08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀਵਾਲੀ 'ਤੇ ਵਿਸ਼ੇਸ਼ ਬਾਲ ਕਹਾਣੀ ਨਿੱਕੇ ਹੱਥ, ਵੱਡਾ ਕੰਮ

ਅਜੀਤ ਡੈਸਕ 18-10-2025

'ਪਾਪਾ, ਪਿਛਲੇ ਮਹੀਨੇ ਜਦੋਂ ਹੜ੍ਹ ਆਏ ਸਨ ਤਾਂ ਸਾਰੇ ਕਿੰਨੇ ਡਰੇ ਪਏ ਸਨ। ਮੈਂ ਵੀ ਕਾਫੀ ਡਰ ਗਿਆ ਸੀ...।' ਦੀਪੀ ਨੇ ਕੋਈ ਕਿਤਾਬ ਪੜ੍ਹ ਰਹੇ ਆਪਣੇ ਪਾਪਾ ਨੂੰ ਕਿਹਾ ਤਾਂ ਉਹ ਕਿਤਾਬ ਸੀਨੇ 'ਤੇ ਰੱਖਦੇ ਹੋਏ ਬੋਲੇ,' ਹਾਂ ਬੇਟਾ, ਪੰਜਾਬ ਵਿਚ ਆਏ ਹੜ੍ਹਾਂ ਨੇ ਕਈ ਥਾਂ ਬਹੁਤ ਬਰਬਾਦੀ ਕੀਤੀ...ਕਈ ਇਨਸਾਨਾਂ ਤੇ ਜਾਨਵਰਾਂ ਦੀਆਂ ਜਾਨਾਂ ਲੈ ਲਈਆਂ ਪਰ ਕੁਦਰਤ ਅੱਗੇ ਕੀਹਦਾ ਜ਼ੋਰ ਚੱਲਦੈ...?'
'ਪਾਪਾ, ਮੈਂ ਯੂ-ਟਿਊਬ 'ਤੇ ਇਕ ਵੀਡੀਓ ਵੇਖੀ...ਜਿਸ ਵਿਚ ਇਕ ਲੜਕਾ ਰੁੱਖ ਦੇ ਨਾਲ ਚਿੰਬੜਿਆ ਖੜ੍ਹਾ ਸੀ ਤੇ ਹੜ੍ਹ ਦਾ ਪਾਣੀ ਉਸ ਨੂੰ ਤੇਜ਼ੀ ਨਾਲ ਵਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਰੁੱਖ ਨੂੰ ਛੱਡਿਆ ਨਹੀਂ ਤੇ ਏਨੇ ਵਿਚ ਹੀ ਕੁਝ ਲੋਕ ਉਸ ਤੱਕ ਪੁੱਜ ਗਏ ਤੇ ਉਸ ਨੂੰ ਪਾਣੀ ਤੋਂ ਬਾਹਰ ਲੈ ਆਏ...। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਸ ਰੁੱਖ ਨੇ ਹੀ ਉਸ ਨੂੰ ਫੜ੍ਹ ਰੱਖਿਆ ਸੀ ਤੇ ਉਸ ਦੀ ਜਾਨ ਬਚਾ ਲਈ ਸੀ।' ਦੀਪੀ ਨੇ ਆਪਣੇ ਪਾਪਾ ਦੀ ਕਿਤਾਬ ਪਰ੍ਹਾਂ ਕਰਦੇ ਹੋਏ ਆਪਣਾ ਸਿਰ ਉਨ੍ਹਾਂ ਦੇ ਸੀਨੇ 'ਤੇ ਰੱਖਦਿਆਂ ਕਿਹਾ।
ਦੀਪੀ ਦੇ ਪਾਪਾ ਨੇ ਪਿਆਰ ਨਾਲ ਉਸ ਦਾ ਮੱਥਾ ਚੁੰਮਦੇ ਹੋਏ ਕਿਹਾ,'ਬੇਟਾ, ਹੜ੍ਹਾਂ ਵਿਚ ਮਨੁੱਖ ਨੂੰ ਬਚਾਉਣ ਵਿਚ ਰੁੱਖ ਵੀ ਕਾਫੀ ਹੱਕ ਤੱਦ ਮਦਦਗਾਰ ਸਾਬਤ ਹੁੰਦੇ ਨੇ। ਤਦੇ ਤਾਂ ਕਹਿੰਦੇ ਨੇ ਇਕ ਰੁੱਖ ਦੇ ਸੌ ਸੌ ਸੁੱਖ।'
ਇੰਨੇ ਵਿਚ ਦੀਪੀ ਦੇ ਮੰਮੀ ਚਾਹ ਲੈ ਕੇ ਕਮਰੇ ਵਿਚ ਆ ਗਏ ਤੇ ਕਹਿਣ ਲੱਗੇ,'ਕੱਲ੍ਹ ਦੀਵਾਲੀ ਦਾ ਤਿਉਹਾਰ ਐ, ਤੁਸੀਂ ਬਾਪ-ਬੇਟਾ ਚਾਹ ਪੀ ਕੇ ਘਰ ਦੀ ਸਾਫ਼-ਸਫ਼ਾਈ ਵਿਚ ਮੇਰੇ ਨਾਲ ਹੱਥ ਵਟਾਓ।'
ਅਗਲੇ ਦਿਨ ਦੀਵਾਲੀ ਦਾ ਤਿਉਹਾਰ ਸੀ। ਦੀਪੀ ਦੇ ਦੋਸਤ ਦਿਨ ਵਿਚ ਹੀ ਪਟਾਕੇ ਚਲਾਉਣ ਵਿਚ ਮਸਤ ਸਨ। ਉਨ੍ਹਾਂ ਨੇ ਦੀਪੀ ਨੂੰ ਵੀ ਆਵਾਜ਼ ਮਾਰੀ ਕਿ ਉਹ ਉਨ੍ਹਾਂ ਵਿਚ ਸ਼ਾਮਿਲ ਹੋ ਕੇ ਪਟਾਕੇ ਚਲਾਉਣ ਦਾ ਆਨੰਦ ਮਾਣੇ ਪਰ ਦੀਪੀ ਨੇ ਮਨ੍ਹਾ ਕਰ ਦਿੱਤਾ। ਇਸ ਵਾਰ ਉਸ ਦਾ ਮਨ ਪਟਾਕੇ ਚਲਾਉਣ ਦਾ ਨਹੀਂ ਸੀ।
ਦੀਪੀ ਦੇ ਪਾਪਾ ਦੀਵਾਲੀ ਦੇ ਤਿਉਹਾਰ ਦਾ ਸਮਾਨ ਲੈ ਕੇ ਬਾਜ਼ਾਰੋਂ ਘਰ ਮੁੜੇ ਤਾਂ ਉਨ੍ਹਾਂ ਨੇ ਦੇਖਿਆ ਕਿ ਦੀਪੀ ਘਰ ਦੇ ਮੇਨ ਗੇਟ ਦੇ ਕੋਲ ਇਕ ਪੌਦਾ ਲਗਾ ਰਿਹਾ ਸੀ।
'ਦੀਪੀ, ਆਹ ਪੌਦਾ ਕਿੱਥੋਂ ਲੈ ਆਇਆ...?' ਉਨ੍ਹਾਂ ਨੇ ਹੈਰਾਨੀ ਨਾਲ ਦੀਪੀ ਨੂੰ ਪੁੱਛਿਆ।
'ਪਾਪਾ, ਮੇਰੇ ਕੋਲ ਕੁਝ ਇਕੱਠੇ ਕੀਤੇ ਪੈਸੇ ਸਨ। ਤੁਹਾਡੇ ਬਾਜ਼ਾਰ ਜਾਣ ਮਗਰੋਂ ਇਕ ਪੌਦੇ ਵੇਚਣ ਵਾਲਾ ਭਾਈ ਏਧਰੋਂ ਲੰਘ ਰਿਹਾ ਸੀ ਤਾਂ ਮੈਂ ਉਸ ਕੋਲੋਂ ਇਹ ਪੌਦਾ ਖਰੀਦ ਲਿਆ। ਅੱਜ ਦੀਵਾਲੀ ਦਾ ਤਿਉਹਾਰ ਐ...ਮੈਂ ਗਰੀਨ ਦੀਵਾਲੀ ਮਨਾਵਾਂਗਾ...। ਇਸ ਲਈ ਇਹ ਪੌਦਾ ਲਗਾ ਰਿਹਾ ਹਾਂ। ਜਦੋਂ ਇਹ ਵੱਡਾ ਹੋ ਜਾਵੇਗਾ ਤਾਂ ਰੁੱਖ ਬਣ ਕੇ ਕਿੰਨੇ ਸੁੱਖ ਦੇਵੇਗਾ। ਜੇ ਕਦੇ ਫੇਰ ਹੜ੍ਹ ਆਏ ਤਾਂ ਇਹ ਰੁੱਖ ਕਿਸੇ ਨਾ ਕਿਸੇ ਦੀ ਜਾਨ ਬਚਾ ਲਵੇਗਾ। ਇਕ ਰੁੱਖ ਦੇ ਸੌ-ਸੌ ਸੁੱਖ...।' ਦੀਪੀ ਨੇ ਭੋਲੇਪਣ ਨਾਲ ਕਿਹਾ ਤਾਂ ਉਸ ਦੇ ਪਾਪਾ ਵੀ ਮੁਸਕਰਾ ਪਏ ਤੇ ਫਿਰ ਦੀਪੀ ਦੇ ਇਸ ਉੱਤਮ ਕਾਰਜ ਵਿਚ ਹੱਥ ਵਟਾਉਣ ਲੱਗੇ ਤੇ ਬੋਲੇ,'ਵਾਹ ਬੇਟਾ, ਮੈਨੂੰ ਇਹ ਚੰਗਾ ਲੱਗਿਆ ਕਿ ਤੂੰ ਚੰਗੀ ਸਿੱਖਿਆ ਬਹੁਤ ਜਲਦੀ ਅਪਣਾਈ ਤੇ ਅੱਜ ਦੇ ਤਿਉਹਾਰ ਨੂੰ ਸਾਦਗੀ ਨਾਲ ਮਨਾਉਣ ਦੀ ਪਿਰਤ ਪਾਈ ਹੈ। ਮਤਲਬ ਸਹੀ ਮਾਅਨਿਆਂ ਵਿਚ ਤਿਉਹਾਰ ਮਨਾਇਆ ਹੈ।'
ਇਹ ਸੁਣ ਕੇ ਦੀਪੀ ਵੀ ਮੁਸਕਰਾ ਪਿਆ ਤੇ ਪੌਦੇ ਨੂੰ ਪਾਣੀ ਦੇਣ ਲੱਗ ਪਿਆ। ਫਿਰ ਦੀਪੀ ਨੇ ਆਪਣੀ ਗੁੱਲਕ ਵਿਚੋਂ ਸਾਰੇ ਪੈਸੇ ਕੱਢ ਕੇ ਆਪਣੇ ਪਾਪਾ ਨੂੰ ਦਿੰਦੇ ਹੋਏ ਕਿਹਾ, 'ਪਾਪਾ, ਮੈਂ ਹਰ ਦੀਵਾਲੀ 'ਤੇ ਆਪਣੇ ਇਕੱਠੇ ਕੀਤੇ ਪੈਸੇ ਪਟਾਕਿਆਂ 'ਤੇ ਬਰਬਾਦ ਕਰ ਦਿੰਦਾ ਹਾਂ, ਪਰ ਇਸ ਵਾਰ ਇਹ ਪੈਸੇ ਮੈਂ ਬਰਬਾਦ ਨਹੀਂ ਕਰਾਂਗਾ ਤੇ ਚੰਗੇ ਕੰਮ ਵਿਚ ਲਗਾਵਾਂਗਾ...ਇਹ ਪੈਸੇ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜ ਦਿਓ।'
ਦੀਪੀ ਦੇ ਪਾਪਾ ਨੇ ਦੇਖਿਆ ਕਿ ਦੀਪੀ ਵੱਲੋਂ ਫੜ੍ਹਾਏ ਪੈਸੇ ਭਾਵੇਂ ਬਹੁਤ ਜ਼ਿਆਦਾ ਨਹੀਂ ਸਨ ਪਰ ਦੂਜਿਆਂ ਦੀ ਮਦਦ ਲਈ ਉਸ ਦੀ ਭਾਵਨਾ ਬਹੁਤ ਵੱਡੀ ਸੀ। ਉਨ੍ਹਾਂ ਨੇ ਦੀਪੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਚੁੰਮਦੇ ਹੋਏ ਕਿਹਾ, 'ਵਾਹ ਬੇਟਾ, ਮੈਨੂੰ ਨਹੀਂ ਸੀ ਪਤਾ ਕਿ ਇਹ ਨਿੱਕੇ ਹੱਥ ਵੱਡਾ ਕੰਮ ਵੀ ਕਰ ਸਕਦੇ ਹਨ। ਮੈਨੂੰ ਤੇਰੇ 'ਤੇ ਮਾਣ ਹੈ ਕਿ ਤੂੰ ਦੂਜਿਆਂ ਪ੍ਰਤੀ ਕਿੰਨਾ ਦਿਆਲੂ ਹੈਂ।'

-ਯੂਸਿਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-25960
E mail: harinder 02101974@ gmail.com

ਪਿਛਲੀ ਖ਼ਬਰ ਪਟਾਕੇ ਨਹੀਂ ਚਲਾਉਣੇ ਅਗਲੀ ਖ਼ਬਰ 18-10-25

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।