01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹਸੀਨ ਤੇ ਜ਼ਹੀਨ ਸ਼ਖ਼ਸੀਅਤ ਸੀ ਅਦਾਕਾਰਾ ਪ੍ਰਿਆ ਰਾਜਵੰਸ਼

ਅਜੀਤ ਡੈਸਕ 18-06-2025

ਪ੍ਰਿਆ ਰਾਜਵੰਸ਼ ਬਾਲੀਵੁੱਡ ਦੀ ਉਹ ਖ਼ੂਬਸੂਰਤ ਅਤੇ ਹਰਦਿਲ ਅਜ਼ੀਜ਼ ਅਦਾਕਾਰਾ ਸੀ, ਜਿਸ ਨੇ ਬੇਸ਼ੱਕ ਗਿਣਤੀ ਪੱਖੋਂ ਘੱਟ ਫ਼ਿਲਮਾਂ ਵਿਚ ਕੰਮ ਕੀਤਾ ਸੀ ਪਰ ਮਕਬੂਲੀਅਤ ਪੱਖੋਂ ਉਸਨੇ ਕਰੋੜਾਂ ਦਰਸ਼ਕਾਂ ਦੇ ਦਿਲਾਂ 'ਚ ਥਾਂ ਬਣਾ ਲਈ ਸੀ। ਉਸ ਦੀ ਅਦਾਕਾਰੀ ਨਾਲ ਸਜੀਆਂ 'ਹਕੀਕਤ', 'ਹੀਰ ਰਾਂਝਾ' ਅਤੇ 'ਕੁਦਰਤ' ਆਦਿ ਜਿਹੀਆਂ ਫ਼ਿਲਮਾਂ ਨੂੰ ਲੋਕ ਅੱਜ ਵੀ ਆਪਣੇ ਚੇਤਿਆਂ ਵਿਚ ਬੜੀ ਨਫ਼ਾਸਤ ਨਾਲ ਸਾਂਭੀ ਬੈਠੇ ਹਨ। ਪ੍ਰਿਆ ਨੇ ਬਿਨਾਂ ਸ਼ਾਦੀ ਕਰਵਾਇਆਂ ਮਸ਼ਹੂਰ ਫ਼ਿਲਮ ਨਿਰਦੇਸ਼ਕ ਚੇਤਨ ਅਨੰਦ ਨਾਲ ਆਪਣੀ ਜ਼ਿੰਦਗੀ ਦੇ ਬਹੁਤੇ ਸਾਲ ਗੁਜ਼ਾਰੇ ਸਨ, ਪਰ ਤ੍ਰਾਸਦੀ ਇਹ ਰਹੀ ਸੀ ਕਿ ਚੇਤਨ ਅਨੰਦ ਦੇ ਦਿਹਾਂਤ ਤੋਂ ਬਾਅਦ ਉਸਦਾ ਚੇਤਨ ਅਨੰਦ ਦੇ ਬੇਟਿਆਂ ਨਾਲ ਜਾਇਦਾਦ ਨੂੰ ਲੈ ਕੇ ਕਲੇਸ਼ ਇਸ ਕਦਰ ਵਧ ਗਿਆ ਕਿ ਇਕ ਦਿਨ ਚੇਤਨ ਦੇ ਬੰਗਲੇ 'ਚ ਪ੍ਰਿਆ ਦਾ ਕਤਲ ਕੀਤਾ ਜਿਸਮ ਬਰਾਮਦ ਹੋਇਆ ਸੀ ਤੇ ਕਤਲ ਦਾ ਇਲਜ਼ਾਮ ਚੇਤਨ ਅਨੰਦ ਦੇ ਦੋ ਬੇਟਿਆਂ ਦੇ ਸਿਰ ਆਇਆ ਸੀ। ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀ ਅਤੇ ਸ਼ਿਮਲਾ ਵਾਸੀ ਸੁੰਦਰ ਸਿੰਘ ਦੀ ਲਾਡਲੀ ਧੀ ਵੀਰਾ ਉਰਫ਼ ਪ੍ਰਿਆ ਰਾਜਵੰਸ਼ ਦਾ ਜਨਮ 30 ਦਸਬੰਰ, ਸੰਨ 1936 ਨੂੰ ਸ਼ਿਮਲਾ ਵਿਖੇ ਹੋਇਆ ਸੀ ਤੇ ਸ਼ਿਮਲਾ ਦੇ ਭਾਰਗਵ ਮਿਊਂਸੀਪਲ ਕਾਲਜ ਵਿਖੇ ਪੜ੍ਹਦਿਆਂ ਪ੍ਰਿਆ ਨੂੰ ਅਦਾਕਾਰੀ ਦਾ ਸ਼ੌਕ ਜਾਗ ਪਿਆ ਸੀ ਤੇ ਉਸਨੇ ਕਾਲਜ ਦੇ ਮੰਚ ਉੱਤੇ ਕੁਝ ਨਾਟਕਾਂ ਵਿਚ ਆਪਣੀ ਅਦਾਕਾਰੀ ਨੂੰ ਅਜ਼ਮਾਇਆ। ਪਿਤਾ ਸੁੰਦਰ ਸਿੰਘ ਨਾਲ ਉਸਨੂੰ ਲੰਦਨ ਜਾਣ ਦਾ ਮੌਕਾ ਮਿਲਿਆ ਤੇ ਉਸਨੇ ਇਸ ਸ਼ਾਨਦਾਰ ਮੌਕੇ ਦਾ ਲਾਭ ਉਠਾਉਂਦਿਆਂ ਉੱਥੇ 'ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟ' ਵਿਚ ਦਾਖ਼ਲਾ ਲੈ ਲਿਆ ਤੇ ਅਦਾਕਾਰੀ ਦੇ ਗੁਰ ਸਿੱਖੇ। ਉਸਦੀ ਅੰਗਰੇਜ਼ੀ ਅਤੇ ਅੰਗਰੇਜ਼ੀ ਬੋਲਣ ਦਾ ਲਹਿਜ਼ਾ ਕਮਾਲ ਦਾ ਸੀ ਤੇ ਅਕੈਡਮੀ ਦੇ ਨਾਟਕਾਂ ਵਿਚ ਉਸਦੀ ਅਦਾਕਾਰੀ ਉਸ ਤੋਂ ਵੀ ਕਮਾਲ ਦੀ ਹੋ ਨਿੱਬੜੀ ਸੀ। ਇਸ ਖ਼ੂਬਸੂਰਤ ਫ਼ੁੱਲਾਂ ਜਿਹੀ ਮੁਟਿਆਰ ਪ੍ਰਿਆ ਰਾਜਵੰਸ਼ ਦੀ ਲੰਦਨ ਦੇ ਕਿਸੇ ਫ਼ੋਟੋਗ੍ਰਾਫ਼ਰ ਵਲੋਂ ਖਿੱਚੀ ਗਈ ਇਕ ਦਿਲਕਸ਼ ਤਸਵੀਰ ਕਿਸੇ ਤਰ੍ਹਾਂ ਬਾਲੀਵੁੱਡ ਦੇ ਵਿਹੜੇ ਆਣ ਪੁੱਜੀ ਤੇ ਬਾਲੀਵੁੱਡ ਦੇ ਉੱਘੇ ਫ਼ਿਲਮਕਾਰ ਚੇਤਨ ਅਨੰਦ ਜੋ ਕਿ ਆਪਣੀ ਫ਼ਿਲਮ 'ਹਕੀਕਤ' ਦੀ ਤਿਆਰੀ ਕਰ ਰਹੇ ਸਨ, ਨੇ ਪ੍ਰਿਆ ਨੂੰ ਤੁਰੰਤ ਹੀ ਆਪਣੀ ਫ਼ਿਲਮ ਵਾਸਤੇ ਸਾਈਨ ਕਰ ਲਿਆ ਸੀ ਤੇ ਇਸ ਫ਼ਿਲਮ ਵਿਚ ਬੜੇ ਹੀ ਵਧੀਆ ਢੰਗ ਨਾਲ ਪ੍ਰਿਆ ਨੂੰ ਦਰਸ਼ਕਾਂ ਦੇ ਰੂ-ਬਰੂ ਪੇਸ਼ ਕੀਤਾ ਸੀ। ਪ੍ਰਿਆ ਦੀ ਅਦਾਕਾਰੀ ਦੀ ਹਰ ਪਾਸੇ ਸਲਾਹੁਤਾ ਹੋਈ ਤੇ ਇਸ ਉਪਰੰਤ ਚੇਤਨ ਨੇ ਪ੍ਰਿਆ ਅਤੇ ਰਾਜ ਕੁਮਾਰ ਨੂੰ ਲੈ ਕੇ ਕਾਵਿਮਈ ਸੰਵਾਦਾਂ ਨਾਲ ਲਬਰੇਜ਼ ਪ੍ਰੇਮ ਕਹਾਣੀ 'ਤੇ ਆਧਾਰਿਤ ਫ਼ਿਲਮ 'ਹੀਰ ਰਾਂਝਾ' ਬਣਾ ਦਿੱਤੀ ਜੋ ਕਿ ਹਿੱਟ ਰਹੀ ਤੇ ਅੱਜ ਵੀ ਜ਼ਬਰਦਸਤ ਅਦਾਕਾਰੀ ਅਤੇ ਮਨਮੋਹਕ ਸੰਵਾਦਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਪ੍ਰਿਆ ਨੇ 'ਹੰਸਤੇ ਜ਼ਖ਼ਮ', 'ਹਿੰਦੋਸਤਾਨ ਕੀ ਕਸਮ', 'ਸਾਹਬ ਬਹਾਦਰ' ਅਤੇ 'ਕੁਦਰਤ' ਆਦਿ ਫ਼ਿਲਮਾਂ ਵਿਚ ਆਪਣੀ ਬਾਕਮਾਲ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਤੇ ਸੰਨ 1985 ਵਿਚ ਆਈ ਫ਼ਿਲਮ 'ਹਾਥੋਂ ਕੀ ਲਕੀਰੇਂ' ਉਸਦੀ ਅੰਤਿਮ ਫ਼ਿਲਮ ਸੀ। ਪ੍ਰਿਆ ਨੇ ਇਕ ਟੀ.ਵੀ. ਲੜੀਵਾਰ 'ਪਰਮਵੀਰ ਚੱਕਰ' ਵਿਚ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-410, ਚੰਦਰ ਨਗਰ, ਬਟਾਲਾ।

ਪਿਛਲੀ ਖ਼ਬਰ ਸੋਚਵਾਨ ਲੋਕਾਂ ਦਾ ਫਰਜ਼ ਬਣਦਾ ਹੈ ਕਿ ਜ਼ੁਲਮ ਕਰਨ ਵਾਲੇ ਲੋਕਾਂ ਦੀ ਧਿਰ ਕਦੇ ਨਾ ਬਣਨ। ਅਲਬਰਟ ਕੇਮਸ ਅਗਲੀ ਖ਼ਬਰ ਦੱਖਣ ਭਾਰਤ ਦੇ ਚੋਟੀ ਦੇ 5 ਮਰਦ ਅਦਾਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।