ਸਿੰਗਾਪੁਰ, 20 ਜੂਨ (ਏਜੰਸੀ)- ਭਾਰਤ ਦੇ ਤੀਰਅੰਦਾਜ਼ਾਂ ਕੋਲ ਏਸ਼ੀਆ ਕੱਪ ਦੇ ਦੂਸਰੇ ਪੜਾਅ 'ਚ 7 ਸੋਨ ਤਗਮੇ ਜਿੱਤਣ ਦਾ ਮੌਕਾ ਸੀ, ਪਰ 5 ਫ਼ਾਈਨਲ 'ਚ ਹਾਰਨ ਦੇ ਕਾਰਨ ਉਨ੍ਹਾਂ ਨੂੰ ਜ਼ਿਆਦਾਤਰ ਮੁਕਾਬਲੇ 'ਚ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। ਇਸ ਤਰ੍ਹਾਂ ਭਾਰਤ ਨੇ ਮੁਕਾਬਲੇ 'ਚ ਦੋ ਸੋਨ, ਛੇ ਚਾਂਦੀ ਤੇ ਇਕ ਕਾਂਸੀ ਸਮੇਤ 9 ਤਗਮੇ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤੀ ਖਿਡਾਰੀ ਜਿਸ ਤਰ੍ਹਾਂ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਖਿਡਾਰੀਆਂ ਤੋਂ ਹਾਰੇ, ਇਹ ਅਸਲ 'ਚ ਚਿੰਤਾਜਨਕ ਹੈ। ਕੁਆਲੀਫਿਕੇਸ਼ਨ ਰਾਉਂਡ ਤੋਂ ਬਾਅਦ ਚੋਟੀ ਦੀ ਦਰਜਾ ਪ੍ਰਾਪਤ ਪੁਰਸ਼ ਟੀਮ ਫਾਈਨਲ 'ਚ ਜਪਾਨ ਦੇ ਖਿਲਾਫ ਆਸਾਨੀ ਨਾਲ ਹਾਰ ਗਈ। ਵਿਸ਼ਣੂ ਚੌਧਰੀ, ਪਾਰਸ ਹੁੱਡਾ ਤੇ ਜੁਏਲ ਸਰਕਾਰ ਤਿੰਨਾਂ 'ਚੋਂ ਦੋ ਸੈੱਟਾਂ 'ਚ 50 ਦਾ ਅੰਕੜਾ ਛੂਹਣ 'ਚ ਅਸਫਲ ਰਹੇ ਤੇ ਸਿੱਧੇ ਸੈੱਟਾਂ 'ਚ 6-0 ਨਾਲ ਹਾਰ ਗਏ। ਰਿਕਰਵ ਮਿਸ਼ਰਿਤ ਟੀਮ ਦੀ ਵੀ ਇਹੋ ਕਹਾਣੀ ਰਹੀ। ਚੌਧਰੀ ਤੇ ਵੈਸ਼ਨਵੀ ਪਵਾਰ ਦੀ ਟੀਮ ਇੰਡੋਨੇਸ਼ੀਆ ਖਿਲਾਫ ਪੂਰੇ ਮੁਕਾਬਲੇ 'ਚ ਗਲਤੀਆਂ ਕਰਦੀ ਰਹੀ। ਜੇਕਰ ਰਿਕਰਵ ਵਰਗ ਦੇ ਨਤੀਜੇ ਨਿਰਾਸ਼ਾਜਨਕ ਰਹੇ ਤਾਂ ਕੰਪਾਉਂਡ ਵਰਗ 'ਚ ਭਾਰਤ ਨੇ ਦੋ ਸੋਨ ਤਗਮੇ ਜਿੱਤੇ।
ਭਾਰਤੀ ਤੀਰਅੰਦਾਜ਼ਾਂ ਨੇ 9 ਤਗਮਿਆਂ ਨਾਲ ਮੁਹਿੰਮ ਕੀਤੀ ਸਮਾਪਤ
ਅਜੀਤ ਡੈਸਕ
21-06-2025