍ਹਾਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ 'ਚ ਵੀ ਵਾਧਾ ਹੁੰਦਾ ਹੈ। ਗੱਲ ਕਰੀਏ ਭਾਸ਼ਾ ਦੀ ਤਾਂ ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਸਿਆਣੇ ਮਨੁੱਖ ਦੇ ਮੁਕਾਬਲੇ, ਕੋਈ ਬੱਚਾ ਜ਼ਿਆਦਾ ਭਾਸ਼ਾਵਾਂ ਸਿੱਖ ਸਕਦਾ ਹੈ। ਇਸ ਕਰਕੇ ਸਰਕਾਰ ਵਲੋਂ ਸਿੱਖਿਆ ਸੰਸਥਾਵਾਂ ਨੂੰ ਆਪਣੇ ਇੱਥੇ ਕਈ ਭਾਸ਼ਾਵਾਂ ਪੜ੍ਹਾਉਣ ਲਈ ਸਹੂਲਤ ਦਿੱਤੀ ਗਈ ਹੈ। ਸਰਕਾਰ ਤਾਂ ਸਹੂਲਤ ਦੇ ਰਹੀ ਹੈ ਪਰ ਕੀ ਅਸੀਂ ਸਚਮੁੱਚ ਆਪਣੇ ਬੱਚਿਆਂ ਨੂੰ ਭਾਸ਼ਾਵਾਂ ਨਾਲ ਜੋੜ ਰਹੇ ਹਾਂ? ਅੱਜ ਸਾਡੇ ਕੋਲ ਭਾਸ਼ਾ ਦੇ ਨਾਂਅ 'ਤੇ ਅੰਗਰੇਜ਼ੀ ਤੇ ਹਿੰਦੀ ਦੀ ਗੱਲ ਹੀ ਪ੍ਰਮੁੱਖਤਾ ਨਾਲ ਨਾਲ ਸਾਹਮਣੇ ਆਉਂਦੀ ਹੈ।
ਗੱਲ ਕਰਦੇ ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਬਾਰੇ। ਦਿੱਲੀ ਇਕ ਬਹੁ-ਭਾਸ਼ਾਈ ਸ਼ਹਿਰ ਹੈ, ਜਿੱਥੇ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਮੁੱਖ ਰੂਪ 'ਚ ਬੋਲੀ ਤੇ ਵਰਤੀ ਜਾਂਦੀ ਹੈ। ਭਾਵੇਂ ਕਿ ਦਿੱਲੀ 'ਚ ਇਸ ਸਮੇਂ ਸਰਕਾਰੀ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ। ਇਸ ਕਰਕੇ ਦਿੱਲੀ ਦੇ ਸਰਕਾਰੀ, ਗ਼ੈਰ-ਸਰਕਾਰੀ ਤੇ ਪਬਲਿਕ ਸਕੂਲਾਂ ਦੇ ਨਾਲ-ਨਾਲ ਕਾਲਜਾਂ 'ਚ ਪੰਜਾਬੀ ਪੜ੍ਹਨ ਦੀ ਸਹੂਲਤ ਦਿੱਤੀ ਹੋਈ ਹੈ। ਸਰਕਾਰ ਨੇ ਤਾਂ ਆਪਣਾ ਕੰਮ ਕਰ ਦਿੱਤਾ, ਪਰ ਕੀ ਅਸੀਂ ਸਚਮੁੱਚ ਇਸ ਦਾ ਲਾਭ ਉਠਾ ਰਹੇ ਹਾਂ? ਮੈਂ ਆਪ ਵੀ ਇਕ ਵਿੱਦਿਅਕ ਅਦਾਰੇ ਨਾਲ ਜੁੜਿਆ ਹੋਇਆ ਹਾਂ, ਇਸ ਕਰਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਾਹ ਪੈਂਦਾ ਰਹਿੰਦਾ ਹੈ। ਅੱਜ ਵੇਖਣ ਵਾਲੀ ਗੱਲ ਇਹ ਹੈ ਕਿ ਦਿੱਲੀ ਦੇ ਸਕੂਲਾਂ ਤੇ ਕਾਲਜਾਂ 'ਚ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਨੂੰ ਪੜ੍ਹਨ ਦੀ ਰੁਚੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ। ਸਕੂਲਾਂ/ਕਾਲਜਾਂ ਵਿਚ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਹਨ ਪਰ ਕੀ ਵਿਦਿਆਰਥੀ ਤੇ ਕੀ ਉਨ੍ਹਾਂ ਦੇ ਮਾਪੇ ਪੰਜਾਬੀ ਭਾਸ਼ਾ ਵਲੋਂ ਮੂੰਹ ਮੋੜ ਰਹੇ ਹਨ। ਦੂਜੇ ਪਾਸੇ ਅਨੇਕਾਂ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਾਰਜਸ਼ੀਲ ਹਨ। ਉਸ ਦੇ ਬਾਵਜੂਦ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਨ ਲਈ ਉਤਸ਼ਾਹ ਘਟਦਾ ਜਾ ਰਿਹਾ ਹੈ। ਇਸ ਦੇ ਕਿਹੜੇ ਮੂਲ ਕਾਰਨ ਹਨ, ਆਓ ਉਨ੍ਹਾਂ ਬਾਰੇ ਗੱਲ ਕਰੀਏ ਤੇ ਵੇਖੀਏ ਕਿ ਵਿਦਿਆਰਥੀ ਪੰਜਾਬੀ ਭਾਸ਼ਾ ਕਿਉਂ ਨਹੀਂ ਪੜ੍ਹਨਾ ਚਾਹੁੰਦੇ?
ਮੂਲ ਕਾਰਨ : *ਵਿਦਿਆਰਥੀ ਦੇ ਆਲੇ-ਦੁਆਲੇ ਬਹੁ-ਭਾਸ਼ਾਈ ਵਾਤਾਰਵਨ ਦਾ ਹੋਣਾ * ਪੰਜਾਬੀ ਭਾਸ਼ਾ ਘਰੇਲੂ, ਸਮਾਜਿਕ ਤੇ ਰੋਜ਼ਾਨਾ ਦੇ ਵਰਤੋਂ ਵਿਹਾਰ ਤੋਂ ਹਟ ਰਹੀ ਹੈ * ਮਾਪੇ ਆਪਣਿਆਂ ਬੱਚਿਆਂ ਨੂੰ ਜੀਵਨ 'ਚ ਅੱਗੇ ਵਧਣ ਲਈ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਪੜ੍ਹਨ ਵੱਲ ਪ੍ਰੇਰਿਤ ਕਰਦੇ ਹਨ * ਪੰਜਾਬੀ ਭਾਸ਼ਾ ਨੂੰ ਘਰੋਗੀ ਭਾਸ਼ਾ ਵਜੋਂ ਜਾਣਿਆ ਜਾਂਦਾ ਹੈ * ਰੁਚੀਹੀਣ ਪਾਠਕ੍ਰਮ * ਪਾਠਕ੍ਰਮ ਨੂੰ ਨਵੇਂ ਢੰਗ ਨਾਲ ਅਪਡੇਟ ਨਾ ਕਰਨਾ * ਜਮਾਤ ਵਿਚ ਪੜ੍ਹਾਏ ਜਾਣ ਵਾਲੇ ਪਾਠ ਮੂਲ ਜੀਵਨ ਨਾਲ ਨਾ ਜੁੜਨੇ * ਪੰਜਾਬੀ ਪੜ੍ਹਨ ਵਾਲੇ ਬੱਚਿਆਂ ਨੂੰ ਕਈ ਵਾਰੀ ਦੂਜਿਆਂ ਵਲੋਂ ਹਾਸੇ ਜਾਂ ਭੇਦਭਾਵ ਭਰੀ ਨਜ਼ਰ ਨਾਲ ਵੇਖਣਾ * ਨੌਜਵਾਨ ਬੱਚੇ ਪੰਜਾਬੀ ਸੱਭਿਆਚਾਰ (ਜਿਵੇਂ ਲੋਕ-ਸੰਗੀਤ, ਗਿੱਧਾ, ਵਿਰਸਾ ਆਦਿ) ਨਾਲ ਨਹੀਂ ਜੁੜ ਰਹੇ * ਟੀ.ਵੀ., ਸਿਨੇਮਾ, ਮੀਡੀਆ ਵਿਚ ਵੀ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਦਾ ਰਾਜ ਹੋਣਾ ? ਪੰਜਾਬੀ ਭਾਸ਼ਾ ਦਾ ਰੁਜ਼ਗਾਰ ਦੀ ਭਾਸ਼ਾ ਨਾ ਬਣ ਸਕਣਾ ਆਦਿ। ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਵਿਦਿਆਰਥੀ ਪੰਜਾਬੀ ਭਾਸ਼ਾ ਨਾਲ ਸਾਂਝ ਨਹੀਂ ਪਾ ਰਿਹਾ ਅਤੇ ਵਿਦਿਆਰਥੀ ਤੇ ਮਾਪੇ ਪੰਜਾਬੀ ਪੜ੍ਹਨ ਵਲੋਂ ਮੂੰਹ ਮੋੜ ਰਹੇ ਹਨ। ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਤਰੀਕੇ ਹਨ, ਜਿਨ੍ਹਾਂ ਸਦਕਾ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਸੁਝਾਅ
* ਪੰਜਾਬੀ ਭਾਸ਼ਾ ਦੇ ਪਾਠਕ੍ਰਮ ਨੂੰ ਆਧੁਨਿਕ ਬਣਾਉਣਾ * ਨਵੀਆਂ ਕਵਿਤਾਵਾਂ, ਕਹਾਣੀਆਂ, ਨਾਟਕ ਤੇ ਸਮਕਾਲੀ ਵਿਸ਼ਿਆਂ ਨੂੰ ਪਾਠਕ੍ਰਮ 'ਚ ਸ਼ਾਮਿਲ ਕਰਨਾ * ਜਮਾਤ ਵਿਚ ਵੱਧ ਤੋਂ ਵੱਧ ਸਰਗਰਮੀਆਂ ਕਰਾਉਣਾ, ਭਾਵ ਐਕਟਿਵ ਲਰਨਿੰਗ ਜਿਵੇਂ ਰੋਲ ਪਲੇਅ, ਡਰਾਮਾ, ਵੀਡੀਓ ਸਬਕਾਂ ਦੀ ਵਰਤੋਂ ਕਰਨਾ * ਸਕੂਲਾਂ ਤੇ ਕਾਲਜਾਂ ਵਿਚ ਸੱਭਿਆਚਾਰਕ ਸਰਗਰਮੀਆਂ ਵੱਧ ਤੋਂ ਵੱਧ ਕਰਾਉਣਾ * ਪੰਜਾਬੀ ਦਿਵਸ, ਕਵੀ ਦਰਬਾਰ, ਗਿੱਧਾ/ਭੰਗੜਾ ਮੁਕਾਬਲੇ, ਪੰਜਾਬੀ ਬੋਲੀ ਦੇ ਦਿਹਾੜੇ 'ਤੇ ਵਿਸ਼ੇਸ਼ ਪ੍ਰੋਗਰਾਮ ਕਰਨਾ * ਮਾਪੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲਣ, ਪੰਜਾਬੀ ਕਿਤਾਬਾਂ ਪੜ੍ਹਨ ਅਤੇ ਗੁਰਬਾਣੀ/ਸੱਭਿਆਚਾਰ ਨਾਲ ਜੋੜਨ ਲਈ ਉਤਸ਼ਾਹਿਤ ਹੋਣ * ਪੰਜਾਬੀ ਭਾਸ਼ਾ ਪੜ੍ਹਨ ਵਾਲੇ ਬੱਚਿਆਂ ਲਈ ਇਨਾਮ, ਸਰਟੀਫਿਕੇਟ, ਵਿਸ਼ੇਸ਼ ਪਹੁੰਚ ਜਾਂ ਕੋਈ ਸਰਗਰਮੀ ਪਾਸ ਜਾਰੀ ਕਰਨਾ * ਨੌਜਵਾਨਾਂ ਲਈ ਉਸਾਰੂ ਸੋਚ ਨੂੰ ਦਰਸਾਉਂਦੀਆਂ ਪੰਜਾਬੀ ਰੀਲਜ਼, ਯੂਟਿਊਬ ਚੈਨਲ, ਕਹਾਣੀਆਂ, ਪੋਡਕਾਸਟ ਆਦਿ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਆਦਿ। ਜੇਕਰ ਇਨ੍ਹਾਂ ਤਰੀਕਿਆਂ ਨੂੰ ਅਪਣਾਇਆ ਜਾਵੇ ਤਾਂ ਉਮੀਦ ਕਰਦੇ ਹਾਂ ਕਿ ਵਿਦਿਆਰਥੀ ਸਕੂਲਾਂ, ਕਾਲਜਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਲਈ ਅੱਗੇ ਆਉਣਗੇ ਅਤੇ ਆਪਣਾ ਸੁਨਹਿਰੀ ਭਵਿੱਖ ਵੀ ਪੰਜਾਬੀ ਭਾਸ਼ਾ ਦੀ ਸਹਾਇਤਾ ਨਾਲ ਹੀ ਬਣਾਉਣਗੇ।
-ਲੈਕਚਰਾਰ (ਪੰਜਾਬੀ), ਦਿੱਲੀ।
ਮੋਬਾ: 9212632234