01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦੱਖਣ ਭਾਰਤ ਦੇ ਚੋਟੀ ਦੇ 5 ਮਰਦ ਅਦਾਕਾਰ

ਅਜੀਤ ਡੈਸਕ 18-06-2025

ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸਿਨੇਮਾ ਦੀ ਦੱਖਣ ਭਾਰਤ ਦੀ ਫ਼ਿਲਮ ਸਨਅਤ ਨੇ ਹਾਲ ਦੇ ਸਾਲਾਂ ਵਿਚ ਨਾ ਸਿਰਫ਼ ਭਾਰਤ ਵਿਚ ਸਗੋਂ ਸੰਸਾਰ ਪੱਧਰ 'ਤੇ ਆਪਣੀ ਜ਼ਬਰਦਸਤ ਧਾਕ ਜਮਾਈ ਹੈ। ਦੱਖਣ ਭਾਰਤੀ ਫ਼ਿਲਮ ਸਨਅਤ ਵਿਚ ਕੰਮ ਕਰਨ ਵਾਲੇ ਅਦਾਕਾਰਾਂ ਦਾ ਰੁਝਾਨ ਅੱਜਕੱਲ੍ਹ ਬਾਲੀਵੁੱਡ ਐਕਟਰਾਂ ਤੋਂ ਕਿਤੇ ਜ਼ਿਆਦਾ ਨਜ਼ਰ ਆਉਣ ਲੱਗਾ ਹੈ। ਇਨ੍ਹਾਂ ਵਿਚੋਂ ਕੁਝ ਅਦਾਕਾਰ ਤਾਂ ਇਸ ਤਰ੍ਹਾਂ ਦੇ ਹਨ ਜੋ ਆਪਣੀ ਸ਼ਾਨਦਾਰ ਐਕਟਿੰਗ, ਹੁਨਰ, ਟਿਕਟ ਖਿੜਕੀ 'ਤੇ ਉਨ੍ਹਾਂ ਨੂੰ ਮਿਲ ਰਹੀ ਕਾਮਯਾਬੀ ਅਤੇ ਜ਼ਬਰਦਸਤ ਪ੍ਰਸੰਸਕ ਗਿਣਤੀ ਦੇ ਮਾਮਲੇ ਵਿਚ ਸ਼ਾਹਰੁਖ ਖਾਨ ਅਤੇ ਸਲਮਾਨ ਤੋਂ ਕਿਤੇ ਅੱਗੇ ਹਨ।
ਅੱਲੂ ਅਰਜਨ ਤੋਂ ਲੈ ਕੇ ਯਸ਼ ਵਰਗੇ ਪੈਨ ਇੰਡੀਆ ਸਟਾਰ, ਦੱਖਣ ਭਾਰਤ ਦੇ ਸਿਨੇਮਾ ਨੂੰ ਨਵੀਆਂ ਉੱਚਾਈਆਂ 'ਤੇ ਲੈ ਕੇ ਜਾ ਰਹੇ ਹਨ। ਇਨ੍ਹਾਂ ਦੀਆਂ ਫ਼ਿਲਮਾਂ ਹੁਣ ਦੱਖਣ ਭਾਰਤ ਦੀ ਸਰਹੱਦ ਤੋਂ ਬਾਹਰ ਨਿਕਲ ਕੇ ਨਾ ਸਿਰਫ਼ ਹਿੰਦੀ ਖੇਤਰ ਸਗੋਂ ਕੌਮਾਂਤਰੀ ਬਾਜ਼ਾਰਾਂ ਵਿਚ ਵੀ ਧੁੰਮਾਂ ਪਾ ਰਹੀਆਂ ਹਨ।
ਇਸ ਲੇਖ ਜ਼ਰੀਏ ਜਾਣਦੇ ਹਾਂ ਅੱਜ ਦੱਖਣ ਭਾਰਤ ਵਿਚ ਜ਼ਬਰਦਸਤ ਦਬਦਬਾ ਰੱਖਣ ਵਾਲੇ ਚੋਟੀ ਦੇ 5 ਅਦਾਕਾਰ ਕਿਹੜੇ-ਕਿਹੜੇ ਹਨ :
ਅੱਲੂ ਅਰਜੁਨ
8 ਅਪ੍ਰੈਲ, 1982 ਨੂੰ ਚੇਨਈ ਵਿਚ ਪੈਦਾ ਹੋਏ ਐਕਟਰ ਅੱਲੂ ਅਰਜੁਨ ਆਪਣੇ ਸਟਾਈਲਿਸ਼ ਦਿੱਖ, ਸ਼ਾਨਦਾਰ ਡਾਂਸ ਪੇਸ਼ਕਾਰੀ ਅਤੇ ਦਮਦਾਰ ਐਕਟਿੰਗ ਲਈ ਮਸ਼ਹੂਰ ਹੈ। ਉਸ ਦੀ ਫ਼ਿਲਮ 'ਪੁਸ਼ਪਾ : ਦ ਰਾਈਜ਼' ਨੇ 350 ਕਰੋੜ ਅਤੇ 'ਪੁਸ਼ਪਾ : ਦ ਰੂਲ' ਨੇ 1500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਸ ਫ਼ਿਲਮ ਫ੍ਰੈਂਚਾਈਜ਼ੀ ਵਿਚ 'ਸਾਮੀ ਸਾਮੀ' ਅਤੇ 'ਝੁਕਨੇ ਕਾ ਨਹੀਂ' ਵਰਗੇ ਡਾਇਲਾਗ ਨੇ ਅੱਲੂ ਅਰਜੁਨ ਨੂੰ ਨੌਜਵਾਨਾਂ ਦਾ ਸਭ ਤੋਂ ਵੱਧ ਚਹੇਤਾ ਐਕਟਰ ਬਣਾ ਦਿੱਤਾ ਹੈ। ਇਸ ਤੋਂ ਬਾਅਦ ਅੱਜਕੱਲ੍ਹ ਉਹ ਦੱਖਣ ਦੇ ਸਭ ਤੋਂ ਜ਼ਿਆਦਾ ਕਾਮਯਾਬ ਅਦਾਕਾਰਾਂ ਵਿਚੋਂ ਇਕ ਹੈ।
ਯਸ਼
8 ਜਨਵਰੀ, 1986 ਨੂੰ ਕਰਨਾਟਕ ਦੇ ਹਾਸਨ ਵਿਚ ਪੈਦਾ ਹੋਏ ਅਦਾਕਾਰ ਯਸ਼ ਦਾ ਐਕਸ਼ਨ ਸਟਾਈਲ ਅਤੇ ਸਕਰੀਨ ਪੇਸ਼ਕਸ਼ ਲਾਜਵਾਬ ਹੈ। ਉਸ ਦੀਆਂ ਮੁਖ ਫ਼ਿਲਮਾਂ ਵਿਚ 'ਕੇ.ਜੀ.ਐਫ. : ਚੈਪਟਰ 1', 'ਕੇ.ਜੀ.ਐਫ. : ਚੈਪਟਰ-2' ਸ਼ਾਮਿਲ ਹਨ। 'ਕੇ.ਜੀ.ਐਫ. : ਚੈਪਟਰ-2' ਨੇ 1250 ਕਰੋੜ ਦੀ ਜ਼ਬਰਦਸਤ ਕਮਾਈ ਕੀਤੀ ਸੀ।
ਇਸ ਸੀਰੀਜ਼ ਦੀਆਂ ਫ਼ਿਲਮਾਂ ਦੇ ਨਾਲ ਯਸ਼ ਨੇ ਕੰਨੜ ਸਿਨੇਮਾ ਨੂੰ ਸੰਸਾਰ ਪੱਧਰ 'ਤੇ ਪਛਾਣ ਦਿਵਾਈ। ਉਹ ਕੰਨੜ ਸਿਨੇਮਾ ਦੇ ਸਭ ਤੋਂ ਵੱਡੇ ਸਟਾਰ ਹਨ ਅਤੇ ਪੈਨ ਇੰਡੀਆ ਪੱਧਰ 'ਤੇ ਹਰਮਨਪਿਆਰੇ ਹਨ। ਉਸ ਦੀ ਅਗਲੀ ਫ਼ਿਲਮ 'ਟਾਕਸਿਕ' ਰਿਲੀਜ਼ ਹੋਣ ਵਾਲੀ ਹੈ।
ਪ੍ਰਭਾਸ
23 ਅਕਤੂਬਰ, 1979 ਨੂੰ ਚੇਨਈ ਵਿਚ ਪੈਦਾ ਹੋਏ ਪ੍ਰਭਾਸ ਨੂੰ 'ਬਾਹੂਬਲੀ', 'ਸਾਹੋ', 'ਰਾਧੇ ਸ਼ਿਆਮ', 'ਕਲਕੀ 2898 ਏ.ਡੀ.' ਵਰਗੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਖ਼ਾਸਕਰ 'ਬਾਹੂਬਲੀ' ਤੋਂ ਬਾਅਦ ਉਹ ਪੈਨ ਇੰਡੀਆ ਸਟਾਰ ਬਣ ਗਏ। ਉਸ ਦੀ ਫ਼ਿਲਮ 'ਕਲਕੀ 2898 ਏ.ਡੀ.' ਨੇ 1100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਜਿਸ ਨੇ ਉਸ ਨੂੰ 2024 ਦੇ ਸਭ ਤੋਂ ਸਫਲ ਅਭਿਨੇਤਾਵਾਂ ਵਿਚ ਸ਼ੁਮਾਰ ਕਰਾਇਆ। ਇਨ੍ਹੀਂ ਦਿਨੀਂ ਉਹ ਸੰਦੀਪ ਰੈਡੀ ਵਾਂਗਾ ਨਾਲ ਉਨ੍ਹਾਂ ਦੀ ਅਗਲੀ ਫ਼ਿਲਮ 'ਸਪਿਰਿਟ' ਨੂੰ ਲੈ ਕੇ ਚਰਚਾ ਵਿਚ ਹੈ।
ਵਿਜੈ ਥਲਾਪਤੀ
ਚੇਨਈ ਵਿਚ ਪੈਦਾ ਹੋਏ ਵਿਜੈ ਥਲਾਪਤੀ ਆਪਣੀ ਬਹੁਮੁਖੀ ਪ੍ਰਤਿਭਾ, ਡਾਂਸ ਅਤੇ ਐਕਸ਼ਨ ਲਈ ਜਾਣੇ ਜਾਂਦੇ ਹਨ। ਰਜਨੀਕਾਂਤ ਤੋਂ ਬਾਅਦ ਉਹ ਤਾਮਿਲ ਸਿਨੇਮਾ ਦੇ ਸਭ ਤੋਂ ਵੱਡੇ ਸਟਾਰਾਂ ਵਿਚੋਂ ਇਕ ਹਨ। 'ਮਾਸਟਰ', 'ਬੀਸਟ', 'ਵਰਿਸੂ' ਜਾਂ ਫਿਰ 'ਲੀਓ' ਉਸ ਦੀ ਚਾਹੇ ਕੋਈ ਵੀ ਫ਼ਿਲਮ ਹੋਵੇ, ਉਹ ਟਿਕਟ ਖਿੜਕੀ 'ਤੇ ਰਿਕਾਰਡ ਜ਼ਰੂਰ ਤੋੜਦੀ ਹੈ।
ਵਿਜੈ ਦੀ ਫ਼ਿਲਮ 'ਲਿਓ' ਨੇ 600 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਪਿਛਲੇ ਸਾਲ ਦੀ ਉਸ ਦੀ ਫ਼ਿਲਮ 'ਦ ਗੋਟ' ਵੀ ਜ਼ਬਰਦਸਤ ਹਿਟ ਰਹੀ ਸੀ। ਹਾਲ ਹੀ ਵਿਚ ਵਿਜੈ ਨੇ ਰਾਜਨੀਤੀ ਵਿਚ ਕਦਮ ਰੱਖਿਆ ਹੈ। ਇਸ ਤੋਂ ਬਾਅਦ ਉਸ ਦੀ ਹਰਮਨਪਿਆਰਤਾ ਵਿਚ ਜ਼ਬਰਦਸਤ ਉਛਾਲ ਆਇਆ ਹੈ।
ਮਹੇਸ਼ ਬਾਬੂ
9 ਅਗਸਤ, 1975 ਨੂੰ ਚੇਨਈ ਵਿਚ ਪੈਦਾ ਹੋਏ ਐਕਟਰ ਮਹੇਸ਼ ਬਾਬੂ ਆਪਣੀ ਸੁੰਦਰ ਦਿੱਖ ਅਤੇ ਦਮਦਾਰ ਅਭਿਨੈ ਲਈ ਮਸ਼ਹੂਰ ਹੈ। ਤੇਲਗੂ ਸਿਨੇਮਾ ਦੇ 'ਪ੍ਰਿੰਸ' ਕਹੇ ਜਾਣ ਵਾਲੇ ਮਹੇਸ਼ ਬਾਬੂ ਦੀ ਪ੍ਰਸੰਸਕਾਂ ਦੀ ਗਿਣਤੀ ਬਹੁਤ ਵੱਡੀ ਹੈ। ਉਸ ਦੀਆਂ ਵਰਨਣਯੋਗ ਫ਼ਿਲਮਾਂ ਵਿਚੋਂ 'ਪੋਕਰੀ', 'ਭਾਰਤ ਅਨੇ ਨੇਨੂ' ਅਤੇ 'ਸਰਕਾਰੂ ਵਾਰੀ ਪਾਟਾ' ਦੇ ਨਾਂਅ ਸ਼ਾਮਿਲ ਹਨ। ਫ਼ਿਲਮ 'ਸਰਕਾਰੂ ਵਾਰੀ ਪਾਟਾ' (2022) ਨੇ ਟਿਕਟ ਖਿੜਕੀ 'ਤੇ 180 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਮਹੇਸ਼ ਬਾਬੂ ਦੀਆਂ ਫ਼ਿਲਮਾਂ ਵਪਾਰਕ ਅਤੇ ਸਮਾਜਿਕ ਸੁਨੇਹਾ ਦੇਣ ਵਾਲੀਆਂ ਹੁੰਦੀਆਂ ਹਨ। ਇਨ੍ਹੀਂ ਦਿਨੀਂ ਉਹ ਐਸ.ਐਸ. ਰਾਜਾਮੌਲੀ ਨਾਲ ਉਨ੍ਹਾਂ ਦੀ ਅਗਲੀ ਫਿਮਲ 'ਐਸ.ਐਸ.ਐਮ.ਬੀ. 29' ਕਰ ਰਹੇ ਹਨ।

ਪਿਛਲੀ ਖ਼ਬਰ ਹਸੀਨ ਤੇ ਜ਼ਹੀਨ ਸ਼ਖ਼ਸੀਅਤ ਸੀ ਅਦਾਕਾਰਾ ਪ੍ਰਿਆ ਰਾਜਵੰਸ਼ ਅਗਲੀ ਖ਼ਬਰ ਦਿਵਿਆਂਕਾ ਤ੍ਰਿਪਾਠੀ ਬੜਾ ਨਾਂਅ ਕਮਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।