ਦਿਵਿਆਂਕਾ ਨੇ ਬਚਪਨ ਤੋਂ ਹੀ ਫ਼ੌਜੀ ਅਫ਼ਸਰ ਬਣਨ ਦਾ ਸੁਪਨਾ ਦੇਖ ਰੱਖਿਆ ਸੀ। 2003 ਵਿਚ ਦਿਵਿਆਂਕਾ ਨੇ 'ਮਿਸ ਬਿਊਟੀਫੁੱਲ ਸਕਿਨ' ਅਤੇ ਉਸ ਤੋਂ ਬਾਅਦ 2004 ਵਿਚ ਟੈਲੇਂਟ ਹੰਟ ਸ਼ੋਅ 'ਦ ਜ਼ੀ ਸਿਨੇਮਾ ਸਟਾਰਜ਼ ਖੋਜ' ਦੀ ਜੇਤੂ ਬਣੀ। ਇਸ ਤੋਂ ਬਾਅਦ ਉਹ ਟੀ.ਵੀ. ਸ਼ੋਅ 'ਵਿਰਾਸਤ' ਦੇ ਇਕ ਛੋਟੇ ਪਰ ਸਪੈਸ਼ਲ ਹਿੱਸੇ ਵਿਚ ਨਜ਼ਰ ਆਈ।
ਜ਼ੀ ਟੀ.ਵੀ. ਦੇ ਸ਼ੋਅ 'ਬਨੂੰ ਮੈਂ ਤੇਰੀ ਦੁਲਹਨ' ਵਰਗੇ ਸ਼ੋਆਂ ਤੋਂ ਦਿਵਿਆਂਕਾ ਦੀ ਪਛਾਣ ਬਣਨ ਲੱਗੀ। ਇਸ ਸ਼ੋਅ ਵਿਚ ਵਿਦਿਆ ਅਤੇ ਦਿਵਿਆ ਦੀ ਦੋਹਰੀ ਭੂਮਿਕਾ ਵਿਚ ਪੇਸ਼ਕਾਰੀ ਲਈ ਉਸ ਨੇ ਕਈ ਪੁਰਸਕਾਰ ਵੀ ਜਿੱਤੇ।
ਦਿਵਿਆਂਕਾ ਦੀ ਅਸਲੀ ਪਛਾਣ ਟੀ.ਵੀ. ਸੀਰੀਅਲ 'ਯੇ ਹੈਂ ਮੁਹੱਬਤੇਂ' ਤੋਂ ਮਿਲੀ। ਉਸ ਦਾ ਇਹ ਸ਼ੋਅ ਸੁਪਰਹਿਟ ਰਿਹਾ ਸੀ। ਇਸ ਸ਼ੋਅ ਵਿਚ ਉਸ ਵਲੋਂ ਨਿਭਾਏ ਗਏ ਡਾ. ਇਸ਼ਿਤਾ ਭੱਲਾ ਦੇ ਕਿਰਦਾਰ ਵਿਚ ਦਰਸ਼ਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਸੀ। ਇਸ ਸ਼ੋਅ ਜ਼ਰੀਏ ਉਹ ਘਰ-ਘਰ 'ਚ ਮਸ਼ਹੂਰ ਹੋ ਗਈ ਸੀ। ਦਿਵਿਆਂਕਾ ਤ੍ਰਿਪਾਠੀ ਨੇ ਛੋਟੇ ਪਰਦੇ 'ਤੇ ਬਹੁਤ ਨਾਂਅ ਕਮਾਉਣ ਤੋਂ ਬਾਅਦ ਫ਼ਿਲਮ 'ਲਾਲਾ ਹਰਦੌਲ' ਨਾਲ ਫ਼ਿਲਮ ਸਨਅਤ ਵਿਚ ਦਾਖਲ ਹੋਈ ਸੀ। ਵੈੱਬ ਸੀਰੀਜ਼ 'ਕੋਲਡ ਲੱਸੀ ਔਰ ਚਿਕਨ ਮਸਾਲਾ' ਜ਼ਰੀਏ ਉਸ ਨੇ ਓ.ਟੀ.ਟੀ. 'ਤੇ ਕਦਮ ਰੱਖਿਆ। ਇਕ ਘਰੇਲੂ ਔਰਤ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਿਤ ਪਿਛਲੇ ਸਾਲ ਦੀ ਵੈੱਬ ਸੀਰੀਜ਼ 'ਦ ਮੈਜਿਕ ਆਫ਼ ਸ਼ਿਰੀ' ਵਿਚ ਉਹ ਇਕ ਜਾਦੂਗਰਨੀ ਸ਼ਿਰੀ ਦੇ ਕਿਰਦਾਰ ਵਿਚ ਨਜ਼ਰ ਆਈ।
ਦਿਵਿਆਂਕਾ ਤ੍ਰਿਪਾਠੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੀ ਜੋੜੀ ਨੂੰ ਪ੍ਰਸੰਸਕ ਬਹੁਤ ਪਸੰਦ ਕਰਦੇ ਹਨ। ਦੋਵਾਂ ਦੀ ਪ੍ਰੇਮ ਕਹਾਣੀ ਟੀ.ਵੀ. ਸ਼ੋਅ 'ਯੇ ਹੈ ਮੁਹੱਬਤੇਂ' ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਇਸ ਸ਼ੋਅ ਵਿਚ ਦਿਵਿਆਂਕਾ ਮੁੱਖ ਭੂਮਿਕਾ ਵਿਚ ਸੀ। ਉਥੇ ਵਿਵੇਕ ਪੁਲਿਸ ਇੰਸਪੈਕਟਰ ਦੀ ਭੂਮਿਕਾ ਵਿਚ ਨਜ਼ਰ ਆਏ ਸਨ।
8 ਜੁਲਾਈ, 2016 ਨੂੰ ਦਿਵਿਆਂਕਾ ਅਤੇ ਵਿਵੇਕ ਨੇ ਭੁਪਾਲ ਵਿਚ ਵਿਆਹ ਕਰ ਲਿਆ ਸੀ। ਹਾਲ ਹੀ ਵਿਚ ਅਫ਼ਵਾਹਾਂ ਉੱਡੀਆਂ ਸਨ ਕਿ ਦੋਵੇਂ ਤਲਾਕ ਲੈਣ ਵਾਲੇ ਹਨ, ਜਿਨ੍ਹਾਂ 'ਤੇ ਵਿਵੇਕ ਦਹੀਆ ਨੇ ਕਿਹਾ ਕਿ ਇਹ ਅਫ਼ਵਾਹਾਂ ਹਨ।
ਦਿਵਿਆਂਕਾ ਤ੍ਰਿਪਾਠੀ ਬੜਾ ਨਾਂਅ ਕਮਾਇਆ
ਅਜੀਤ ਡੈਸਕ
18-06-2025