ਵਿਪਰਦਾਸ
ਲੇਖਕ : ਸ਼ਰਤ ਚੰਦਰ ਚਟੋਪਾਧਿਆਏ
ਅਨੁਵਾਦਕ : ਜਗਮੇਲ ਸਿੱਧੂ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650, ਸਫ਼ੇ : 264
ਸੰਪਰਕ : 011-23280657

'ਪਾਠ-ਪੁਸਤਕਾਂ 'ਚ ਲਿਖੀਆਂ ਗੱਲਾਂ ਨੂੰ ਪੜ੍ਹਨਾ ਅਤੇ ਜ਼ਿੰਦਗੀ ਦੇ ਤਜਰਬਿਆਂ ਦੀਆਂ ਗੱਲਾਂ ਨੂੰ ਜਾਣਨਾ, ਦੋ ਵੱਖ-ਵੱਖ ਤੱਤ ਹਨ।' ਂਇਹ ਨਾਵਲ ਮੁੱਖ ਪਾਤਰ 'ਵਿਪਰਦਾਸ' ਦੇ ਬੋਲੇ ਗਏ ਬੋਲ ਹਨ ਜਦੋਂ ਨਾਵਲ ਦੀ ਪਾਤਰ ਵੰਦਨਾ ਮੁੱਖ ਪਾਤਰ ਦੀ ਮਾਂ ਦੇ ਵਿਵਹਾਰਕ ਗਿਆਨ ਨੂੰ ਕਿਤਾਬੀ ਗਿਆਨ ਨਾਲ ਮਾਪਣ ਦਾ ਯਤਨ ਕਰਦੀ ਹੈ। ਨਾਵਲ ਦਾ ਰਚੇਤਾ ਸ਼ਰਤ ਚੰਦਰ ਚਟੋਪਾਧਿਆਏ ਬੰਗਾਲੀ ਭਾਸ਼ਾ ਦਾ ਚਰਚਿਤ ਨਾਵਲਕਾਰ ਹੈ। ਉਸ ਨੂੰ ਭਾਰਤੀ ਲੇਖਕਾਂ ਵਿਚ ਸਭ ਤੋਂ ਵੱਧ ਵਿਕਣ ਅਤੇ ਚਰਚਿਤ ਹੋਣ ਦਾ ਮਾਣ ਹਾਸਲ ਹੈ। ਹਥਲਾ ਨਾਵਲ 'ਵਿਪਰਦਾਸ' ਜਿਸ ਨੂੰ ਜਗਮੇਲ ਸਿੱਧੂ ਨੇ ਅਨੁਵਾਦ ਕੀਤਾ ਹੈ ਇਕ ਬੇਹੱਦ ਰੌਚਕ ਨਾਵਲ ਹੈ। 26 ਕਾਂਡਾਂ ਵਿਚ ਵੰਡਿਆ ਹੋਇਆ ਇਹ ਨਾਵਲ ਆਜ਼ਾਦੀ ਤੋਂ ਪਹਿਲਾਂ ਦੇ ਜਾਗੀਰਦਾਰੀ ਪ੍ਰਥਾ ਦੀ ਅਨੋਖੀ ਕਹਾਣੀ ਨੂੰ ਬਿਆਨਦਾ ਹੈ। ਜੋ ਪਹਿਲੀ ਨਜ਼ਰੇ ਤਾਂ ਪੁਰਾਤਨ ਜਾਗੀਰਦਾਰੀ ਢਾਂਚੇ ਦਾ ਹਿੱਸਾ ਹੀ ਲਗਦੀ ਹੈ ਪ੍ਰੰਤੂ ਜਿਵੇਂ-ਜਿਵੇਂ ਨਾਵਲ ਦੀਆਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਬਾਹਰੋਂ ਨਾਰੀਅਲ ਵਾਂਗ ਸਖ਼ਤ ਆਉਂਦਾ ਨਾਵਲ ਦਾ ਮੁੱਖ ਪਾਤਰ 'ਵਿਪਰਦਾਸ' ਸਰਮਾਏਦਾਰ ਯੋਗੇਸ਼ਵਰ ਮੁਖੋਪਾਧਿਆਏ ਦੀ ਸੰਪਤੀ ਦਾ ਮਾਲਕ ਬੇਸ਼ੱਕ ਰਜਵਾੜਾਸ਼ਾਹੀ ਕਦਰਾਂ-ਕੀਮਤਾਂ ਦਾ ਉੱਤਰਾਧਿਕਾਰੀ ਹੈ ਪ੍ਰੰਤੂ ਅੰਦਰੂਨੀ ਤੌਰ 'ਤੇ ਮਾਨਵੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੈ। ਜਿਸ ਨੂੰ ਮਤਰੇਈ ਦਇਆਮਈ ਮਾਂ ਆਪਣੇ ਸਕੇ ਪੁੱਤ ਦਵਿੱਜ ਦਾਸ ਨਾਲੋਂ ਵੱਧ ਪਿਆਰ ਹੀ ਨਹੀਂ ਕਰਦੀ ਸਗੋਂ ਉਸ ਉੱਪਰ ਹੱਦੋਂ ਵੱਧ ਭਰੋਸਾ ਵੀ ਕਰਦੀ ਹੈ। ਵਿਪਰਦਾਸ ਨੂੰ ਸਰਮਾਏਦਾਰੀ ਢਾਂਚੇ 'ਚ ਪੈਦਾ ਹੋਏ ਆਪਣੇ ਮਤਰੇਏ ਭਰਾ ਦਵਿੱਜ ਦਾਸ ਦਾ ਸਮਾਜ ਦੇ ਪਛੜੇ ਵਰਗ ਨਾਲ ਰਲ ਕੇ ਸਰਮਾਏਦਾਰੀ ਵਧੀਕੀਆਂ ਖ਼ਿਲਾਫ਼ ਲੜਨਾ ਭਾਵੇਂ ਚੰਗਾ ਨਹੀਂ ਲਗਦਾ ਪ੍ਰੰਤੂ ਫਿਰ ਉਹ ਦਵਿੱਜ ਦਾਸ ਦੀ ਸਪੱਸ਼ਟਵਾਦੀ ਵਿਚਾਰਧਾਰਾ ਦੀ ਕਦਰ ਕਰਦਾ ਹੈ 'ਤੇ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਤੋਂ ਨਹੀਂ ਰੋਕਦਾ। ਇਸ ਕਰਕੇ ਤਾਂ ਉਹ ਆਪਣੀ ਮਾਂ ਦੇ ਕਹਿਣ ਦੇ ਬਾਵਜੂਦ ਵੀ ਉਸ ਦੇਣ ਵਾਲਾ ਖ਼ਰਚਾ ਬੰਦ ਨਹੀਂ ਕਰਦਾ। ਨਾਵਲ ਅੰਦਰ ਨਾਵਲਕਾਰ ਨੇ ਪਾਤਰ ਉਸਾਰੀ ਦੀਆਂ ਵੱਖ-ਵੱਖ ਜੁਗਤਾਂ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਮਨੋਵਿਗਿਆਨਕ ਜੁਗਤਾਂ ਦੀ ਵਰਤੋਂ ਕਰਦਿਆਂ ਨਾਵਲ ਦੇ ਮੁੱਖ ਪਾਤਰ ਦੁਆਰਾ ਨਾਵਲ ਦੀਆਂ ਔਰਤਾ ਪਾਤਰਾਂ , ਦਇਆਮਈ, ਸੀਤਾ, ਵੰਦਨਾ ਅਤੇ ਮੈਤ੍ਰਈ ਦੀ ਵੱਖ-ਵੱਖ ਮੌਕਿਆਂ 'ਤੇ ਅੰਦਰੂਨੀ ਹਾਲਤ ਨੂੰ ਬਾਖ਼ੂਬੀ ਪੇਸ਼ ਕੀਤਾ। ਨਾਵਲ ਦਾ ਕਥਾਨਕ ਗੁੰਦਵਾਂ ਹੋਣ ਕਾਰਨ ਕੜੀ ਨਾਲ ਕੜੀ ਜੁੜਦੀ ਜਾਂਦੀ ਹੈ 'ਤੇ ਪਾਠਕ ਇਕ ਵੇਗ ਵਿਚ ਨਾਵਲ ਦੀ ਕਹਾਣੀ ਦੇ ਨਾਲ-ਨਾਲ ਤੁਰਦਾ ਮਹਿਸੂਸ ਕਰਦਾ ਹੈ। ਨਾਵਲਕਾਰ ਦੀ ਇਕ ਹੋਰ ਖਾਸੀਅਤ ਹੈ ਕਿ ਨਾਵਲ ਅੰਦਰਲੀ ਹਰ ਕਹਾਣੀ ਚਾਹੇ ਉਹ ਵਿਚ ਰੁਮਾਂਸਵਾਦੀ ਹੋਵੇ, ਪਰਿਵਾਰਿਕ ਰਿਸ਼ਤਿਆਂ ਜਾਂ ਵਿਚਾਰਕ ਮੱਤਭੇਦਾਂ ਦੀ ਗੱਲ ਕਰਦੀ ਹੋਵੇ ਪ੍ਰੰਤੂ ਉਸਦੇ ਅਖ਼ੀਰ ਵਿਚ ਜਿੱਤਦੀਆਂ ਮਾਨਵੀ-ਕਦਰਾਂ ਕੀਮਤਾਂ ਹੀ ਹਨ। ਨਾਵਲ ਅੰਦਰ ਨਾਵਲਕਾਰ ਨੇ ਨਾਵਲ ਦੀ ਪਾਤਰ ਦਵਿੱਜ ਦਾਸ ਅਤੇ ਵੰਦਨਾ ਰਾਹੀਂ ਆਧੁਨਿਕਤਾ ਤੇ ਪ੍ਰਾਚੀਨਤਾ ਦਾ ਅਨੂਠਾ ਮੇਲ ਕਰਵਾਇਆ ਹੈ, ਕਿਉਂਕਿ ਨਾਵਲ ਦੇ ਇਹ ਦੋਵੇਂ ਪਾਤਰ ਪਾਤਰ ਫੋਕਟ ਕਰਮ-ਕਾਂਡਾਂ ਨੂੰ ਨਹੀਂ ਮੰਨਦੇ ਪ੍ਰੰਤੂ ਉਹ ਜਾਗੀਰਦਾਰੂ ਸਮਾਜ ਦੀਆਂ ਰੂੜੀਵਾਦੀ ਕਦਰਾਂ ਕੀਮਤਾਂ ਤੋਂ ਵੀ ਅਣਭਿੱਜ ਨਹੀਂ। ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਰੌਚਕ ਤੇ ਸਰਲ ਹੈ ਕਿ ਨਾਵਲ ਪੜ੍ਹਦਿਆਂ ਪਾਠਕ ਨੂੰ ਨਾਵਲ ਦੇ ਪਾਤਰ ਲੱਗਣ ਦੀ ਬਜਾਏ ਆਪਣੇ ਆਲੇ-ਦੁਆਲੇ ਗੱਲਾਂ-ਬਾਤਾਂ ਦਾ ਵਾਤਾਵਰਨ ਸਿਰਜਣ ਵਾਲੇ ਆਮ ਮਨੁੱਖ ਜਾਪਦੇ ਹਨ। ਬੇਸ਼ੱਕ ਨਾਵਲ ਦੀ ਮੂਲ ਭਾਸ਼ਾ ਬੰਗਾਲੀ ਹੈ ਪ੍ਰੰਤੂ ਜਗਮੇਲ ਸਿੱਧੂ ਨੇ ਇਸ ਦਾ ਅਨੁਵਾਦ ਕਰਦਿਆਂ ਨਾਵਲ ਰੂਹ ਨੂੰ ਨਹੀਂ ਮਰਨ ਦਿੱਤਾ ਸਗੋਂ ਇਕ-ਇਕ ਸਤਰ ਨੂੰ ਐਨੇ ਵਧੀਆ ਢੰਗ ਨਾਲ ਪੇਸ਼ ਕੀਤਾ ਕਿ ਨਾਵਲ ਬੰਗਾਲੀ ਭਾਸ਼ਾ ਦਾ ਨਾ ਹੋ ਕੇ ਪੰਜਾਬੀ ਭਾਸ਼ਾ ਦਾ ਲਗਦਾ ਹੈ। ਵਿਪਰਦਾਸ ਵਰਗੇ ਸ਼ਾਹਕਾਰ ਨਾਵਲਾਂ ਦਾ ਪੰਜਾਬੀ ਭਾਸ਼ਾ 'ਚ ਅਨੁਵਾਦ ਹੋਣ ਨਾਲ ਪੰਜਾਬੀ ਦੇ ਪਾਠਕ ਵਰਗ ਘੇਰਾ ਹੋਰ ਮੋਕਲਾ ਹੋਵੇਗਾ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਨਕਾਬਪੋਸ਼
ਲੇਖਕ : ਵੀਰਇੰਦਰ ਘੰਗਰੋਲੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ :250 ਰੁਪਏ, ਸਫ਼ੇ : 127
ਸੰਪਰਕ : 97799-53153

ਸਮਾਣਾ (ਪਟਿਆਲਾ) ਦੇ ਵਸਨੀਕ ਲੇਖਕ ਵੀਰਇੰਦਰ ਘੰਗਰੋਲੀ ਦਾ ਪਲੇਠਾ ਨਾਵਲ 'ਨਕਾਬਪੋਸ਼' ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਨੂੰ 10 ਅਧਿਆਇਆਂ 'ਚ ਵੰਡਿਆ ਗਿਆ ਹੈ। ਵੀਰਇੰਦਰ ਘੰਗਰੋਲੀ ਦਾ ਨਾਵਲ 'ਨਕਾਬਪੋਸ਼' ਸਮਾਜਿਕ ਬੁਰਾਈਆਂ ਅਤੇ ਜ਼ੁਲਮ ਖਿਲਾਫ ਲੜਨ ਵਾਲੇ ਇੱਕ ਅਣਖੀ ਇਨਸਾਨ ਦੀ ਕਹਾਣੀ ਹੈ। ਨਾਵਲ ਦੇ ਮੁੱਖ ਪਾਤਰ, ਜਿਸ ਦਾ ਨਾਂਅ ਕਿਤਾਬ ਵਿਚ ਸਿੱਧੇ ਤੌਰ 'ਤੇ ਨਹੀਂ ਦੱਸਿਆ ਗਿਆ, ਦਾ ਪ੍ਰਭਾਵ ਇੱਕ ਲਾਲ ਤਿਕੋਣ ਵਾਲੀ ਚਿੱਠੀ ਰਾਹੀਂ ਦਰਸਾਇਆ ਗਿਆ ਹੈ, ਜੋ ਸਮਾਜ ਵਿਚ ਜ਼ੁਲਮ ਕਰਨ ਵਾਲਿਆਂ ਲਈ ਇਕ ਚੇਤਾਵਨੀ ਦਾ ਕੰਮ ਕਰਦੀ ਹੈ। ਨਾਵਲ ਦਾ ਪਹਿਲਾ ਅਧਿਆਏ, 'ਨਾਮ ਹੀ ਕਾਫ਼ੀ ਹੈ', ਬਹੁਤ ਪ੍ਰਭਾਵਸ਼ਾਲੀ ਵਿਸ਼ਾ ਹੈ। ਇਸ ਵਿਚ ਸਰਬੀ ਨਾਮ ਦੀ ਇਕ ਔਰਤ ਦੀ ਕਹਾਣੀ ਹੈ, ਜਿਸ ਨੂੰ ਬੱਸ ਵਿਚ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜਦੋਂ ਉਹ ਆਪਣੇ ਭਰਾ ਸੁੱਚੇ ਦਾ ਨਾਂਅ ਲੈਂਦੀ ਹੈ ਤਾਂ ਹਰ ਕੋਈ ਉਸ ਦਾ ਸਤਿਕਾਰ ਕਰਨ ਲੱਗ ਪੈਂਦਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਇਕ ਮਜ਼ਬੂਤ ਨਾਂਅ ਲੋਕਾਂ ਵਿਚ ਇਨਸਾਫ਼ ਅਤੇ ਡਰ ਪੈਦਾ ਕਰ ਸਕਦਾ ਹੈ। ਨਾਵਲ ਦਾ ਦੂਜਾ ਅਧਿਆਏ ਪਿੰਡ ਵਿਚ ਇਕ ਸ਼ਰਾਬ ਦੇ ਠੇਕੇ ਦੇ ਮੁੜ ਖੁੱਲ੍ਹਣ ਬਾਰੇ ਹੈ। ਠੇਕੇ ਦੇ ਮਾਲਕ ਨੂੰ ਵੀ ਉਸੇ ਲਾਲ ਤਿਕੋਣ ਵਾਲੀ ਚਿੱਠੀ ਮਿਲਦੀ ਹੈ, ਜਿਸ ਤੋਂ ਬਾਅਦ ਉਹ ਠੇਕਾ ਬੰਦ ਕਰ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ 'ਨਕਾਬਪੋਸ਼' ਦਾ ਕਿਰਦਾਰ ਦੂਰ ਰਹਿ ਕੇ ਵੀ ਬੁਰਾਈ ਨੂੰ ਖਤਮ ਕਰਨ ਵਿਚ ਕਾਮਯਾਬ ਰਹਿੰਦਾ ਹੈ। ਨਾਵਲ ਦੇ ਬਾਕੀ ਅਧਿਆਏ ਵੀ ਪੰਜਾਬ 'ਚ ਬੀਤੇ ਕਾਲੇ ਦੌਰ ਦੇ ਸਮੇਂ ਨੂੰ ਬਿਆਨ ਕਰਦੇ ਹਨ। ਇਹ ਨਾਵਲ ਇਸ ਸੰਦੇਸ਼ ਨੂੰ ਪੇਸ਼ ਕਰਦਾ ਹੈ ਕਿ ਵਿਅਕਤੀ ਮਰ ਸਕਦਾ ਹੈ ਪਰ ਉਸਦੇ ਵਿਚਾਰ ਅਤੇ ਸਿਧਾਂਤ ਅਮਰ ਰਹਿੰਦੇ ਹਨ, ਇਹ ਉਨ੍ਹਾਂ ਲਈ ਇੱਕ ਸਬਕ ਹੈ ਜੋ ਵਿਰੋਧ ਦੀ ਭਾਵਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਕੁੱਲ ਮਿਲਾ ਕੇ, ਇਹ ਨਾਵਲ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੇ ਇਕ ਵਿਅਕਤੀ ਦੇ ਅਡੋਲ ਇਰਾਦੇ ਨੂੰ ਦਰਸਾਉਂਦਾ ਹੈ। ਲੇਖਕ ਦੀ ਲਿਖਣ ਸ਼ੈਲੀ ਸਿੱਧੀ ਅਤੇ ਪ੍ਰਭਾਵਸ਼ਾਲੀ ਹੈ। ਇਹ ਪੰਜਾਬੀ ਪਾਠਕਾਂ ਲਈ ਇੱਕ ਦਿਲਚਸਪ ਅਤੇ ਪੜ੍ਹਨ ਵਾਲੀ ਕਿਤਾਬ ਹੈ।
-ਜਸਵਿੰਦਰ ਸਿੰਘ 'ਕਾਈਨੌਰ'
ਮੇਬਾਈਲ : 98888-42244
ਮਹਿਕਾਂ ਹੇਠ ਮਿੱਧਿਆ ਫੁੱਲ
ਲੇਖਕ : ਬਖਸ਼ਿੰਦਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ : 168
ਸੰਪਰਕ : 01679-233244

ਬਖਸ਼ਿੰਦਰ ਦਾ ਉਪਰੋਕਤ ਨਾਵਲ ਉਸ ਦਾ ਪਹਿਲਾ ਨਾਵਲ ਹੈ ਜੋ ਉਸ ਨੇ ਲਿਖਦੇ ਸਮੇਂ ਅੱਧ ਵਿਚਕਾਰ ਛੱਡ ਦਿੱਤਾ ਸੀ ਪਰ ਹੁਣ ਉਸ ਨੇ ਇਹ ਅਧੂਰਾ ਨਾਵਲ ਪੂਰਾ ਕੀਤਾ ਹੈ। ਬਖਸ਼ਿੰਦਰ ਨੇ ਹੋਰ ਅਨੇਕਾ ਲਿਖਤਾਂ ਲਿਖੀਆਂ ਕਈ ਅਖ਼ਬਾਰੀ ਕਾਲਮ ਵੀ ਲਿਖੇ ਜਿਨ੍ਹਾਂ ਦਾ ਜ਼ਿਕਰ ਉਸ ਨੇ ਇਸ ਨਾਵਲ ਦੇ ਸ਼ੁਰੂਆਤੀ ਪੰਨਿਆਂ ਵਿਚ ਦਰਜ ਕੀਤਾ ਹੈ। ਨਾਵਲ ਦਾ ਵਿਸ਼ਾ ਇਕ ਸਧਾਰਨ ਵਿਸ਼ਾ ਹੈ ਪੇਂਡੂ ਵਾਤਾਵਰਨ ਅਤੇ ਪੇਂਡੂ ਮੇਲਜੋਲ ਅਤੇ ਭਾਈਚਾਰੇ ਦਾ ਜ਼ਿਕਰ ਇਸ ਨਾਵਲ ਵਿਚ ਲੇਖਕ ਨੇ ਬਾਖੂਬੀ ਕੀਤਾ ਹੈ। ਲੇਖਕ ਦਾ ਜੇਠਾ ਨਾਵਲ ਹੈ ਇਸ ਗੱਲ ਦੀ ਗਵਾਹੀ ਨਾਵਲ ਵਿਚ ਕਿਤੇ ਕਿਤੇ ਨਾਵਲ ਦੀ ਕਹਾਣੀ ਅਤੇ ਭਾਸ਼ਾ ਤੋਂ ਸਪਸ਼ਟ ਵੀ ਹੂੰਦੀ ਹੈ। ਪਾਤਰ ਸਧਾਰਨ ਤੇ ਆਮ ਜ਼ਿੰਦਗੀ ਵਿਚ ਵਿਚਰਨ ਵਾਲੇ ਹਨ । ਮੁੱਖ ਪਾਤਰ ਰਮਨ ਦੇ ਦੁਆਲੇ ਨਾਵਲ ਦੀ ਕਹਾਣੀ ਉਸਾਰੀ ਗਈ ਹੈ ।ਰਮਨ 'ਰਮੀ ਜੋ ਆਮ ਪੇਂਡੂ ਬੱਚਿਆਂ ਦੀ ਤਰ੍ਹਾਂ ਪਿੰਡ ਦੇ ਸਕੂਲ ਤੋਂ ਬਾਅਦ ਕਾਲਜ ਦੀ ਪੜ੍ਹਾਈ ਤੇ ਫਿਰ ਆਪਣੀ ਗਾਉਣ ਦੀ ਕਲਾ ਦੇ ਦਮ ਤੇ ਕੁਝ ਦੋਸਤਾਂ ਦੀ ਸੰਗਤ ਸਦਕਾ ਉਹ ਕੁਰਾਹੇ ਵੀ ਪਿਆ ਪਰ ਇਹਨਾਂ ਦੋਸਤਾਂ ਸਦਕਾ ਉਹ ਰੇਡੀਉ ਸਿੰਗਰ ਤੇ ਫਿਰ ਵੱਡੀ ਕੰਪਨੀ ਵਿਚ ਪਾਟਨਰ ਵੀ ਬਣ ਗਿਆ। ਰਮਨ ਨੇ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਉਂਦੇ ਆਪਣੀ ਜ਼ਿੰਦਗੀ ਵਿਚ ਅਹਿਮ ਰਿਸ਼ਤੇ ਉਸ ਦੇ ਦਾਦਾ ਦਾਦੀ ਨੂੰ ਕਿਤੇ ਵਿਸਰ ਗਿਆ ਅਤੇ ਅਖੀਰ ਵਿਚ ਉਹ ਸਭ ਕੁਝ ਛੱਡ ਕੇ ਸਿਰਫ ਆਪਣੇ ਦਾਦਾ ਦਾਦੀ ਨੂੰ ਚੇਤੇ ਕਰਦਾ ਬੇਦੁੱਧ ਹੋ ਜਾਂਦਾ ਹੈ। ਨਾਵਲ ਦਰਸਾਉਂਦਾ ਹੈ ਕਿ ਚੜ੍ਹਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ ਤੇ ਡੁੱਬਦੇ ਨੂੰ ਕੋਈ ਨਹੀਂ ਪੱਛਦਾ। ਨਾਵਲ ਦੀ ਭਾਸ਼ਾ ਸਰਲ ਹੈ ਪਰ ਕਿਤੇ ਕਿਤੇ ਪਰਿਪੱਕਤਾ ਦੀ ਘਾਟ ਵੀ ਦਿਸਦੀ ਹੈ। ਕਿਤੇ ਕਿਤੇ ਕਹਾਣੀ ਆਪਣੇ ਰਾਹ ਤੋਂ ਉੱਤਰੀ ਵੀ ਲਗਦੀ ਹੈ। ਕਈ ਥਾਵਾਂ ਤੇ ਕਹਾਣੀ ਦੀ ਗੋਂਦ ਵੀ ਸਹੀ ਨਹੀਂ ਲਗਦੀ ਪਰ ਕੁੱਲ ਮਿਲਾ ਕੇ ਬਖਸ਼ਿੰਦਰ ਦਾ ਨਾਵਲ ਰੌਚਕ ਹੈ ਉਤਸੁਕਤਾ ਬਣੀ ਰਹਿੰਦੀ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਸੁਪਨੇ ਦਾ ਗਵਾਹ ਨਹੀਂ ਹੁੰਦਾ
ਲੇਖਕ : ਸੰਦੀਪ ਸਮਰਾਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 70091-09007

ਕਹਾਣੀ ਖੇਤਰ ਵਿਚ ਸੰਦੀਪ ਸਮਰਾਲਾ ਨਵਾਂ ਨਾਂਅ ਹੈ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਹ ਸੰਗ੍ਰਹਿ ਵਿਚ ਅੱਠ ਲੰਮੀਆਂ ਕਹਾਣੀਆਂ ਹਨ। ਕਹਾਣੀਆਂ ਵਿਚ ਪ੍ਰਮੁਖ ਵਿਸ਼ੇ ਬੇਰੁਜ਼ਗਾਰੀ, ਨਿੱਜੀ ਅਦਾਰਿਆਂ ਵਿਚ ਹੁੰਦਾ ਆਰਥਿਕ ਸ਼ੋਸ਼ਣ , ਨੌਕਰੀਆਂ ਦੀ ਝਾਕ ਵਿਚ ਹੁੰਦੀ ਖੱਜਲਖੁਆਰੀ, ਨੌਜਵਾਨ ਵਰਗ ਵਿਚ ਵਿਆਹ ਦੇ ਨਾਂਅ ਤੇ ਕੁੜੀਆਂ ਨਾਲ ਵਕਤੀ ਸਾਂਝੇਦਾਰੀ। ਕਾਮਿਆਂ ਨਾਲ ਉੱਚ ਵਰਗ ਦੇ ਲੋਕਾਂ ਵਲੋਂ ਕੀਤਾ ਜਾ ਰਿਹਾ ਸ਼ੋਸ਼ਣ ਤੇ ਵਧੀਕੀਆਂ, ਬਜ਼ੁਰਗ ਮਾਪਿਆਂ ਨਾਲ ਹੁੰਦਾ ਦੁਰਵਿਵਹਾਰ, ਤੇ ਹੋਰ ਵੰਨ ਸੁਵੰਨੇ ਸਮਾਜਿਕ ਵਿਸ਼ੇ ਹਨ। ਕਹਾਣੀਕਾਰ ਨੇ ਘਟਨਾਵਾਂ ਨੂੰ ਕਥਾ ਰਸ ਨਾਲ ਸ਼ਿੰਗਾਰਿਆ ਹੈ। ਪਾਤਰਾਂ ਦੇ ਢੁੱਕਵੇਂ ਸੰਵਾਦ ਹਨ। ਕਹਾਣੀ ਸਮਾਰਟ ਵਰਕ ਵਿਚ ਬੇਰੁਜ਼ਗਾਰ ਨੌਜਵਾਨ ਮਾਰਕੀਟਿੰਗ ਵਿਚੋਂ ਆਪਣਾ ਭਵਿਖ ਤਲਾਸ਼ਦੇ ਹਨ। ਪਰ ਨਿੱਜੀ ਕੰਪਨੀਆਂ ਵਲੋਂ ਆਪਣੇ ਕਾਮਿਆਂ ਤੋਂ ਟਾਰਗੈਟ (ਕੰਮ ਦੀ ਨਿਸਚਿਤ ਸੀਮਾ) ਪੂਰਾ ਕਰਨ ਦੀ ਸ਼ਰਤ ਮੁਸ਼ਕਲ ਘਾਟੀ ਵਿਚੋਂ ਲੰਘਣ ਵਰਗੀ ਹੋ ਜਾਂਦੀ ਹੈ। ਇਹੋ ਜਿਹੀ ਨੌਕਰੀ ਲੈ ਕੇ ਵੀ ਨੌਜਵਾਨ ਅਸੰਤੁਸ਼ਟ ਰਹਿੰਦੇ ਹਨ। ਕੰਮ ਵੱਧ ਉਜਰਤ ਘਟ ਹੋਣ ਨਾਲ ਉਹ ਵਿਆਹ ਦਾ ਵੀ ਸੁਪਨਾ ਵੀ ਨਹੀਂ ਲੈ ਸਕਦੇ। ਇਸ ਵਿਰਾਟ ਸਮੱਸਿਆ ਨੂੰ ਲੇਖਕ ਬਹੁਤ ਸਲੀਕੇ ਨਾਲ ਕਹਾਣੀ ਵਿਚ ਪੇਸ਼ ਕਰਦਾ ਹੈ। ਕਹਾਣੀਆਂ ਸੰਸਕ੍ਰਿਤੀ ਦੀ ਠਕ-ਠਕ ਤੇ ਨੁਕਸ ਵਿਚ ਇਕ ਪਾਤਰ ਨੁਕਲ ਹੈ। ਆਪਹੁਦਰਾ ਤੇ ਲਾਪਰਵਾਹ ਕਿਸਮ ਦਾ ਪਾਤਰ ਹੈ ਪਹਿਲੀ ਕਹਾਣੀ ਵਿਚ ਆਪਣੇ ਕੰਮ ਵਾਲੀ ਥਾਂ ਤੋਂ ਸਹਿਯੋਗੀ ਬੰਗਾਲਣ ਕੁੜੀ ਨੂੰ ਘਰ ਲੈ ਆਉਂਦਾ ਹੈ। ਘਰ ਲਿਆ ਕੇ ਗੈਰ ਸਮਾਜਿਕ ਪਹਿਰਾਵੇ ਵਿਚ ਰਹਿ ਕੇ ਮਾਪਿਆਂ (ਕਾਂਤਾ ਤੇ ਕ੍ਰਿਸ਼ਨ) ਨੂੰ ਪ੍ਰੇਸ਼ਾਂਨ ਕਰਦਾ ਹੈ। ਦੋਨੋ ਜਣੇ ਹਰ ਵੇਲੇ ਲੈਪਟਾਪ ਤੇ ਕਈ ਕੁਝ ਵੇਖੀ ਜਾਂਦੇ ਹਨ। ਦੋਨੋ ਕਹਾਣੀਆਂ ਵਿਚ ਪਰਿਵਾਰਕ ਤਣਾਓ ਹੈ। ਕਹਾਣੀ 'ਇਤਨੀ ਸੀ ਬਾਤ' ਦਾ ਪਾਤਰ ਚੇਤਨ ਬਚਪਨ ਤੋਂ ਚਾਚੇ ਤੋਂ ਗਾਲ੍ਹਾਂ ਬੋਲਣ ਲਗਾ। ਵੱਡਾ ਹੋ ਕੇ ਮਾਨਸਿਕ ਰੋਗੀ ਬਣ ਗਿਆ। ਇਲਾਜ ਕਰਦੇ ਡਾਕਟਰ ਨਾਲ ਗੱਲਾਂ ਕਰਦੇ ਉਸ ਦੀ ਕੇਸ ਹਿਸਟਰੀ ਕਹਾਣੀ ਵਿਚ ਹੈ। ਇਕ ਗੱਲ ਇਸ ਪਾਤਰ ਦੀ ਵਿਸ਼ੇਸ਼ ਹੈ ਕਿ ਆਪਣੀ ਗੱਲ ਬਾਤ ਮਾਂ ਬੋਲੀ ਪੰਜਾਬੀ ਵਿਚ ਕਰਨ ਨੂੰ ਤਰਜੀਹ ਦਿੰਦਾ ਹੈ। ਗ਼ੈਰ-ਭਾਸ਼ਾਂ ਨੂੰ ਉਹ ਬੋਝ ਸਮਝਦਾ ਹੈ। ਸਰਕਸ ਕਹਾਣੀ ਦੇ ਦੋ ਗਰੀਬ ਮਜ਼ਦੂਰ ਪਾਤਰ ਫੈਕਟਰੀ ਮਾਲਕ ਦੀਆ ਵਧੀਕੀਆਂ ਦਾ ਸ਼ਿਕਾਰ ਹਨ। ਘੜੇ ਜਿਡਾ ਮੋਤੀ ਤੇ ਪੁਸਤਕ ਸਿਰਲੇਖ ਵਾਲੀ ਰਚਨਾ ਦਿਲਚਸਪ ਕਹਾਣੀਆਂ ਹੈ । ਲੇਖਕ ਆਪਣੀ ਅਗਲੀ ਕਿਤਾਬ ਵਿਚ ਕਹਾਣੀਆਂ ਵਿਚ ਦੁਰਰਾਓ ਤੋਂ ਗੁਰੇਜ਼ ਕਰੇ। ਭਰਪੂਰ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160