ਸਿੱਖਾਂ ਅਤੇ ਯਹੂਦੀਆਂ ਦਾ ਡਾਟਾ ਰੱਖਣ ਲਈ ਮਤਾ ਪਾਸ
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬ੍ਰਮਿੰਘਮ ਸਿਟੀ ਕੌਂਸਲ ਇੰਗਲੈਂਡ ਦੀ ਪਹਿਲੀ ਅਜਿਹੀ ਸੰਸਥਾ ਬਣਨ ਵਾਲੀ ਹੈ ਜੋ ਵਸਨੀਕਾਂ ਤੋਂ ਡਾਟਾ ਇਕੱਠਾ ਕਰਦੇ ਸਮੇਂ ਸਿੱਖ ਅਤੇ ਯਹੂਦੀ ਪਛਾਣਾਂ ਨੂੰ ਮਾਨਤਾ ਦੇਵੇਗੀ । ਬ੍ਰਮਿੰਘਮ ਲੇਬਰ ਗਰੁੱਪ ਵਲੋਂ ਭਵਿੱਖ 'ਚ ਜਾਣਕਾਰੀ ਇਕੱਠੀ ਕਰਨ ਦੇ ਤਰੀਕੇ ਨੂੰ ਬਦਲਣ ਲਈ ਪੇਸ਼ ਕੀਤਾ ਗਿਆ ਇਕ ਮਤਾ ਕੌਂਸਲ ਮੀਟਿੰਗ ਵਿਚ ਪਾਸ ਕੀਤਾ ਗਿਆ ਹੈ । ਸ਼ਹਿਰ 'ਚ 30,000 ਤੋਂ ਵੱਧ ਸਿੱਖ ਨਿਵਾਸੀ ਅਤੇ 2,000 ਦੇ ਕਰੀਬ ਯਹੂਦੀ ਭਾਈਚਾਰਾ ਵੱਸਦਾ ਹੈ । ਲੇਬਰ ਗਰੁੱਪ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਕੌਂਸਲ ਨੂੰ ਆਪਣੇ ਭਾਈਚਾਰਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਵਿਤਕਰੇ ਨਾਲ ਨਜਿੱਠਣ ਵਿਚ ਮਦਦ ਕਰੇਗਾ । ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਸਿੱਖਾਂ ਅਤੇ ਯਹੂਦੀਆਂ ਨੂੰ 40 ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਤੌਰ 'ਤੇ ਨਸਲੀ ਸਮੂਹਾਂ ਵਜੋਂ ਮਾਨਤਾ ਦਿੱਤੀ ਹੋਈ ਹੈ, ਪਰ ਜਨਤਕ ਸੰਸਥਾਵਾਂ ਦੁਆਰਾ ਡਾਟਾ ਨਿਯਮਤ ਤੌਰ 'ਤੇ ਇਕੱਠਾ ਨਹੀਂ ਕੀਤਾ ਗਿਆ, ਜਿਸ ਕਾਰਨ ਨੀਤੀ ਘਾੜਿਆਂ ਲਈ ਯਹੂਦੀ ਅਤੇ ਸਿੱਖ 'ਅਣਦਿੱਖ' ਰਹਿ ਗਏ ਸੀ । ਇਹ ਮਤਾ ਕੌਂਸਲਰ ਜੈਮੀ ਟੈਨੈਂਟ ਦੁਆਰਾ ਲਿਆਂਦਾ ਗਿਆ ਅਤੇ ਕੌਂਸਲਰ ਰਿੰਕਲ ਸ਼ੇਰਗਿੱਲ ਨੇ ਇਸ ਦਾ ਸਮਰਥਨ ਕੀਤਾ ।